Amritsar News: ਪੁਲਿਸ ਦੀ ਸਖਤੀ ਮਗਰੋਂ ਹੁਣ ਪਾਰਸਲਾਂ ਰਾਹੀਂ ਅਫੀਮ ਦੀ ਸਪਲਾਈ ਹੋ ਰਹੀ ਹੈ। ਪੰਜਾਬ ਅੰਦਰ ਹੀ ਨਹੀਂ ਸਗੋਂ ਵਿਦੇਸ਼ਾਂ ਵਿੱਚ ਵੀ ਪਾਰਸਲ ਰਾਹੀਂ ਅਫ਼ੀਮ ਭੇਜੀ ਜਾ ਰਹੀ ਹੈ। ਇਸ ਤਰ੍ਹਾਂ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਤਾਜ਼ਾ ਮਾਮਲਾ ਅੰਮ੍ਰਿਤਸਰ ਵਿੱਚ ਸਾਹਮਣੇ ਆਇਆ ਹੈ। 



ਦਰਅਸਲ ਅੰਮ੍ਰਿਤਸਰ ਦੀ ਸੀਆਈਏ ਸਟਾਫ਼ ਪੁਲੀਸ ਨੇ ਦੋ ਵਿਅਕਤੀਆਂ ਨੂੰ ਪਾਰਸਲ ਰਾਹੀਂ ਅਫ਼ੀਮ ਵਿਦੇਸ਼ ਭੇਜਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਸਿਮਰਪ੍ਰੀਤ ਸਿੰਘ ਵਾਸੀ ਪ੍ਰੇਮ ਨਗਰ, ਬਟਾਲਾ ਤੇ ਲਵਪ੍ਰੀਤ ਸਿੰਘ ਵਾਸੀ ਗੁਰੂ ਨਾਨਕ ਨਗਰ ਬਟਾਲਾ ਵਜੋਂ ਹੋਈ ਹੈ। ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ’ਚੋਂ 250 ਗ੍ਰਾਮ ਅਫੀਮ ਬਰਾਮਦ ਕਰਕੇ ਕੇਸ ਦਰਜ ਕਰ ਲਿਆ ਹੈ। 


ਪੁਲਿਸ ਅਨੁਸਾਰ ਮੁਲਜ਼ਮਾਂ ਨੂੰ ਖੇਪ 40000 ਰੁਪਏ ਮਿਲਣੇ ਸਨ। ਪੁਲਿਸ ਦੇ ਵਧੀਕ ਡਿਪਟੀ ਕਮਿਸ਼ਨਰ ਡਾ. ਮਹਿਤਾਬ ਸਿੰਘ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ’ਤੇ ਪੁਲੀਸ ਨੇ ਦੋਵਾਂ ਨੂੰ ਕਾਬੂ ਕੀਤਾ ਹੈ। ਇਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਹੋਰ ਪੁੱਛ-ਪੜਤਾਲ ਲਈ ਪੁਲਿਸ ਰਿਮਾਂਡ ’ਤੇ ਲਿਆ ਗਿਆ ਹੈ ਤਾਂ ਜੋ ਇਨ੍ਹਾਂ ਦੇ ਹੋਰ ਸਪੰਰਕਾਂ ਦਾ ਪਤਾ ਲਾਇਆ ਜਾ ਸਕੇ। 


ਸੀਆਈਏ ਸਟਾਫ਼ ਦੇ ਇੰਚਾਰਜ ਅਮੋਲਕਦੀਪ ਸਿੰਘ ਨੇ ਦੱਸਿਆ ਕਿ ਮੁੱਢਲੀ ਤਫ਼ਤੀਸ਼ ਅਨੁਸਾਰ ਉਹ ਆਪਣੀ ਫਰਜ਼ੀ ਪਛਾਣ ਕੇ ਯੂਕੇ ਵਿੱਚ ਆਪਣੇ ਸਾਥੀ ਨੂੰ ਕੁਰੀਅਰ ਰਾਹੀਂ ਕਾਰਾਂ ਦੇ ਹਾਈਡ੍ਰੌਲਿਕ ਜੈਕ ਵਿੱਚ ਛੁਪਾ ਕੇ ਅਫੀਮ ਦੀ ਤਸਕਰੀ ਕਰਦੇ ਸਨ। ਇਸ ਸਬੰਧ ਵਿਚ ਉਨ੍ਹਾਂ ਨੇ ਫਰਜ਼ੀ ਆਧਾਰ ਕਾਰਡ ਬਣਵਾਇਆ ਹੋਇਆ ਸੀ। 


ਉਨ੍ਹਾਂ ਦਾ ਯੂਕੇ ਵਿਚਲਾ ਸਾਥੀ ਵੀ ਕਰੀਬ ਇਕ ਮਹੀਨਾ ਪਹਿਲਾਂ ਇੰਗਲੈਂਡ ਗਿਆ ਸੀ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਉਹ ਆਪਣੇ ਯੂਕੇ ਦੇ ਸਾਥੀ ਨੂੰ ਅਫੀਮ ਦੀਆਂ ਦੋ ਖੇਪਾਂ ਭੇਜ ਚੁੱਕੇ ਹਨ, ਜਿਨ੍ਹਾਂ ਨੂੰ ਨਾਰਕੋਟਿਕਸ ਕੰਟਰੋਲ ਬਿਊਰੋ ਵੱਲੋਂ ਜ਼ਬਤ ਕਰ ਲਿਆ ਗਿਆ। ਪੁਲਿਸ ਵੱਲੋਂ ਇਸ ਮਾਮਲੇ ਦੀ ਵਧੇਰੇ ਜਾਂਚ ਵਾਸਤੇ ਦਿੱਲੀ ਵਿਖੇ ਐਨਸੀਬੀ ਨਾਲ ਸੰਪਰਕ ਕੀਤਾ ਜਾ ਰਿਹਾ ਹੈ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।