ਛੋਟਾ ਜਹਾਜ਼ ਤਬਾਹ, ਦੋ ਮੌਤਾਂ
ਕੈਲਗਰੀ- ਕੈਲਗਰੀ ਦੇ ਪੱਛਮ ਵਿਚ ਸਪਰਿੰਗ ਬੈਂਕ ਏਅਰਪੋਰਟ ਨੇੜੇ ਇਕ ਛੋਟਾ ਜਹਾਜ਼ ਤਬਾਹ ਹੋ ਗਿਆ, ਜਿਸ ਵਿਚ ਸਵਾਰ 2 ਵਿਅਕਤੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਈ.ਐਮ.ਐਸ ਦੇ ਬੁਲਾਰੇ ਸਟੂਅਰਟ ਬਰਾਈਡ ਔਕਸ ਅਨੁਸਾਰ ਸੂਚਨਾ ਮਿਲਣ 'ਤੇ 10 ਵਜੇ ਦੇ ਕਰੀਬ ਰਾਹਤ ਟੀਮ ਮੌਕੇ 'ਤੇ ਪੁੱਜੀ ਤਾਂ ਜਹਾਜ਼ ਦੇ ਮਲਬੇ ਵਿਚ ਪਏ 2 ਵਿਅਕਤੀਆਂ ਦੀ ਮੌਤ ਹੋ ਚੁੱਕੀ ਸੀ।
ਉਨ੍ਹਾਂ ਦੱਸਿਆ ਕਿ ਦੋ ਇੰਜਣਾਂ ਵਾਲੇ ਇਸ ਛੋਟੇ ਜਹਾਜ਼ ਦੀ ਵਰਤੋਂ ਸਿਖਲਾਈ ਦੇਣ ਲਈ ਜਾਂ ਸ਼ੌਕ ਵਜੋਂ ਉਡਾਨ ਭਰਨ ਲਈ ਕੀਤੀ ਜਾਂਦੀ ਹੈ। ਕਾਲਜ ਦੇ ਪ੍ਰਧਾਨ ਜੇਮੇ ਹੈਫਨਰ ਨੇ ਹਾਦਸੇ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਮਾਰੇ ਗਏ ਵਿਅਕਤੀਆਂ ਵਿਚ ਇਕ ਕਾਲਜ ਦਾ ਵਿਦਿਆਰਥੀ ਤੇ ਇਕ ਇੰਸਟਰੱਕਟਰ ਸੀ।
ਇਹ ਜਹਾਜ਼ ਸਪਰਿੰਗ ਬੈਂਕ ਏਅਰ ਟਰੇਨਿੰਗ ਕਾਲਜ ਦਾ ਸੀ। ਲੀ ਨੇ ਦੱਸਿਆ ਕਿ ਹਾਦਸੇ ਦਾ ਕਾਰਨ ਤੁਰੰਤ ਪਤਾ ਨਹੀਂ ਲੱਗ ਸਕਿਆ ਤੇ ਇਕ ਵਿਸ਼ੇਸ਼ ਟੀਮ ਹਾਦਸੇ ਦੀ ਜਾਂਚ ਕਰੇਗੀ।
ਟਰਾਂਸਪੋਰਟੇਸ਼ਨ ਸੇਫ਼ਟੀ ਬੋਰਡ ਕੈਨੇਡਾ ਦੇ ਅਧਿਕਾਰੀ ਜੋਨ ਲੀ ਨੇ ਦੱਸਿਆ ਕਿ ਜਹਾਜ਼ ਨੇ ਸਪਰਿੰਗ ਬੈਂਕ ਏਅਰਪੋਰਟ ਤੋਂ ਉਡਾਨ ਭਰੀ ਸੀ। ਉਡਾਨ ਭਰਨ ਦੇ ਕੁਝ ਹੀ ਮਿੰਟਾਂ ਬਾਅਦ ਹਾਦਸਾ ਵਾਪਰ ਗਿਆ ਤੇ ਜਹਾਜ਼ ਹਵਾਈ ਅੱਡੇ ਤੋਂ ਤਕਰੀਬਨ 1.5 ਕਿਲੋਮੀਟਰ ਦੂਰ ਜ਼ਮੀਨ 'ਤੇ ਡਿੱਗ ਗਿਆ ।