Sikh News: ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਮੰਜੀ ਹਾਲ ਦੀ ਕਥਾ ਵਿੱਚ ਹਾਜ਼ਰੀ ਭਰਨ ਲਈ ਪਹੁੰਚੇ। ਇਸ ਮੌਕੇ ਉਨ੍ਹਾਂ ਅਹਿਮ ਸਿੱਖ ਮੁੱਦਿਆਂ ਤੇ ਦੇਸ਼ ਵਿੱਚ ਚੱਲ ਰਹੇ ਵਰਤਾਰੇ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ। ਇਸ ਦੌਰਾਨ ਜਥੇਦਾਰ ਨੇ ਕਿਹਾ ਕਿ ਟਾਰਗੇਟ ਕੀਲਿੰਗ ਮੰਦਭਾਗਾ ਹੈ ਉਹ ਦੇਸ਼ ਜਾਂ ਵਿਦੇਸ਼ ਵਿੱਚ ਕਿਤੇ ਵੀ ਹੋਵੇ ਇਸ ਉੱਤੇ ਰੋਕ ਲੱਗਣੀ ਚਾਹੀਦੀ ਹੈ। 


ਇਸ ਦੇ ਨਾਲ ਹੀ ਉਨ੍ਹਾਂ ਨੇ ਪਾਕਿਸਤਾਨ ਵਿੱਚ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਤੋਂ ਉੱਤੇ ਮੁਹੰਮਦ ਅਲੀ ਜਿਨਾਹ ਦੀ ਤਸਵੀਰ ਲੱਗੇ ਹੋਣ ਦੀ ਚਰਚਾ ਬਾਰੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮੌਜੂਦਗੀ ਵਿੱਚ ਕੋਈ ਤਸਵੀਰ ਨਹੀਂ ਲੱਗੀ ਹੋਣੀ ਚਾਹੀਦੀ। ਉਨ੍ਹਾਂ ਕਿਹਾ ਕਿ ਉਹ ਵੀ ਨਨਕਾਣਾ ਸਾਹਿਬ ਗਏ ਹਨ ਪਰ ਉਨ੍ਹਾਂ ਦੀ ਨਜ਼ਰ ਵਿੱਚ ਅਜਿਹੀ ਕੋਈ ਤਸਵੀਰ ਨਹੀਂ ਆਈ ਹੈ। ਉੱਥੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਣਾ ਚਾਹੀਦਾ ਹੈ।


ਇਸ ਤੋਂ ਇਲਾਵਾ ਉਨ੍ਹਾਂ ਨੇ ਖਾਲਿਸਤਾਨ ਪੱਖੀ ਪਰਮਜੀਤ ਸਿੰਘ ਪੰਜਵੜ ਦੇ ਬੇਟੇ ਨੂੰ ਅਸਥੀਆਂ ਪਰਵਾਹ ਕਰਨ ਲਈ ਰੋਕੇ ਜਾਣ ਨੂੰ ਮੰਦਭਾਗਾ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਦੁਨੀਆਂ ਦੇ ਕਿਸੇ ਵੀ ਦੇਸ਼ ਦੇ ਕਨੂੰਨ 'ਚ ਅਜਿਹਾ ਨਹੀਂ ਹੋਇਆ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਅਵਤਾਰ ਸਿੰਘ ਖੰਡਾ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਤੋਂ ਰੋਕਿਆ ਗਿਆ ਅਤੇ ਹੁਣ ਪੰਜਵੜ ਦੀਆਂ ਅਸਥੀਆਂ ਨੂੰ ਪਰਵਾਹ ਕਰਨ ਤੋਂ ਰੋਕਣਾ ਇਹ ਸਰਾਸਰਕ ਮਨੁੱਖੀ ਅਧਿਕਾਰਾਂ ਦਾ ਉਲੰਘਣ ਹੈ ਜਥੇਦਾਰ ਨੇ ਕਿਹਾ ਕਿ ਇਸ ਵੇਲੇ ਸਿੱਖਾਂ ਖ਼ਿਲਾਫ਼ ਇੱਕ ਬਿਰਤਾਂਤ ਸਿਰਜਿਆ ਜਾ ਰਿਹਾ ਹੈ। ਸਿੱਖਾਂ ਵਰਗਾ ਅਮਨ ਸਾਂਤੀ ਚਾਹੁਣ ਵਾਲਾ ਹੋਰ ਕੋਈ ਧਰਮ ਨਹੀਂ ਹੈ। ਸਿੱਖਾਂ ਨੂੰ ਜਾਣ ਬੁੱਝ ਕੇ ਉਕਸਾਇਆ ਜਾ ਰਿਹਾ ਹੈ ਤੇ ਜਦੋਂ ਉਹ ਅਗਰੈਸਿਵ ਹੁੰਦੇ ਹਨ ਤਾਂ ਸਿੱਖਾਂ ਨੂੰ ਅੱਤਵਾਦੀ ਕਿਹਾ ਜਾਂਦਾ ਹੈ।


ਇਸ ਮੌਕੇ ਉਨ੍ਹਾਂ ਨੇ ਬੰਦੀ ਸਿੰਘਾਂ ਦੇ ਰਿਹਾਈ ਨੂੰ ਲੈ ਕੇ ਕਿਹਾ ਕਿ ਸਾਨੂੰ ਬੰਦੀ ਸਿੰਘਾਂ ਦੀ ਰਿਹਾਈ ਲਈ ਸਾਰਿਆਂ ਨੂੰ ਇਕੱਠਾ ਹੋ ਕੇ ਹੰਭਲਾ ਮਾਰਨਾ ਚਾਹੀਦਾ ਹੈ ਤਾਂ ਕਿ ਇਸ ਮਸਲੇ ਦਾ ਹੱਲ ਕੱਢਿਆ ਜਾਵੇ।


ਇਸ ਮੌਕੇ ਉਨ੍ਹਾਂ ਨੇ ਪੰਜਾਬ ਵਿੱਚ ਨਸ਼ੇ ਨਾਲ ਹੋ ਰਹੀਆਂ ਮੌਤਾਂ ਉੱਤੇ ਚਿੰਤਾ ਪ੍ਰਗਟ ਕੀਤੀ ਹੈ। ਉਨ੍ਹਾ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਇਸ ਨੂੰ ਰੋਕਣ ਲਈ ਬੁਰੀ ਤਰ੍ਹਾਂ ਫੇਲ ਹੋ ਚੁੱਕੀਆਂ ਹਨ, ਸਰਕਾਰਾਂ ਨੂੰ ਜਾਗਣਾ ਚਾਹੀਦਾ ਹੈ ਕਿਉਂਕਿ ਨੌਜਵਾਨ ਮੁੰਡੇ-ਕੁੜੀਆਂ ਦਾ ਨਸ਼ੇ ਵਿੱਚ ਗ੍ਰਸਤ ਹੋਣਾ ਆਉਣ ਵਾਲੇ ਸਮੇਂ ਲਈ ਠੀਕ ਨਹੀਂ ਹੈ।