Amritsar News: ਗੁਰਦੁਆਰਾ ਚੋਣ ਕਮਿਸ਼ਨ ਵੱਲੋਂ ਸ਼੍ਰੋਮਣੀ ਕਮੇਟੀ ਦੀਆਂ ਅਗਾਮੀ ਚੋਣਾਂ ਲਈ ਵੋਟਰ ਬਣਾਉਣ ਲਈ ਤੈਅ ਸਮਾਂ-ਸੀਮਾ ਅੱਜ ਖਤਮ ਹੋ ਰਹੀ ਹੈ ਪਰ ਹੁਣ ਤਕ ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਲਈ ਵੋਟਰ ਫਾਰਮ ਭਰਨ ਨੂੰ ਮੱਠਾ ਹੁੰਗਾਰਾ ਮਿਲਿਆ ਹੈ। ਗੁਰਦੁਆਰਾ ਚੋਣ ਕਮਿਸ਼ਨ ਵੱਲੋਂ ਜਾਰੀ ਸ਼ਡਿਊਲ ਅਨੁਸਾਰ ਯੋਗ ਉਮੀਦਵਾਰ 21 ਅਕਤੂਬਰ ਤੋਂ 15 ਨਵੰਬਰ ਤੱਕ ਵੋਟਰ ਬਣਨ ਖਾਤਰ ਅਰਜ਼ੀਆਂ ਦੇ ਸਕਦੇ ਹਨ। ਵੋਟਰ ਬਣਨ ਦੀ ਪ੍ਰਕਿਰਿਆ ਨੂੰ ਮੱਠੇ ਹੁੰਗਾਰੇ ਦਾ ਇੱਕ ਕਾਰਨ ਇਹ ਸ਼ਰਤ ਵੀ ਦੱਸੀ ਗਈ ਕਿ ਬਿਨੈਕਾਰ ਨੂੰ ਫਾਰਮ ਜਮ੍ਹਾਂ ਕਰਵਾਉਣ ਲਈ ਖੁਦ ਹਾਜ਼ਰ ਹੋਣਾ ਪੈਂਦਾ ਹੈ।
ਮਿਲੇ ਵੇਰਵਿਆ ਮੁਤਾਬਕ ਅੰਮ੍ਰਿਤਸਰ ਵਿੱਚ 13 ਨਵੰਬਰ ਤੱਕ ਸਿਰਫ਼ 12,852 ਅਰਜ਼ੀਆਂ ਪ੍ਰਾਪਤ ਹੋਈਆਂ ਸਨ, ਜਿਨ੍ਹਾਂ ਵਿੱਚ 10,317 ਜਨਰਲ ਸ਼੍ਰੇਣੀ ਤੇ 2,535 ਅਨੁਸੂਚਿਤ ਜਾਤੀ (ਐਸਸੀ) ਸ਼੍ਰੇਣੀ ਅਧੀਨ ਹਨ। ਇਸੇ ਤਰ੍ਹਾਂ ਹੋਰਨਾਂ ਜ਼ਿਲ੍ਹਿਆਂ ਵਿੱਚ ਵੀ ਕਾਫ਼ੀ ਘੱਟ ਅਰਜ਼ੀਆਂ ਪ੍ਰਾਪਤ ਹੋਈਆਂ ਹਨ। ਅੰਕੜਿਆਂ ਅਨੁਸਾਰ 10 ਨਵੰਬਰ ਤੱਕ ਲੁਧਿਆਣਾ ਵਿੱਚ ਸਭ ਤੋਂ ਵੱਧ 18,928 ਅਰਜ਼ੀਆਂ ਪ੍ਰਾਪਤ ਹੋਈਆਂ ਜਦੋਂਕਿ ਸਭ ਤੋਂ ਘੱਟ ਦਰਖਾਸਤਾਂ ਸ਼ਹੀਦ ਭਗਤ ਸਿੰਘ ਨਗਰ ਵਿੱਚ ਪ੍ਰਾਪਤ ਹੋਈਆਂ, ਜਿੱਥੇ ਸਿਰਫ਼ 585 ਵੋਟਰ ਫਾਰਮ ਭਰੇ ਗਏ ਹਨ।
ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਸਿਰਫ਼ 6994 ਵੋਟਰ ਹੀ ਫਾਰਮ ਜਮ੍ਹਾਂ ਕਰਵਾ ਸਕੇ ਹਨ। ਬਠਿੰਡਾ ਤੋਂ 14,317 ਤੇ ਸੰਗਰੂਰ ਤੋਂ 11,586 ਫਾਰਮ ਪ੍ਰਾਪਤ ਹੋਏ। ਮੋਗਾ 9,514, ਤਰਨ ਤਾਰਨ 7,019, ਹੁਸ਼ਿਆਰਪੁਰ 6,994, ਬਰਨਾਲਾ 5,327, ਗੁਰਦਾਸਪੁਰ 4,759, ਫਰੀਦਕੋਟ 4,714, ਮਾਨਸਾ 3,381, ਸ੍ਰੀ ਮੁਕਤਸਰ ਸਾਹਿਬ 3,214, ਪਠਾਨਕੋਟ 2,808 , ਰੂਪਨਗਰ 2,758, ਕਪੂਰਥਲਾ 1,993, ਮੁਹਾਲੀ 1,937, ਫਾਜ਼ਿਲਕਾ 1,911 ਤੇ ਜਲੰਧਰ 648 ਵੋਟਰ ਫਾਰਮ ਭਰੇ ਗਏ ਹਨ, ਜੋ ਕਿ ਬਹੁਤ ਘੱਟ ਹਨ।
ਦੱਸ ਦਈਏ ਕਿ ਸ਼ੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਸਣੇ ਸਿੱਖ ਵਫ਼ਦ ਬੀਤੇ ਦਿਨ ਗੁਰਦੁਆਰਾ ਚੋਣ ਕਮਿਸ਼ਨਰ ਜਸਟਿਸ (ਸੇਵਾਮੁਕਤ) ਐਸਐਸ ਸਾਰੋਂ ਨੂੰ ਮਿਲਿਆ ਸੀ। ਸਿੱਖ ਵਫਦ ਨੇ ਰਜਿਸਟ੍ਰੇਸ਼ਨ ਪ੍ਰਕਿਰਿਆ ਨੂੰ ਸੁਖਾਲਾ ਬਣਾਉਣ ਅਤੇ ਇਸ ਦੀ ਸਮਾਂ ਸੀਮਾ ਵਧਾਉਣ ਦੀ ਮੰਗ ਕੀਤੀ ਸੀ। ਉਨ੍ਹਾਂ ਦੱਸਿਆ ਕਿ ਵਫ਼ਦ ਨੇ ਕਮਿਸ਼ਨਰ ਨੂੰ ਜਾਣੂ ਕਰਵਾਇਆ ਸੀ ਕਿ ਬਜ਼ੁਰਗਾਂ ਤੇ ਔਰਤਾਂ ਤੇ ਖਾਸ ਕਰਕੇ ਪੇਂਡੂ ਖੇਤਰਾਂ ਵਿੱਚ ਆਪਣੇ ਫਾਰਮ ਜਮ੍ਹਾਂ ਕਰਵਾਉਣ ਲਈ ਵੱਖਰੇ ਤੌਰ ’ਤੇ ਜਾਣਾ ਮੁਸ਼ਕਿਲ ਕਾਰਜ ਹੈ। ਇਸ ਲਈ ਉਹ ਸਮੂਹਿਕ ਤੌਰ ’ਤੇ ਫਾਰਮ ਸਵੀਕਾਰ ਕਰਨ ਲਈ ਨਿਰਦੇਸ਼ ਜਾਰੀ ਕਰਨ, ਜਿਵੇਂ ਕਿ ਪਹਿਲਾਂ ਹੁੰਦਾ ਸੀ।