Amritsar News: ਮੁੱਖ ਮੰਤਰੀ ਭਗਵੰਤ ਵੱਲੋਂ ਅੰਮ੍ਰਿਤਸਰ ਵਿੱਚ 40 ਹਜ਼ਾਰ ਸਕੂਲੀ ਬੱਚਿਆਂ ਨੂੰ ਨਸ਼ਿਆਂ ਖਿਲਾਫ ਹਲ਼ਫ ਦਵਾਉਣ ਬਾਰੇ ਬੇਸ਼ੱਕ ਵਿਰੋਧੀ ਧਿਰਾਂ ਬਿਆਨਬਾਜ਼ੀ ਕਰ ਰਹੀਆਂ ਹਨ ਪਰ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਪੀਲੀਆਂ ਚੁੰਨੀਆਂ ਤੇ ਦਸਤਾਰਾਂ ਨੇ ਇੱਕ ਅਨੌਖਾ ਰੰਗ ਬੰਨ੍ਹ ਦਿੱਤਾ। ਇਸ ਦੀਆਂ ਵੀਡੀਓ ਤੇ ਤਸਵੀਰਾਂ ਸੋਸ਼ਲ ਮੀਡੀਆ ਉੱਪਰ ਵਾਇਰਲ ਹੋ ਰਹੀਆਂ ਹਨ।
ਦਰਅਸਲ ਅੰਮ੍ਰਿਤਸਰ ਪੁਲਿਸ ਕਮਿਸ਼ਨਰੇਟ ਵੱਲੋਂ ਨਸ਼ਿਆਂ ਖ਼ਿਲਾਫ਼ ਸ਼ੁਰੂ ਕੀਤੀ ਮੁਹਿੰਮ ‘ਦ ਹੋਪ ਇਨੀਸ਼ੀਏਟਿਵ- ਅਰਦਾਸ, ਹਲਫ ਤੇ ਖੇਡਾਂ’ ਸਮਾਗਮ ਦੌਰਾਨ ਬੁੱਧਵਾਰ ਨੂੰ ਸ਼ਹਿਰ ਪੀਲੀਆਂ ਦਸਤਾਰਾਂ ਨਾਲ ਰੰਗਿਆ ਨਜ਼ਰ ਆਇਆ। ਅੰਮ੍ਰਿਤਸਰ ਪੁਲਿਸ ਦੇ ਕਮਿਸ਼ਨਰ ਨੌਨਿਹਾਲ ਸਿੰਘ ਵੱਲੋਂ ਸ਼ਹਿਰ ਵਿੱਚ ਬੱਚਿਆਂ ਤੇ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਤੇ ਨਸ਼ਿਆਂ ਤੋਂ ਦੂਰ ਕਰਨ ਲਈ ਇਹ ਨਵਾਂ ਉਪਰਾਲਾ ਸ਼ੁਰੂ ਕੀਤਾ ਗਿਆ।
ਇਸ ਤਹਿਤ ਬੁੱਧਵਾਰ ਨੂੰ ਲਗਪਗ 40 ਹਜ਼ਾਰ ਸਕੂਲੀ ਬੱਚਿਆਂ ਨੇ ਪੀਲੀਆ ਦਸਤਾਰਾਂ, ਪੀਲੇ ਪਟਕੇ ਤੇ ਪੀਲੇ ਦੁਪੱਟੇ ਲੈ ਕੇ ਇਸ ਸਮਾਗਮ ਵਿੱਚ ਸ਼ਮੂਲੀਅਤ ਕੀਤੀ। ਪੁਰਾਣੇ ਸ਼ਹਿਰ ਦੇ ਅੰਦਰ ਵੱਖ-ਵੱਖ ਹਿੱਸਿਆਂ ਤੋਂ ਇਹ ਵਿਦਿਆਰਥੀ ਗੁਰੂ ਘਰ ਦੇ ਚਾਰ ਰਸਤਿਆਂ ਰਾਹੀਂ ਦਰਬਾਰ ਸਾਹਿਬ ਪੁੱਜੇ ਜਿੱਥੇ ਹਨਾਂ ਅਰਦਾਸ ਸਮਾਗਮ ਵਿੱਚ ਸ਼ਮੂਲੀਅਤ ਕੀਤੀ।
ਸਕੂਲੀ ਬੱਚਿਆਂ ਦੀ ਭਾਰੀ ਆਮਦ ਨਾਲ ਹਰਿਮੰਦਰ ਸਾਹਿਬ ਦੀ ਸਮੁੱਚੀ ਪਰਿਕਰਮਾ, ਸ੍ਰੀ ਅਕਾਲ ਤਖ਼ਤ ਦੇ ਸਨਮੁਖ ਹਿੱਸਾ ਤੇ ਘੰਟਾ ਘਰ ਵਾਲੇ ਪਾਸੇ ਪ੍ਰਵੇਸ਼ ਦੁਆਰ ਪਲਾਜ਼ਾ ਦਾ ਸਮੁੱਚਾ ਖੇਤਰ ਪੀਲੀਆਂ ਦਸਤਾਰਾਂ, ਪੀਲੇ ਪਟਕੇ ਤੇ ਪੀਲੇ ਦੁਪੱਟੇ ਵਾਲਿਆਂ ਨਾਲ ਭਰਿਆ ਹੋਇਆ ਸੀ। ਪ੍ਰਬੰਧਕਾਂ ਵੱਲੋਂ ਹਰ ਸਕੂਲੀ ਬੱਚੇ ਨੂੰ ਪੀਲੀ ਦਸਤਾਰ, ਪੀਲੇ ਪਟਕੇ ਤੇ ਪੀਲੇ ਦੁਪੱਟੇ ਮੁਹੱਈਆ ਕੀਤੇ ਗਏ ਸਨ। ਇਥੋਂ ਤੱਕ ਕਿ ਨਾਲ ਆਏ ਅਧਿਆਪਕਾਂ ਨੂੰ ਵੀ ਪੀਲੇ ਦੁਪੱਟੇ ਮੁਹੱਈਆ ਕੀਤੇ ਗਏ ਸਨ।
ਸ਼੍ਰੋਮਣੀ ਕਮੇਟੀ ਵੱਲੋਂ ਹਰ ਬੱਚੇ ਤੇ ਅਧਿਆਪਕ ਨੂੰ ਸੁੱਕਾ ਪ੍ਰਸ਼ਾਦ ਦਿੱਤਾ ਗਿਆ। ਇਸੇ ਤਰ੍ਹਾਂ ਖੇਡ ਸਟੇਡੀਅਮ ਵਿੱਚ ਵੀ ਵੱਡੀ ਗਿਣਤੀ ਵਿੱਚ ਸਕੂਲੀ ਬੱਚੇ ਪੁੱਜੇ ਹੋਏ ਸਨ, ਜਿਨ੍ਹਾੰ ਨੇ ਨਸ਼ਿਆਂ ਖ਼ਿਲਾਫ਼ ਹਲਫ਼ ਲਿਆ।
ਇਸ ਦੌਰਾਨ ਗਾਂਧੀ ਸਟੇਡੀਅਮ ਵਿੱਚ ਕੀਤੇ ਗਏ ਸਮਾਗਮ ਦੌਰਾਨ ਗਲੀ ਕ੍ਰਿਕਟ ਟੂਰਨਾਮੈਂਟ ਦਾ ਉਦਘਾਟਨ ਕਰਦਿਆਂ ਮੁੱਖ ਮੰਤਰੀ ਨੇ ਬੱਚਿਆਂ ਨੂੰ ਆਪਣੇ ਦਸਤਖ਼ਤਾਂ ਵਾਲੇ ਕ੍ਰਿਕਟ ਬੈਟ ਵੰਡੇ। ਉਦਘਾਟਨੀ ਮੈਚ ਦੋ ਟੀਮਾਂ ਵਿਚਾਲੇ ਪੰਜ-ਪੰਜ ਓਵਰਾਂ ਦਾ ਕਿਰਾਇਆ ਗਿਆ ਸੀ ਜਿਸ ਨੂੰ ਸਕੂਲੀ ਬੱਚਿਆਂ ਨੇ ਉਤਸ਼ਾਹ ਨਾਲ ਵੇਖਿਆ।
ਇਹ ਵੀ ਪੜ੍ਹੋ: World’s Hottest Chilli: ਇਹ ਆ ਦੁਨੀਆ ਦੀ ਸਭ ਤੋਂ ਤਿੱਖੀ ਮਿਰਚ, ਇਸ ਦਾ ਅੱਧਾ ਤੋਂ ਅੱਧਾ ਟੁਕੜਾ ਵੀ ਤੁਹਾਡੀ ਹਾਲਤ ਖਰਾਬ ਕਰ ਦੇਵੇਗਾ