Punjab News: ਅੰਮ੍ਰਿਤਸਰ ਦੇ ਹਕੀਮਾ ਗੇਟ ਥਾਣੇ ਦੇ ਬਾਹਰ ਇੱਕ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਨੌਜਵਾਨ ਨੂੰ ਤਿੰਨ ਮਹੀਨੇ ਪਹਿਲਾਂ ਅਗਵਾ ਕੀਤਾ ਗਿਆ ਸੀ ਅਤੇ ਫਿਰ ਪੁਲਿਸ ਨੇ ਟਰੇਸ ਕਰਕੇ ਫਿਰੌਤੀ ਵਾਪਸ ਕਰਵਾ ਦਿੱਤੀ ਸੀ। ਫਿਲਹਾਲ ਪੁਲਿਸ ਅਨੁਸਾਰ ਮੁਲਜ਼ਮਾਂ ਦੀ ਮ੍ਰਿਤਕ ਦੇ ਦੋਸਤਾਂ ਨਾਲ ਪੁਰਾਣੀ ਦੁਸ਼ਮਣੀ ਸੀ। ਪੁਰਾਣੀ ਰੰਜਿਸ਼ ਕਾਰਨ ਉਸ ਦਾ ਕਤਲ ਕੀਤਾ ਗਿਆ ਸੀ। ਪੁਲਿਸ ਨੇ ਦੋਸ਼ੀਆਂ ਦੀ ਪਛਾਣ ਕਰ ਲਈ ਹੈ ਅਤੇ ਜਲਦ ਹੀ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
ਸੂਤਰਾਂ ਮੁਤਾਬਕ ਬੀਤੀ ਦੇਰ ਰਾਤ ਰਾਮਬਾਗ ਦਾ ਰਹਿਣ ਵਾਲਾ ਬੀਨੂੰ ਆਪਣੇ ਦੋ ਦੋਸਤਾਂ ਹਰਜੀਤ ਅਤੇ ਸੰਜੂ ਨਾਲ ਗੇਟ ਹਕੀਮਾ ਇਲਾਕੇ 'ਚ ਘੁੰਮ ਰਿਹਾ ਸੀ। ਜਿੱਥੇ ਬਾਈਕ ਸਵਾਰ ਦੋ ਨੌਜਵਾਨਾਂ ਨੇ ਉਸ ਨੂੰ ਗੋਲੀ ਮਾਰ ਦਿੱਤੀ ਅਤੇ ਉਸ ਦੀ ਮੌਤ ਹੋ ਗਈ। ਮੁਲਜ਼ਮ ਬੀਨੂੰ ਦੀ ਕਾਰ ਦਾ ਪਿੱਛਾ ਕਰ ਰਹੇ ਸਨ, ਜਿਸ ਤੋਂ ਬਾਅਦ ਬੀਨੂੰ ਨੇ ਕਾਰ ਥਾਣੇ ਵੱਲ ਮੋੜ ਦਿੱਤੀ ਅਤੇ ਥਾਣੇ ਦੇ ਬਾਹਰ ਹੀ ਉਸ ਨੂੰ ਗੋਲੀ ਮਾਰ ਦਿੱਤੀ ਗਈ ਜਿਸ ਤੋਂ ਬਾਅਦ ਪੁਲਿਸ ਅਧਿਕਾਰੀ ਉਸਨੂੰ ਹਸਪਤਾਲ ਲੈ ਗਏ ਜਿੱਥੇ ਉਸਦੀ ਮੌਤ ਹੋ ਗਈ।
ਬੀਨੂੰ ਨੂੰ ਤਿੰਨ ਮਹੀਨੇ ਪਹਿਲਾਂ ਕੀਤਾ ਗਿਆ ਸੀ ਅਗਵਾ
ਮ੍ਰਿਤਕ ਬੀਨੂੰ ਦੀ ਮਾਂ ਦਾ ਕਹਿਣਾ ਹੈ ਕਿ ਉਸ ਦੇ ਲੜਕੇ ਨੂੰ ਤਿੰਨ ਮਹੀਨੇ ਪਹਿਲਾਂ ਅਗਵਾ ਕੀਤਾ ਗਿਆ ਸੀ, ਜਿਸ ਲਈ ਉਸ ਨੇ ਲੌਂਗੀ ਨਾਂਅ ਦੇ ਨੌਜਵਾਨ ਨੂੰ 3 ਲੱਖ ਰੁਪਏ ਦੀ ਫਿਰੌਤੀ ਦਿੱਤੀ ਸੀ। ਉਨ੍ਹਾਂ ਕਿਹਾ ਸੀ ਕਿ ਬਾਅਦ ਵਿੱਚ ਡੀ ਡਿਵੀਜ਼ਨ ਪੁਲਿਸ ਨੇ ਫਿਰੌਤੀ ਦੀ ਰਕਮ ਵਾਪਸ ਕਰਵਾ ਦਿੱਤੀ ਸੀ ਅਤੇ ਉਨ੍ਹਾਂ ਨੇ ਪੁਲਿਸ ਨੂੰ ਇਹ ਵੀ ਦੱਸਿਆ ਕਿ ਉਹ ਉਨ੍ਹਾਂ ਲੋਕਾਂ ਵਿਰੁੱਧ ਕੋਈ ਕਾਰਵਾਈ ਨਹੀਂ ਕਰਨਾ ਚਾਹੁੰਦੀ ਜਿਨ੍ਹਾਂ ਨੇ ਉਸਦੇ ਪੁੱਤਰ ਨੂੰ ਅਗਵਾ ਕੀਤਾ ਸੀ।
ਬੀਨੂੰ ਦੀ ਮਾਂ ਨੇ ਦੱਸਿਆ ਕਿ ਉਸ ਦੇ ਲੜਕੇ ਬੀਨੂੰ ਨੂੰ 8-10 ਦਿਨ ਪਹਿਲਾਂ ਵੀ ਧਮਕੀ ਮਿਲੀ ਸੀ। ਮੁਲਜ਼ਮ ਨੇ ਉਸ ਤੋਂ 20 ਹਜ਼ਾਰ ਰੁਪਏ ਦੀ ਮੰਗ ਕੀਤੀ ਸੀ ਅਤੇ ਕਿਹਾ ਸੀ ਕਿ ਉਹ ਜ਼ਮਾਨਤ ’ਤੇ ਹੈ ਅਤੇ ਨਿਕਲਣਾ ਹੈ। ਇਸ ਕਰਕੇ ਛੇਤੀ ਪੈਸੇ ਦੇ ਦਿਓ। ਬੀਨੂੰ ਨੇ ਕਿਹਾ ਕਿ ਉਸ ਕੋਲ ਪੈਸੇ ਨਹੀਂ ਹਨ ਤਾਂ ਉਸ ਨੇ ਕਿਹਾ ਕਿ ਜੇਕਰ ਤੁਸੀਂ 20 ਹਜ਼ਾਰ ਰੁਪਏ ਨਾ ਦਿੱਤੇ ਤਾਂ ਤੁਹਾਡੀ ਹਾਲਤ ਪਹਿਲਾਂ ਨਾਲੋਂ ਵੀ ਮਾੜੀ ਕੀਤੀ ਜਾਵੇਗੀ। ਉਸ ਨੇ ਦੱਸਿਆ ਕਿ ਲੌਂਗੀ ਨੇ ਬੀਨੂੰ ਦੀ ਕੁੱਟਮਾਰ ਕੀਤੀ ਸੀ।