ਪਵਨਪ੍ਰੀਤ ਕੌਰ ਦੀ ਰਿਪੋਰਟ

ਚੰਡੀਗੜ੍ਹ: ਅਮਰੀਕਾ 'ਚ 48 ਸਾਲ ਪਹਿਲਾਂ ਇੱਕ ਰਹੱਸਮਈ ਵਿਅਕਤੀ ਹਵਾ 'ਚ ਗਾਇਬ ਹੋ ਗਿਆ। ਇਹ ਮਾਮਲਾ 1971 ਦਾ ਹੈ। ਸੂਟ-ਬੂਟ ਪਾਏ ਆਦਮੀ ਹੱਥ 'ਚ ਕਾਲਾ ਬੈਗ ਲੈ ਕੇ ਅਮਰੀਕੀ ਏਅਰਪੋਰਟ ਪਹੁੰਚਿਆ। ਉੱਥੇ ਉਹ ਕਾਊਂਟਰ 'ਤੇ ਗਿਆ ਤੇ ਸੀਏਟਲ ਲਈ ਉਡਾਣ ਦੀ ਟਿਕਟ ਲਈ। ਉੱਥੇ ਉਸ ਨੇ ਆਪਣਾ ਨਾਂ ਡੈਨ ਕੂਪਰ ਕਿਹਾ, ਜੋ ਉਸ ਦਾ ਅਸਲੀ ਨਾਂ ਨਹੀਂ ਸੀ। ਉਹ ਅੱਜ ਵੀ ਡੀਬੀ ਕੂਪਰ ਵਜੋਂ ਜਾਣਿਆ ਜਾਂਦਾ ਹੈ।


ਜਿਵੇਂ ਹੀ ਜਹਾਜ਼ ਨੇ ਏਅਰਪੋਰਟ ਤੋਂ ਉਡਾਣ ਭਰੀ, ਡੀਬੀ ਕੂਪਰ ਨੇ ਆਪਣਾ ਕੰਮ ਸ਼ੁਰੂ ਕਰ ਦਿੱਤਾ। ਕੂਪਰ ਨੇ ਫਲਾਈਟ ਅਟੈਂਡੈਂਟ ਨੂੰ ਕਾਗਜ਼ ਦਾ ਟੁਕੜਾ ਦਿੱਤਾ। ਸੇਵਾਦਾਰ ਨੇ ਉਹ ਪੇਪਰ ਲਿਆ, ਪਰ ਜਦੋਂ ਉਸ ਨੇ ਇਹ ਪੜ੍ਹਿਆ ਤਾਂ ਉਹ ਹੈਰਾਨ ਰਹਿ ਗਈ।


ਦਰਅਸਲ ਕਾਗਜ਼ ਦੇ ਉਸ ਟੁਕੜੇ 'ਤੇ ਲਿਖਿਆ ਸੀ, 'ਮੇਰੇ ਕੋਲ ਬੰਬ ਹੈ'। ਕੂਪਰ ਨੇ ਫਲਾਈਟ ਦੇ ਸੇਵਾਦਾਰ ਨੂੰ ਆਪਣਾ ਬੈਗ ਖੋਲ੍ਹ ਕੇ ਵੀ ਦਿਖਾਇਆ, ਜਿਸ ਵਿੱਚ ਅਸਲ ਵਿੱਚ ਬੰਬ ਸੀ। ਇਸ ਤੋਂ ਬਾਅਦ ਕੂਪਰ ਨੇ ਉਸ ਨੂੰ ਆਪਣੀਆਂ ਸਾਰੀਆਂ ਸ਼ਰਤਾਂ ਦੱਸੀਆਂ ਤੇ ਕਿਹਾ ਕਿ ਜਹਾਜ਼ ਨੂੰ ਨਜ਼ਦੀਕੀ ਹਵਾਈ ਅੱਡੇ 'ਤੇ ਉਤਾਰਿਆ ਜਾਵੇ ਤੇ ਇਸ ਨੂੰ ਰਿਫਿਊਲ ਕੀਤਾ ਜਾਵੇ। ਇਸ ਦੇ ਨਾਲ ਉਸ ਨੇ ਦੋ ਲੱਖ ਡਾਲਰ (ਅੱਜ ਦੇ ਅਨੁਸਾਰ ਲਗਪਗ ਇੱਕ ਕਰੋੜ 36 ਲੱਖ ਰੁਪਏ) ਤੇ ਚਾਰ ਪੈਰਾਸ਼ੂਟ ਦੀ ਮੰਗ ਕੀਤੀ।


ਕੂਪਰ ਦੀਆਂ ਮੰਗਾਂ ਸੁਣਦਿਆਂ ਉਡਾਣ ਸੇਵਾਦਾਰ ਸਿੱਧੇ ਪਾਇਲਟ ਕੋਲ ਗਈ ਤੇ ਉਸ ਨੂੰ ਸਾਰੀ ਗੱਲ ਦੱਸੀ। ਫਿਰ ਪਾਇਲਟ ਨੇ ਤੁਰੰਤ ਸੀਏਟਲ ਦੇ ਹਵਾਈ ਟ੍ਰੈਫਿਕ ਕੰਟਰੋਲ ਨੂੰ ਜਹਾਜ਼ ਦੇ ਹਾਈਜੈਕ ਤੇ ਕੂਪਰ ਦੀਆਂ ਮੰਗਾਂ ਬਾਰੇ ਦੱਸਿਆ। ਫਿਰ ਕੀ, ਹਰ ਪਾਸੇ ਹਫੜਾ-ਦਫੜੀ ਮੱਚ ਗਈ। ਇਸ ਦੀ ਜਾਣਕਾਰੀ ਪੁਲਿਸ ਤੋਂ ਐਫਬੀਆਈ ਨੂੰ ਦਿੱਤੀ ਗਈ।


ਹਾਲਾਂਕਿ ਯਾਤਰੀਆਂ ਦੀ ਜਾਨ ਨੂੰ ਖ਼ਤਰਾ ਸੀ, ਅਮਰੀਕੀ ਸਰਕਾਰ ਨੇ ਉਸ ਦੀਆਂ ਮੰਗਾਂ ਮੰਨ ਲਈਆਂ ਤੇ 20 ਲੱਖ ਡਾਲਰ ਨਾਲ ਭਰੇ ਬੈਗ ਉਸ ਨੂੰ ਜਹਾਜ਼ ਵਿੱਚ ਦੇ ਦਿੱਤੇ ਗਏ, ਪਰ ਇਸ ਤੋਂ ਪਹਿਲਾਂ ਐਫਬੀਆਈ ਨੇ ਉਨ੍ਹਾਂ ਨੋਟਾਂ ਦੇ ਨੰਬਰ ਨੋਟ ਕੀਤੇ ਤਾਂ ਕਿ ਹਾਈਜੈਕ ਕਰਨ ਵਾਲੇ ਨੂੰ ਫੜਿਆ ਜਾ ਸਕੇ।




ਕਿਸੇ ਨੂੰ ਵੀ ਇਸ ਗੱਲ ਦਾ ਕੋਈ ਅੰਦਾਜ਼ਾ ਨਹੀਂ ਸੀ ਕਿ ਕੂਪਰ ਦੀ ਅਸਲ ਖੇਡ ਅਜੇ ਬਾਕੀ ਹੈ। ਦਰਅਸਲ, ਜਦੋਂ ਕੂਪਰ ਦੀਆਂ ਸਾਰੀਆਂ ਮੰਗਾਂ ਪੂਰੀਆਂ ਹੋਈਆਂ, ਤਾਂ ਉਸ ਨੇ ਪਾਇਲਟ ਨੂੰ ਜਹਾਜ਼ ਉਡਾਣ ਲਈ ਕਿਹਾ। ਰਾਤ ਸੀ ਤੇ ਉਸ ਨੇ ਪਾਇਲਟ ਨੂੰ ਮੈਕਸੀਕੋ ਲਿਜਾਣ ਲਈ ਕਿਹਾ। ਦੂਜੇ ਪਾਸੇ, ਅਮਰੀਕਨ ਏਅਰ ਫੋਰਸ ਨੇ ਵੀ ਆਪਣੇ ਦੋ ਜਹਾਜ਼ ਇਸ ਦੇ ਪਿੱਛੇ ਰੱਖੇ, ਤਾਂ ਕਿ ਕੂਪਰ ਨੂੰ ਲੈਂਡਿੰਗ ਕਰਦੇ ਸਮੇਂ ਫੜਿਆ ਜਾ ਸਕੇ।


ਜਹਾਜ਼ ਅਜੇ ਹਵਾ 'ਚ ਹੀ ਸੀ ਕਿ ਕੂਪਰ ਨੇ ਸਾਰਿਆਂ ਨੂੰ ਪਾਇਲਟ ਰੂਮ 'ਚ ਜਾਣ ਲਈ ਕਿਹਾ। ਉਸ ਨੇ ਇਹ ਵੀ ਹਦਾਇਤ ਕੀਤੀ ਕਿ ਦਰਵਾਜ਼ਾ ਅੰਦਰੋਂ ਬੰਦ ਰੱਖਿਆ ਜਾਵੇ। ਇਸ ਤੋਂ ਥੋੜ੍ਹੀ ਦੇਰ ਬਾਅਦ, ਪਾਇਲਟ ਨੂੰ ਹਵਾਈ ਜਹਾਜ਼ 'ਚ ਹਵਾ ਦੇ ਦਬਾਅ 'ਚ ਅੰਤਰ ਦਾ ਅਹਿਸਾਸ ਹੋਇਆ। ਜਦੋਂ ਸਹਿ ਪਾਇਲਟ ਬਾਹਰ ਗਿਆ ਤੇ ਦੇਖਿਆ ਕਿ ਜਹਾਜ਼ ਦਾ ਦਰਵਾਜ਼ਾ ਖੁੱਲ੍ਹਾ ਸੀ। ਉਸ ਨੇ ਤੁਰੰਤ ਦਰਵਾਜਾ ਬੰਦ ਕਰ ਦਿੱਤਾ ਤੇ ਪੂਰੇ ਜਹਾਜ਼ ਦੇ ਅੰਦਰ ਕੂਪਰ ਨੂੰ ਲੱਭਿਆ, ਪਰ ਕੁਝ ਵੀ ਨਹੀਂ ਮਿਲਿਆ। ਉਹ ਹਵਾਈ ਜਹਾਜ਼ ਤੋਂ ਹੇਠਾਂ ਕੁੱਦ ਗਿਆ ਸੀ।




ਜਦੋਂ ਜਹਾਜ਼ ਏਅਰਪੋਰਟ 'ਤੇ ਪਹੁੰਚਿਆ, ਇਹ ਚਾਰੇ ਪਾਸਿਓਂ ਘਿਰਿਆ ਹੋਇਆ ਸੀ। ਸਾਰਿਆਂ ਨੇ ਸੋਚਿਆ ਕਿ ਕੂਪਰ ਹੁਣ ਫੜ੍ਹਿਆ ਜਾਵੇਗਾ ਪਰ ਉਹ ਪਹਿਲਾਂ ਹੀ ਭੱਜ ਗਿਆ ਸੀ। ਕੂਪਰ ਨੇ ਜਦੋਂ ਅਜਿਹਾ ਕੀਤਾ ਤਾਂ ਇਹ ਜਾਣ ਕੇ ਹਰ ਕੋਈ ਹੈਰਾਨ ਸੀ। ਇਥੋਂ ਤਕ ਕਿ ਉਸ ਏਅਰਕ੍ਰਾਫਟ ਦੇ ਨਾਲ ਚੱਲ ਰਹੇ ਅਮਰੀਕੀ ਏਅਰਫੋਰਸ ਦੇ ਜਹਾਜ਼ ਦੇ ਪਾਇਲਟਾਂ ਨੂੰ ਵੀ ਇਸ ਬਾਰੇ ਕੁਝ ਪਤਾ ਨਹੀਂ ਸੀ। ਕੂਪਰ ਨੂੰ ਹਰ ਜਗ੍ਹਾ ਲੱਭਿਆ ਗਿਆ ਸੀ, ਪਰ ਉਹ ਅੱਜ ਤੱਕ ਕਿਸੇ ਨੂੰ ਨਹੀਂ ਮਿਲਿਆ।