ਹਿੰਮਤ ਨਾਲ ਜਿੱਤੀ ਜ਼ਿੰਦਗੀ, 7 ਦਿਨ ਪੀਤਾ ਗੱਡੀ ਦੇ ਰੇਡੀਏਟਰ ਦਾ ਪਾਣੀ
ਐਂਜਿਲਾ ਨੇ ਦੱਸਿਆ ਕਿ ਇੱਕ ਜਾਨਵਰ ਤੋਂ ਬਚਣ ਦੌਰਾਨ ਉਸ ਦੀ ਜੀਪ ਕੰਟਰੋਲ ਤੋਂ ਬਾਹਰ ਹੋ ਗਈ ਤੇ ਚੋਟੀ ਤੋਂ ਹੇਠਾਂ ਫਸ ਗਈ। ਇਸ ਪਿੱਛੋਂ ਉਹ ਲਗਪਗ 8 ਦਿਨ ਉੱਥੇ ਫਸੀ ਰਹੀ ਤੇ ਇਸੇ ਦੌਰਾਨ ਉਸ ਨੇ ਜੀਪ ਦੇ ਰੇਡੀਏਟਰ ਦੀ ਪਾਣੀ ਪੀ-ਪੀ ਕੇ ਆਪਣੀ ਜਾਨ ਬਚਾਈ। (lmages- internet)
ਵਾਸ਼ਿੰਗਟਨ: ਅਮਰੀਕਾ ਵਿੱਚ ਕੈਲੀਫੋਰਨੀਆ ਤਟ ਕੋਲ ਇੱਕ ਚੋਟੀ ਹੇਠਾਂ ਭਿਆਨਕ ਹਾਦਸੇ ਦਾ ਸ਼ਿਕਾਰ ਹੋਈ ਔਰੇਗਨ ਦੀ ਮੁਟਿਆਰ ਨੇ ਆਪਣੇ ਦੁਰਘਟਨਾਗ੍ਰਸਤ ਵਾਹਨ ਦੇ ਰੇਡੀਏਟਰ ਦਾ ਪਾਣੀ ਪੀ ਕੇ 7 ਦਿਨਾਂ ਤਕ ਗੁਜ਼ਾਰਾ ਕੀਤਾ ਤੇ ਆਪਣੀ ਜਾਨ ਬਚਾਈ।
ਕਰੀਬ 200 ਫੁੱਟ ਉੱਟੀ ਚੋਟੀ ਦੇ ਥੱਲੇ ਦੁਰਘਟਨਾ ਦਾ ਸ਼ਿਕਾਰ ਹੋਈ ਕੁੜੀ ਨੂੰ 7 ਦਿਨਾਂ ਤਕ ਉਸ ਦੀ ਜੀਪ ਦੇ ਰੇਡੀਏਟਰ ਦੇ ਪਾਣੀ ’ਤੇ ਨਿਰਭਰ ਰਹਿਣਾ ਪਿਆ। ਹੈਰਾਨੀ ਵਾਲੀ ਗੱਲ ਹੈ ਕਿ ਉਹ ਉਸੀ ਪਾਣੀ ਆਸਰੇ ਜਿਊਂਦੀ ਰਹੀ।
ਸੂਤਰਾਂ ਨੇ ਦੱਸਿਆ ਕਿ ਜਦੋਂ ਉਹ ਮਿਲੀ ਤਾਂ ਉਹ ਹੋਸ਼ ਵਿੱਚ ਸੀ, ਸਾਹ ਲੈ ਰਹੀ ਸੀ ਤੇ ਉਸ ਦੇ ਮੌਢੇ ’ਤੇ ਸੱਟ ਲੱਗੀ ਹੋਈ ਸੀ। ਬਚਾਅ ਕਰਮੀਆਂ ਨੇ ਉਸ ਨੂੰ ਬਾਹਰ ਕੱਢ ਲਿਆ ਹੈ।
ਕੁੜੀ ਨੂੰ ਆਖਰੀ ਵਾਰ 6 ਜੁਲਾਈ ਨੂੰ ਰਾਜਮਾਰਗ-1 ਤੋਂ 50 ਮੀਲ ਉੱਤਰ ਵਿੱਚ ਕਾਰਮੇਲ ਗੈਸ ਸਟੇਸ਼ਨ ’ਤੇ ਉਸ ਦੀ ਜੀਪ ਨਾਲ ਵੇਖਿਆ ਗਿਆ ਸੀ। ਉਸ ਤੋਂ ਬਾਅਦ ਉਹ ਲਾਪਤਾ ਹੋ ਗਈ ਸੀ। ਉਸ ਦੇ ਲਾਪਤਾ ਹੋਣ ਸਬੰਧੀ ਪ੍ਰਸ਼ਾਸਨ ਕਾਫੀ ਚਿੰਤਤ ਸੀ।
ਉਸ ਨੂੰ ਹੈਲੀਕਾਪਟਰ ਦੁਆਰਾ ਨੇੜਲੇ ਹਸਪਤਾਲ ਲਿਜਾਇਆ ਗਿਆ। ਕੁੜੀ ਹੁਣ ਖਤਰੇ ਤੋਂ ਬਾਹਰ ਹੈ ਪਰ ਅਜਿਹਾ ਲੱਗਦਾ ਹੈ ਕਿ ਇਸ ਘਟਨਾ ਨਾਲ ਉਸ ਨੂੰ ਗਹਿਰਾ ਸਦਮਾ ਲੱਗਾ ਹੈ।
ਅਧਿਕਾਰੀਆਂ ਮੁਤਾਬਕ ਪੋਰਟਲੈਂਡ ਨਿਵਾਸੀ ਐਂਜਿਲਾ ਹਰਨਾਂਡੇਜ਼ (23) ਨੂੰ ਇੱਕ ਯਾਤਰੀ ਨੇ ਸ਼ੁੱਕਰਵਾਰ ਸ਼ਾਮੀਂ ਵੇਖਿਆ ਸੀ। ਉਸ ਨੇ ਦੇਖਿਆ ਕਿ ਐਂਜਿਲਾ ਦੀ ਜੀਪ ਬਿਗ ਸੁਰ ਇਲਾਕੇ ਵਿੱਚ 200 ਫੁੱਟ ਉੱਟੀ ਚੋਟੀ ਦੇ ਥੱਲੇ ਫਸੀ ਹੋਈ ਹੈ।