Amritsar News : ਪੰਜਾਬ ਸਰਕਾਰ ਵੱਲੋਂ ਆਮ ਲੋਕਾਂ ਦੀ ਸਹੂਲਤ ਲਈ ਵੱਖ- ਵੱਖ ਸੇਵਾਵਾਂ ਲਈ ਹਲਫੀਆ ਬਿਆਨ ਦੀ ਥਾਂ ਸਵੈ ਘੋਸ਼ਣਾ ਪੱਤਰ  ਲੈਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਹੋਈਆਂ ਹਨ ਪਰ ਕੁਝ ਦਫਤਰਾਂ/ਨਿੱਜੀ ਸੰਸਥਾਵਾਂ, ਸਕੂਲਾਂ ਨੇ ਫਿਰ ਤੋਂ ਹਲਫੀਆ ਬਿਆਨਾਂ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ ਹੈ ,ਜੋ ਕਿ ਸਰਕਾਰ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਦੀ ਉਲੰਘਣਾ ਹੈ।

 
 ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਨੇ ਦੱਸਿਆ ਕਿ ਲੋਕਾਂ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਹਲਫੀਆ ਬਿਆਨ ਬੰਦ ਕਰਕੇ ਸਵੈ ਘੋਸ਼ਣਾ ਪੱਤਰ ਸ਼ੁਰੂ ਕੀਤੇ ਗਏ ਸਨ ਤਾਂ ਜੋ ਲੋਕਾਂ ਨੂੰ ਬਿਨਾਂ ਵਜ੍ਹਾ ਤੋਂ ਸੇਵਾ ਕੇਂਦਰਾਂ ਦੇ ਚੱਕਰ ਨਾ ਮਾਰਨੇ ਪੈਣ। ਸੂਦਨ ਨੇ ਸਖਤ ਸ਼ਬਦਾਂ ਵਿੱਚ ਹਦਾਇਤ ਕਰਦਿਆਂ ਕਿਹਾ ਕਿ ਕੁਝ ਦਫਤਰਾਂ ਵੱਲੋਂ ਅਜੇ ਵੀ ਹਲਫੀਆ ਬਿਆਨਾਂ ਦੀ ਮੰਗ ਕੀਤੀ ਜਾਂਦੀ  ਹੈ ਜੋ ਕਿ  ਪੂਰੀ ਤਰ੍ਹਾਂ ਸਰਕਾਰੀ ਹਦਾਇਤਾਂ ਦੀ ਉਲੰਘਣਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।


 
ਸੂਦਨ ਨੇ ਦੱਸਿਆ ਕਿ ਲੋਕਾਂ ਦੀ ਸਹੂਲਤ ਲਈ ਸਰਕਾਰ ਵੱਲੋਂ ਈ -ਸੇਵਾ ਪੋਰਟਲਾਂ ਰਾਹੀਂ ਡਿਜੀਟਲ ਸਾਈਨ ਹੋਣ ਵਾਲੇ ਸਰਟੀਫਿਕੇਟਾਂ/ਦਸਤਾਵੇਜਾਂ ਤੇ ਕਿਸੇ ਵੀ ਤਰ੍ਹਾਂ ਦੇ ਭੌਤਿਕ ਦਸਤਖਤਾਂ, ਮੋਹਰ ਜਾਂ ਹੋਲੋਗਰਾਮ ਦੀ ਜਰੂਰਤ ਨਹੀਂ ਹੋਵੇਗੀ ਅਤੇ ਇਨ੍ਹਾਂ ਦੀ ਵੈਰੀਫਿਕੇਸ਼ਨ ਜਾਂ ਪ੍ਰਮਾਣਿਕਤਾ ਵੈਲ ਲਿੰਕ https://esewa.punjab.gov.in/certificateVerification  ਤੇ ਦਸਤਾਵੇਜ ਸੀਰੀਅਲ ਨੰਬਰ ਦੀ ਵਰਤੋਂ ਕਰਕੇ ਚੈਕ ਕੀਤੀ ਜਾ ਸਕਦੀ ਹੈ। ਜੇਕਰ ਇਸ ਵਿੱਚ ਮੌਜੂਦਾ ਵੇਰਵਿਆਂ ਦੀ ਤੁਲਨਾ ਵਿੱਚ ਅੰਤਰ ਪਾਇਆ ਜਾਂਦਾ ਹੈ ਤਾਂ ਉਹ ਸਰਟੀਫਿਕੇਟ/ ਦਸਤਾਵੇਜ ਅਵੈਧ ਸਮਝਿਆ ਜਾਵੇਗਾ।

 

ਉਨ੍ਹਾਂ ਦੱਸਿਆ ਕਿ ਡਿਜੀਟਲ ਸਾਈਨ ਹੋਣ ਤੋਂ ਬਾਅਦ ਪ੍ਰਾਰਥੀ ਆਪਣੇ ਸਰਟੀਫਿਕੇਟ ਐਸ:ਐਮ:ਐਸ/ ਈ ਮੇਲ ’ਤੇ ਲਿੰਕ ਭੇਜਿਆ ਜਾਵੇਗਾ ,ਜਿਥੇ ਉਹ ਪ੍ਰਾਪਤ ਹੋਏ ਲਿੰਕ ਰਾਹੀਂ ਸਿੱਧੇ ਤੌਰ 'ਤੇ ਸਰਟੀਫਿਕੇਟ ਡਾਊਨਲੋਡ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਆਪਣੇ ਨਜਦੀਕੀ ਸੇਵਾ ਕੇਂਦਰ ਤੋਂ ਅਰਜੀ ਦੀ ਰਸੀਦ ਦਿਖਾ ਕੇ ਦਸਤਾਵੇਜ ਦਾ ਪ੍ਰਿੰਟ ਲਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਈ ਸੇਵਾ ਪੋਰਟਲ https://esewa.punjab.gov.in  ਰਾਹੀਂ “4ownload Your 3ertificate” ਲਿੰਕ ਤੇ ਜਾ ਕੇ ਪ੍ਰਿੰਟ ਲਿਆ ਜਾ ਸਕਦਾ ਹੈ।