ਸਾਨ ਫ਼੍ਰਾਂਸਿਸਕੋ: ਇੱਥੇ ਇੱਕ ਹੈਰਾਨਕੁਨ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਔਰਤ ਯਾਤਰੀ ਨੇ ਆਪਣੇ ਦੋ ਦੋਸਤਾਂ ਨਾਲ ਮਿਲ ਕੇ ‘ਉਬਰ’ ਦੇ ਡ੍ਰਾਇਵਰ ਨੂੰ ਬਹੁਤ ਪ੍ਰੇਸ਼ਾਨ ਕੀਤਾ। ਡ੍ਰਾਇਵਰ ਨੂੰ ਗਾਲ਼ ਕੱਢੀ ਗਈ। ਔਰਤ ਨੇ ਅਜਿਹਾ ਇਸ ਲਈ ਕੀਤਾ ਕਿਉਂਕਿ ਡਰਾਈਵਰ ਨੇ ਉਸ ਨੂੰ ਮਾਸਕ ਪਹਿਨਣ ਲਈ ਬੋਲਿਆ ਸੀ। ਤਦ ਔਰਤ ਨੂੰ ਗੁੱਸਾ ਆ ਗਿਆ ਤੇ ਉਸ ਨੇ ਡਰਾਈਵਰ ਦੇ ਚਿਹਰੇ ਉੱਤੇ ਉੱਚੀ-ਉੱਚੀ ਖੰਘਣਾ ਸ਼ੁਰੂ ਕਰ ਦਿੱਤਾ ਤੇ ਫਿਰ ਉਸ ਦਾ ਮਾਸਕ ਵੀ ਲਾਹ ਦਿੱਤਾ।
ਉਸ ਔਰਤ ਦੇ ਦੋਸਤ ਵੀ ਖ਼ੁਦ ਨੂੰ ਕੋਵਿਡ-ਪੌਜ਼ੇਟਿਵ ਦੱਸ ਕੇ ਡਰਾਈਵਰ ਦਾ ਮਜ਼ਾਕ ਉਡਾਉਣ ਲੱਗੇ। ਇਹ ਸਾਰੀ ਬਦਤਮੀਜ਼ੀ ਕੈਮਰੇ ’ਚ ਰਿਕਾਰਡ ਹੋ ਗਈ। ਇੱਕ ਪੱਤਰਕਾਰ ਡਾਯੋਨ ਲਿਮ ਨੇ ਇਸ ਨੂੰ ਅੱਗੇ ਟਵਿਟਰ ਉੱਤੇ ਸ਼ੇਅਰ ਕਰ ਦਿੱਤਾ, ਜਿਸ ਨੂੰ ਹੁਣ ਤੱਕ 23 ਲੱਖ ਤੋਂ ਵੱਧ ਵਾਰ ਵੇਖਿਆ ਜਾ ਚੁੱਕਾ ਹੈ।
ਪੁਲਿਸ ਹੁਣ ਇਸ ਘਟਨਾ ਦੀ ਜਾਂਚ ਕਰ ਰਹੀ ਹੈ ਤੇ ਛੇਤੀ ਹੀ ਤਿੰਨ ਯਾਤਰੀਆਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਉਬਰ ਦੇ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਆਪਣੀ ਐਪ ਤੋਂ ਉਸ ਔਰਤ ਯਾਤਰੀ ਸਮੇਤ ਉਸ ਦੇ ਸਾਥੀਆਂ ਨੂੰ ਸਦਾ ਲਈ ‘ਬੈਨ’ ਕਰ ਦਿੱਤਾ ਹੈ।
ਦਰਅਸਲ, ਕੋਰੋਨਾ ਵਾਇਰਸ ਦੀ ਮਹਾਮਾਰੀ ਨੂੰ ਹੋਰ ਫੈਲਣ ਤੋਂ ਰੋਕਣ ਲਈ ਸਰਕਾਰ ਨੇ ਮਾਸਕ ਪਹਿਨ ਕੇ ਯਾਤਰਾ ਕਰਨ ਦੀ ਹਦਾਇਤ ਜਾਰੀ ਕੀਤੀ ਸੀ ਤੇ ਉਬਰ ਨੇ ਵੀ ਯਾਤਰੀਆਂ ਲਈ ਮਾਸਕ ਲਾਜ਼ਮੀ ਕਰਾਰ ਦਿੱਤਾ ਸੀ।
32 ਸਾਲਾ ਪੀੜਤ ਡਰਾਈਵਰ ਨੇ ਦੱਸਿਆ ਕਿ ਇਸ ਬਦਤਮੀਜ਼ੀ ਤੋਂ ਬਾਅਦ ਜਦੋਂ ਸਾਰੀ ਯਾਤਰੀ ਕਾਰ ’ਚੋਂ ਬਾਹਰ ਨਿੱਕਲਣ ਲੱਗੇ, ਤਾਂ ਉਨ੍ਹਾਂ ਵਿੱਚੋਂ ਇੱਕ ਨੇ ਖਿੜਕੀ ਰਾਹੀਂ ਗੱਡੀ ਦੇ ਅੰਦਰ ਪੀਸੀਆਂ ਮਿਰਚਾਂ ਦਾ ਛਿੜਕਾਅ ਕੀਤਾ; ਜਿਸ ਨਾਲ ਡਰਾਈਵਰ ਦਾ ਦਮ ਘੁੱਟਣ ਲੱਗਾ ਤੇ ਉਸ ਨੂੰ ਸਾਹ ਲੈਣ ਵਿੱਚ ਔਖ ਹੋਈ।
ਇਹ ਵੀ ਪੜ੍ਹੋ: ਪ੍ਰਿਯੰਕਾ ਚੋਪੜਾ ਨੇ ਵੀਡੀਓ ਸ਼ੇਅਰ ਕਰ ਦਿੱਤੀ ਖੁਸ਼ਖਬਰੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904