Amritsar News: ਪਾਬੰਦੀਸ਼ੁਦਾ ਜਥੇਬੰਦੀ ਸਿੱਖ ਫਾਰ ਜਸਟਿਸ (SFJ) ਦੇ ਲੀਡਰ ਗੁਰਪਤਵੰਤ ਸਿੰਘ ਪੰਨੂ ਨੇ ਮੁੜ ਭਾਰਤ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ। ਗੁਰਪਤਵੰਤ ਪੰਨੂ ਨੇ ਹੁਣ ਅੰਮ੍ਰਿਤਸਰ 'ਚ ਭੰਡਾਰੀ ਪੁਲ ਨੇੜੇ ਐਲੀਵੇਟਿਡ ਰੋਡ ਦੇ ਹੇਠਾਂ ਖੰਭਿਆਂ 'ਤੇ ਖਾਲਿਸਤਾਨੀ ਨਾਅਰੇ ਲਿਖਵਾਏ ਹਨ। ਪੰਨੂ ਨੇ ਵੀਡੀਓ ਜਾਰੀ ਕਰਕੇ ਇਹ ਦਾਅਵਾ ਖੁਦ ਕੀਤਾ ਹੈ। ਹਾਲਾਂਕਿ ਉਹ ਆਪਣੀ ਵੀਡੀਓ 'ਚ ਕਹਿ ਰਿਹਾ ਹੈ ਕਿ ਏਅਰਪੋਰਟ ਰੋਡ 'ਤੇ ਨਾਅਰੇ ਲਿਖੇ ਹਨ। 



ਇਸ ਦੇ ਨਾਲ ਹੀ ਉਸ ਨੇ ਖਾਲਿਸਤਾਨ ਜ਼ਿੰਦਾਬਾਦ ਦੇ ਝੰਡੇ ਲਹਿਰਾਉਣ ਦੀ ਗੱਲ ਵੀ ਕਹੀ ਹੈ। ਵੀਡੀਓ 'ਚ ਉਸ ਨੇ ਫਿਰ ਏਅਰ ਇੰਡੀਆ ਦੇ ਬਾਈਕਾਟ ਦੀ ਗੱਲ ਕਹੀ ਹੈ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਹਰਕਤ 'ਚ ਆ ਗਈ ਤੇ ਏਅਰਪੋਰਟ ਰੋਡ ਨੇੜੇ ਨਾਅਰੇ ਲਿਖਣ ਵਾਲਿਆਂ ਨੂੰ ਟ੍ਰੇਸ ਕਰਨ ਵਿੱਚ ਜੁਟ ਗਈ। ਹਾਲਾਂਕਿ ਬਾਅਦ 'ਚ ਪਤਾ ਲੱਗਾ ਕਿ ਇਹ ਨਾਅਰੇ ਐਲੀਵੇਟਿਡ ਰੋਡ ਦੇ ਹੇਠਾਂ ਖੰਭਿਆਂ 'ਤੇ ਲਿਖੇ ਹਨ। 



ਦੱਸ ਦਈਏ ਕਿ ਇਸ ਤੋਂ ਪਹਿਲਾਂ ਕੈਨੇਡਾ ਦੇ ਕਮਿਸ਼ਨਰ ਸੰਜੇ ਕੁਮਾਰ ਵਰਮਾ ਦਾ ਅਮਰੀਕਾ ਤੇ ਕੈਨੇਡਾ ਨੂੰ ਲੈ ਕੇ ਬਿਆਨ ਸਾਹਮਣੇ ਆਇਆ ਸੀ। ਵਰਮਾ ਨੇ ਕਿਹਾ ਸੀ ਕਿ ਅਮਰੀਕਾ ਨੇ ਖਾਲਿਸਤਾਨੀ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜ਼ਿਸ਼ ਵਿੱਚ ਭਾਰਤੀ ਸਬੰਧਾਂ ਬਾਰੇ ਕੁਝ 'ਕਾਨੂੰਨੀ ਸਬੂਤ' ਮੁਹੱਈਆ ਕਰਵਾਏ ਹਨ ਪਰ ਕੈਨੇਡਾ ਨੇ ਹਰਦੀਪ ਸਿੰਘ ਨਿੱਝਰ ਦੇ ਕਤਲ ਨਾਲ ਸਬੰਧਤ ਸਿਰਫ ਦੋਸ਼ ਸਾਂਝੇ ਕੀਤੇ ਸਨ। ਅਮਰੀਕਾ ਨੇ ਜਿਸ ਭਾਰਤੀ ਕੁਨੈਕਸ਼ਨ ਦੀ ਗੱਲ ਕੀਤੀ ਹੈ, ਉਸ ਦਾ ਮਤਲਬ ਭਾਰਤ ਸਰਕਾਰ ਨਾਲ ਸਬੰਧ ਨਹੀਂ, ਸਗੋਂ ਇਹ ਭਾਰਤ ਵਿੱਚ ਰਹਿੰਦੇ ਕੁਝ ਲੋਕਾਂ ਨਾਲ ਜੁੜਿਆ ਹੋਇਆ ਹੈ। ਕਮਿਸ਼ਨਰ ਦੇ ਇਸ ਬਿਆਨ ਤੋਂ ਬਾਅਦ ਪੰਨੂ ਨੇ ਫਿਰ ਤੋਂ ਖਾਲਿਸਤਾਨੀ ਨਾਅਰੇ ਲਿਖਵਾਏ ਹਨ।


ਇਸ ਤੋਂ ਪਹਿਲਾਂ ਪੰਨੂ ਨੇ 4 ਨਵੰਬਰ ਨੂੰ ਇੱਕ ਵੀਡੀਓ ਜਾਰੀ ਕਰਕੇ ਕਿਹਾ ਸੀ ਕਿ ਭਾਰਤ ਨੇ ਸਿੱਖਾਂ 'ਤੇ ਤਸ਼ੱਦਦ ਕੀਤਾ ਹੈ। ਪੰਜਾਬ ਦੇ ਭਾਰਤ ਤੋਂ ਵੱਖ ਹੋਣ ਤੋਂ ਬਾਅਦ ਉਹ ਬੇਅੰਤ ਸਿੰਘ ਤੇ ਸਤਵੰਤ ਸਿੰਘ ਦੇ ਨਾਂ 'ਤੇ ਦਿੱਲੀ ਏਅਰਪੋਰਟ ਦਾ ਨਾਂ ਬਦਲ ਦੇਣਗੇ। ਬੇਅੰਤ ਸਿੰਘ ਤੇ ਸਤਵੰਤ ਸਿੰਘ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਬਾਡੀਗਾਰਡ ਸਨ। ਦੋਵਾਂ ਨੇ 31 ਅਕਤੂਬਰ ਨੂੰ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ।