YAD global membership drive : ਹੁਣ ਯੂਥ ਅਕਾਲੀ ਦਲ ਵਿੱਚ ਬਲਾਕ ਜਾਂ ਜ਼ਿਲ੍ਹਾ ਪ੍ਰਧਾਨ ਚੁਣਨ ਲਈ ਕਿਸੇ ਸਿਫਾਰਸ਼ ਦੀ ਲੋੜ ਨਹੀਂ ਪਵੇਗੀ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਨੌਜਵਾਨਾਂ ਨੂੰ ਜੋੜਨ ਲਈ ਆਨਲਾਈਨ ਡਰਾਈਵ ਸ਼ੁਰੂ ਕੀਤੀ ਹੈ। ਇਸ ਦੇ ਨਾਲ ਹੀ ਇਹ ਐਲਾਨ ਕੀਤਾ ਗਿਆ ਹੈ ਕਿ ਆਉਣ ਵਾਲੀਆਂ ਨਗਰ ਨਿਗਮ, ਨਗਰ ਕੌਂਸਲ ਅਤੇ ਪੰਚਾਇਤੀ ਚੋਣਾਂ ਵਿੱਚ ਨੌਜਵਾਨਾਂ ਨੂੰ 50 ਫੀਸਦੀ ਟਿਕਟਾਂ ਦਿੱਤੀਆਂ ਜਾਣਗੀਆਂ। 


ਲੁਧਿਆਣਾ ਵਿੱਚ ਯੂਥ ਅਕਾਲੀ ਦਲ ਦੀ ਰੈਲੀ ਨੂੰ  ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਯੂਥ ਅਕਾਲੀ ਦਲ ਦੀ ਵਿਸ਼ਵ ਭਰ ਵਿਚ ਭਰਤੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਕਾਲੀ ਦਲ ਨੇ ਫੈਸਲਾ ਲਿਆ ਹੈ ਕਿ ਨੌਜਵਾਨਾਂ ਨੂੰ ਸਾਰੇ ਅਹੁਦਿਆਂ ’ਤੇ 50 ਫੀਸਦੀ ਰਾਖਵਾਂਕਰਨ ਦਿੱਤਾ ਜਾਵੇਗਾ ਤੇ ਮੈਰਿਟ ਦੇ ਆਧਾਰ ’ਤੇ ਅਹੁਦੇ ਦਿੱਤੇ ਜਾਣਗੇ। 


ਉਹਨਾਂ ਕਿਹਾ ਕਿ ਜਿਹੜੇ ਨੌਜਵਾਨਾਂ ਦੀ ਸਿਫਾਰਸ਼ ਨਾਲ 250 ਮੈਂਬਰ ਭਰਤੀ ਕੀਤੇ ਜਾਣਗੇ ਉਹਨਾਂ ਨੂੰ ਯੂਥ ਡੈਲੀਗੇਟ ਨਿਯੁਕਤ ਕੀਤਾ ਜਾਵੇਗਾ। ਇਹ ਡੈਲੀਗੇਟ ਜ਼ਿਲ੍ਹਾ ਪ੍ਰਧਾਨਾਂ ਸਮੇਤ ਯੂਥ ਅਕਾਲੀ ਦਲ ਦੀ ਜਥੇਬੰਦੀ ਦੀ ਸਿਰਜਣਾ ਵਿਚ ਅਹਿਮ ਭੂਮਿਕਾ ਅਦਾ ਕਰਨਗੇ ਤੇ ਉਹੀ ਨੌਜਵਾਨ ਜ਼ਿਲ੍ਹਾ ਪ੍ਰਧਾਨ ਬਣਾਏ ਜਾਣਗੇ ਜੋ 2000 ਤੋਂ ਵੱਧ ਮੈਂਬਰ ਆਪਣੀ ਸਿਫਾਰਸ਼ ’ਤੇ ਬਣਵਾਉਣਗੇ।


ਉਹਨਾਂ ਕਿਹਾ ਕਿ ਇਹ ਭਰਤੀ ਮੁਹਿੰਮ ਇਸ ਸਾਲ 31 ਦਸੰਬਰ ਤੱਕ ਪੂਰੀ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਇਹ ਭਰਤੀ ਮੁਹਿੰਮ ਪੰਜਾਬ ਦੇ ਨਾਲ-ਨਾਲ ਵਿਦੇਸ਼ਾਂ ਵਿਚ ਵੀ ਚਲਾਈ ਜਾਵੇਗੀ ਤਾਂ ਜੋ ਸਾਰੇ ਦੇਸ਼ਾਂ ਜਿਥੇ ਪੰਜਾਬੀ ਵੱਡੀ ਗਿਣਤੀ ਵਿਚ ਰਹਿੰਦੇ ਹਨ, ਦੇ ਨੌਜਵਾਨ ਵੀ ਅਕਾਲੀ ਦਲ ਦਾ ਹਿੱਸਾ ਬਣ ਸਕਣ ਤੇ ਯੂਥ ਅਕਾਲੀ ਦਲ ਦੀਆਂ ਟੀਮਾਂ ਬਣਾਈਆਂ ਜਾ ਸਕਣ। ਉਹਨਾਂ ਕਿਹਾ ਕਿ ਸਿਰਫ ਉਹੀ ਨੌਜਵਾਨ ਜ਼ਿਲ੍ਹਾ ਪ੍ਰਧਾਨਾਂ ਦੇ ਅਹੁਦੇ ਵਾਸਤੇ ਵਿਚਾਰੇ ਜਾਣਗੇ ਜਿਹਨਾਂ ਦੀ ਉਮਰ 35 ਸਾਲ ਤੱਕ ਹੋਵੇਗੀ ਤੇ ਸੂਬਾ ਪ੍ਰਧਾਨਗੀ ਲਈ ਉਮਰ ਹੱਦ 40 ਸਾਲ ਹੋਵੇਗੀ।


ਬਾਦਲ ਨੇ ਕਿਹਾ ਕਿ ਜਿਹੜੇ ਨੌਜਵਾਨ ਸੰਗਠਨ ਵਿਚ ਆਪਣੀ ਕਾਬਲੀਅਤ ਸਾਬਤ ਕਰਨਗੇ, ਉਹਨਾਂ ਨੂੰ ਪਾਰਟੀ ਵੱਲੋਂ ਸਥਾਨਕ ਚੋਣਾਂ ਦੇ ਨਾਲ-ਨਾਲ ਕਮੇਟੀ ਤੇ ਨਿਗਮ ਚੋਣਾਂ ਵਾਸਤੇ ਵੀ ਟਿਕਟਾਂ ਦਿੱਤੀਆਂ ਜਾਣਗੀਆਂ। ਉਹਨਾਂ ਕਿਹਾ ਕਿ ਇਸ ਵੇਲੇ ਯੂਥ ਅਕਾਲੀ ਦਲ ਦੇ 35 ਸਾਬਕਾ ਆਗੂ ਅਕਾਲੀ ਦਲ ਦੇ ਹਲਕਾ ਇੰਚਾਰਜ ਨਿਯੁਕਤ ਕੀਤੇ ਗਏ ਹਨ।
ਉਹਨਾਂ ਐਲਾਨ ਕੀਤਾ ਕਿ ਲੋਕ ਸਭਾ ਚੋਣਾਂ ਵਿਚ ਵੀ ਨੌਜਵਾਨਾਂ ਨੂੰ ਵੱਡੀ ਭੂਮਿਕਾ ਦਿੱਤੀ ਜਾਵੇਗੀ ਅਤੇ ਹਰ ਲੋਕ ਸਭਾ ਸੀਟ ਲਈ ਤਿੰਨ ਸੀਨੀਅਰ ਮੀਤ ਪ੍ਰਧਾਨ, ਤਿੰਨ ਮੀਤ ਪ੍ਰਧਾਨ ਤੇ ਤਿੰਨ ਜਨਰਲ ਸਕੱਤਰ ਨਿਯੁਕਤ ਕੀਤੇ ਜਾਣਗੇ।