ਤਰਨਤਾਰਨ :  ਜ਼ਿਲਾ ਤਰਨ ਤਾਰਨ ਦੇ ਪਿੰਡ ਖਵਾਸਪੁਰ ਵਿੱਚ ਕ੍ਰਿਸਮਿਸ ਮੌਕੇ ਹੋਈ ਗੋਲੀਬਾਰੀ ਵਿੱਚ ਇੱਕ ਵਿਅਕਤੀ ਦੀ ਮੌਤ ਅਤੇ ਲੋਕਾਂ ਦੇ ਜ਼ਖਮੀ ਹੋਣ ਦੇ ਮਾਮਲੇ ਵਿੱਚ ਪੰਜਾਬ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਡਾ: ਸੁਭਾਸ਼ ਥੋਬਾ ਪੀੜਤ ਪਰਿਵਾਰ ਕੋਲ ਪਹੁੰਚੇ।  ਜੋਨ ਕੋਟਲੀ ਨੇ ਇਸ ਘਟਨਾ ਦੀ ਸੂਚਨਾ ਕਮਿਸ਼ਨ ਨੂੰ ਦਿੱਤੀ ਅਤੇ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਦੀ ਮੰਗ ਕੀਤੀ।  ਡਾ: ਥੋਬਾ ਨੇ ਇਸ ਘਟਨਾ ਦਾ ਸਖ਼ਤ ਨੋਟਿਸ ਲੈਂਦਿਆਂ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ |  ਉਨ੍ਹਾਂ ਕਿਹਾ ਕਿ ਇਸ ਘਟਨਾ ਦੀ ਨਿਰਪੱਖ ਜਾਂਚ ਕਰਵਾਈ ਜਾਵੇਗੀ।


 21 ਦਸੰਬਰ ਨੂੰ ਕ੍ਰਿਸਮਿਸ ਦੇ ਜਲੂਸ ਦੌਰਾਨ ਪਿੰਡ ਖਵਾਸਪੁਰ ਵਿੱਚ ਕੁਝ ਲੋਕਾਂ ਨੇ ਰੋਸ ਪ੍ਰਦਰਸ਼ਨ ਕਰਕੇ ਜਲੂਸ ਨੂੰ ਰੋਕ ਦਿੱਤਾ ਸੀ।  ਇਸ ਦੌਰਾਨ ਲੋਕਾਂ ਨੇ ਝਗੜਾ ਸ਼ਾਂਤ ਕਰਵਾਇਆ।  ਅਗਲੇ ਦਿਨ 22 ਦਸੰਬਰ ਨੂੰ ਉਨ੍ਹਾਂ ਹੀ ਲੋਕਾਂ ਨੇ ਜਲੂਸ ਵਿਚ ਹਿੱਸਾ ਲੈ ਰਹੇ ਲੋਕਾਂ 'ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਹੋਰ ਜ਼ਖਮੀ ਹੋ ਗਏ।  ਪੁਲੀਸ ਨੇ ਐਫਆਈਆਰ ਨੰਬਰ 0546 ਦਰਜ ਕਰਕੇ ਮੁਲਜ਼ਮਾਂ ਖ਼ਿਲਾਫ਼ ਆਈਪੀਸੀ ਦੀ ਧਾਰਾ 302, 307, 506, 148, 149, 25 ਤਹਿਤ ਕੇਸ ਦਰਜ ਕਰ ਲਿਆ ਹੈ। 


 ਮੁਲਜ਼ਮ ਮਨਪ੍ਰੀਤ ਸਿੰਘ, ਜੈ ਸਿੰਘ, ਜਸ਼ਨਪ੍ਰੀਤ ਸਿੰਘ ਅਤੇ ਦੋ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।  ਇਸ ਮੌਕੇ ਸਬੰਧਤ ਡੀਐਸਪੀ, ਐਸਐਚਓ ਅਤੇ ਚੌਕੀ ਇੰਚਾਰਜ ਹਾਜ਼ਰ ਸਨ।  ਡਾ: ਸੁਭਾਸ਼ ਥੋਬਾ ਨੇ ਅਧਿਕਾਰੀਆਂ ਨੂੰ ਕਿਹਾ ਕਿ ਦੋਸ਼ੀਆਂ ਨੂੰ ਜਲਦ ਗਿ੍ਫ਼ਤਾਰ ਕਰਕੇ ਜੇਲ੍ਹ ਭੇਜਿਆ ਜਾਵੇ ਅਤੇ ਪਰਿਵਾਰ ਨੂੰ ਇਨਸਾਫ਼ ਦਿਵਾਇਆ ਜਾਵੇ |  ਇਸ ਮੌਕੇ ਪਾਸਟਰ ਸਾਬਾ, ਪਾਸਟਰ ਵਿਲੀਅਮ ਅਤੇ ਪਰਿਵਾਰਕ ਮੈਂਬਰ ਹਾਜ਼ਰ ਸਨ।