Amritsar News: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖ ਭਾਵਨਾਵਾਂ ਵਿਰੁੱਧ ਫਿਲਮਾਂਕਣ ਨੂੰ ਲੈ ਕੇ ‘ਯਾਰੀਆਂ-2’ ਫਿਲਮ ਖ਼ਿਲਾਫ਼ ਸਖ਼ਤ ਕਾਰਵਾਈ ਆਰੰਭ ਦਿੱਤੀ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਸ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਨੂੰ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਉਣ ਦੇ ਆਦੇਸ਼ ਦਿੱਤੇ ਹਨ। ਬੀਤੇ ਕੱਲ੍ਹ ਇਹ ਮਾਮਲਾ ਸਾਹਮਣੇ ਆਉਣ ’ਤੇ ਸ਼੍ਰੋਮਣੀ ਕਮੇਟੀ ਵੱਲੋਂ ਭਾਰਤ ਦੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਨਾਲ-ਨਾਲ ਆਈਟੀ ਮੰਤਰਾਲੇ ਅਤੇ ਕੇਂਦਰੀ ਫਿਲਮ ਸੈਂਸਰ ਬੋਰਡ ਪਾਸੋਂ ਇਸ ਫਿਲਮ ’ਤੇ ਤੁਰੰਤ ਰੋਕ ਲਗਾਉਣ ਦੀ ਮੰਗ ਕੀਤੀ ਗਈ ਸੀ।


ਸ਼੍ਰੋਮਣੀ ਕਮੇਟੀ ਨੇ ਇਤਰਾਜ਼ ਜਿਤਾਇਆ ਹੈ ਕਿ 27 ਅਗਸਤ ਨੂੰ ਟੀ-ਸੀਰੀਜ਼ ਕੰਪਨੀ ਦੇ ਯੂਟਿਊਬ ਚੈਨਲ ’ਤੇ ਰਿਲੀਜ਼ ਕੀਤੇ ਗਏ ਇਸ ਫਿਲਮ ਦੇ ਇਕ ਗੀਤ ਵਿਚ ਸਿਰੋਂ ਮੋਨੇ ਅਤੇ ਕਲੀਨਸ਼ੇਵ ਅਦਾਕਾਰ ਨੂੰ ਸਿੱਖ ਕਕਾਰ (ਗਾਤਰਾ ਕਿਰਪਾਨ) ਪਹਿਨਾ ਕੇ ਫਿਲਮਾਂਕਣ ਦਰਸਾਇਆ ਗਿਆ ਹੈ। ਇਸ ਨਾਲ ਦੇਸ਼ ਦੁਨੀਆਂ ਅੰਦਰ ਵਸਦੀ ਸਿੱਖ ਕੌਮ ਦੀਆਂ ਭਾਵਨਾਵਾਂ ਭੜਕੀਆਂ ਹਨ।



ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਸ ਮਾਮਲੇ ’ਤੇ ਕਰੜਾ ਰੁਖ਼ ਅਖ਼ਤਿਆਰ ਕਰਦਿਆਂ ਕਾਨੂੰਨੀ ਕਾਰਵਾਈ ਦੇ ਨਿਰਦੇਸ਼ ਜਾਰੀ ਕੀਤੇ ਹਨ। ਇਸ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਪ੍ਰਤਾਪ ਸਿੰਘ ਵੱਲੋਂ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਨੂੰ ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰਨ ਲਈ ਸ਼ਿਕਾਇਤ ਵੀ ਭੇਜੀ ਗਈ ਹੈ।
ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਸ ਬਾਰੇ ਸਾਫ਼ ਤੌਰ ’ਤੇ ਕਿਹਾ ਹੈ ਕਿ ਕਿਸੇ ਵੀ ਫਿਲਮ ਵਿਚ ਸਿੱਖ ਕਕਾਰਾਂ ਅਤੇ ਸਿੱਖ ਸਿਧਾਂਤਾਂ ਦੀ ਤੌਹੀਨ ਬਰਦਾਸ਼ਤ ਨਹੀਂ ਹੈ। ਉਨ੍ਹਾਂ ਕਿਹਾ ਕਿ ਸਬੰਧਤ ਫਿਲਮ ਵਿਚ ਸਿੱਖ ਕਕਾਰ ਕਿਰਪਾਨ ਅਤੇ ਗਾਤਰੇ ਨੂੰ ਸਿੱਖ ਸਿਧਾਂਤਾਂ ਅਤੇ ਮਰਯਾਦਾ ਵਿਰੁੱਧ ਪੇਸ਼ ਕਰਕੇ ਫਿਲਮ ਦੇ ਨਿਰਮਾਤਾ, ਨਿਰਦੇਸ਼ਕ ਅਤੇ ਅਦਾਕਾਰ ਨੇ ਠੀਕ ਨਹੀਂ ਕੀਤਾ। ਇਸ ਦੇ ਨਾਲ ਹੀ ਟੀ-ਸੀਰੀਜ਼ ਕੰਪਨੀ ਵੱਲੋਂ ਇਹ ਸਿੱਖ ਵਿਰੋਧੀ ਦ੍ਰਿਸ਼ ਆਪਣੇ ਚੈਨਲ ’ਤੇ ਜਨਤਕ ਕਰਨ ਦੀ ਅਵੱਗਿਆ ਕੀਤੀ ਹੈ। ਸਿੱਖ ਭਾਵਨਾਵਾਂ ਦੀ ਕਦਰ ਕਰਦਿਆਂ ਸ਼੍ਰੋਮਣੀ ਕਮੇਟੀ ਇਸ ਫਿਲਮ ਨੂੰ ਕਿਸੇ ਵੀ ਕੀਮਤ ’ਤੇ ਰੀਲੀਜ਼ ਨਹੀਂ ਹੋਣ ਦੇਵੇਗੀ। ਐਡਵੋਕੇਟ ਧਾਮੀ ਨੇ ਕਿਹਾ ਕਿ ਅਜਿਹੇ ਲੋਕ ਜਾਣਬੁਝ ਕੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਭੜਕਾਉਂਦੇ ਹਨ। ਉਨ੍ਹਾਂ ਆਖਿਆ ਕਿ ਪੂਰੇ ਦੇਸ਼ ਅੰਦਰ ਸਿੱਖ ਮਰਯਾਦਾ ਅਤੇ ਰਹਿਣੀ ਬਾਰੇ ਸਭ ਨੂੰ ਪਤਾ ਹੋਣ ਦੇ ਬਾਵਜੂਦ ਵੀ ਅਜਿਹੀਆਂ ਹਰਕਤਾਂ ਕਰਕੇ ਸਿੱਖਾਂ ਨੂੰ ਚਿੜਾਇਆ ਜਾਂਦਾ ਹੈ। ਸ਼੍ਰੋਮਣੀ ਕਮੇਟੀ ਇਸ ਫਿਲਮ ਨੂੰ ਲੈ ਕੇ ਗੰਭੀਰ ਹੈ ਅਤੇ ਕਾਨੂੰਨੀ ਕਾਰਵਾਈ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਹਨ।



ਇਸੇ ਦੌਰਾਨ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਸ. ਹਰਭਜਨ ਸਿੰਘ ਵਕਤਾ ਨੇ ਦੱਸਿਆ ਕਿ ਇਸ ਮਾਮਲੇ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਵੱਲੋਂ ਟੀ-ਸੀਰੀਜ਼ ਕੰਪਨੀ ਨਾਲ ਵੀ ਸੰਪਰਕ ਕੀਤਾ ਗਿਆ ਸੀ, ਜਿਨ੍ਹਾਂ ਨੇ ਇਸ ਮਾਮਲੇ ’ਤੇ ਵਿਚਾਰ ਕੀਤੇ ਜਾਣ ਬਾਰੇ ਜਾਣਕਾਰੀ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਟੀ-ਸੀਰੀਜ਼ ਦੇ ਅਧਿਕਾਰੀ ਸ੍ਰੀ ਰਾਹੁਲ ਦੂਬੇ ਨੇ ਸ਼੍ਰੋਮਣੀ ਕਮੇਟੀ ਨਾਲ ਗੱਲਬਾਤ ਕੀਤੀ ਹੈ, ਜਿਨ੍ਹਾਂ ਨੂੰ ਸਾਫ਼ ਤੌਰ ’ਤੇ ਕਿਹਾ ਗਿਆ ਹੈ ਕਿ ਇਹ ਵਿਵਾਦਤ ਗੀਤ ਯੂਟਿਊਬ ਚੈਨਲ ਤੋਂ ਤੁਰੰਤ ਹਟਾਇਆ ਜਾਵੇ। ਉਨ੍ਹਾਂ ਕਿਹਾ ਕਿ ਸ੍ਰੀ ਦੂਬੇ ਅਨੁਸਾਰ ਉਹ ਇਸ ਫਿਲਮ ਵਿੱਚੋਂ ਸਿੱਖ ਭਾਵਨਾਵਾਂ ਨੂੰ ਸੱਟ ਮਾਰਨ ਵਾਲੇ ਦ੍ਰਿਸ਼ ਹਟਾਉਣ ਬਾਰੇ ਵੀ ਵਿਚਾਰ ਕਰ ਰਹੇ ਹਨ।