Amritsar News: ਕੌਮੀ ਜਾਂਚ ਏਜੰਸੀ (NIA) ਦੇ ਮੁਖੀ ਦਿਨਕਰ ਗੁਪਤਾ ਐਤਵਾਰ ਨੂੰ ਅੰਮ੍ਰਿਤਸਰ ਪੁੱਜੇ। ਇਸ ਦੌਰਾਨ ਉਹ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਜ਼ਿਕਰ ਕਰ ਦਈਏ ਕਿ ਪੰਜਾਬ ਦੇ ਡੀਜੀਪੀ ਦੇ ਅਹੁਦੇ ਤੋਂ ਤਬਾਦਲਾ ਹੋਣ ਤੋਂ ਬਾਅਦ ਇਹ ਉਨ੍ਹਾਂ ਦਾ ਪਹਿਲਾ ਦੌਰਾ ਹੈ।
ਇਸ ਮੌਕੇ ਦਿਨਕਰ ਗੁਪਤਾ ਵੱਲੋਂ ਗੁਰੂਘਰ ਵਿੱਚ ਮੱਥਾ ਟੇਕ ਕੇ ਗੁਰੂਆਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਗਿਆ। ਦੱਸ ਦਈਏ ਕਿ ਸੁਰੱਖਿਆ ਘੇਰੇ ਵਿੱਚ ਸ੍ਰੀ ਦਰਬਾਰ ਸਾਹਿਬ ਪੁੱਜੇ ਐਨਆਈਏ ਮੁਖੀ ਦਿਨਕਰ ਗੁਪਤਾ ਨੇ ਇਸ ਦੌਰਾਨ ਪੰਜਾਬ ਸਮੇਤ ਉੱਤਰ ਭਾਰਤ ਵਿੱਚ ਹੋ ਰਹੀਆਂ ਕਾਰਵਾਈਆਂ ਬਾਬਤ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ।
ਜਦੋਂ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਤਾਂ ਡੀਸੀਪੀ ਪਰਮਿੰਦਰ ਸਿੰਘ ਭੰਡਾਲ ਵੀ ਐਨਆਈਏ ਮੁਖੀ ਦੇ ਨਾਲ ਸਨ। ਸਾਦੇ ਕੱਪੜਿਆਂ, ਅਸਮਾਨੀ ਨੀਲੀ ਕਮੀਜ਼ ਅਤੇ ਕਾਲੀ ਪੈਂਟ ਵਿੱਚ ਪਹੁੰਚੇ ਦਿਨਕਰ ਗੁਪਤਾ ਨੇ ਆਮ ਆਦਮੀ ਵਾਂਗ ਹਰਿਮੰਦਰ ਸਾਹਿਬ ਦੀ ਪਰਿਕਰਮਾ ਕੀਤੀ ਅਤੇ ਫਿਰ ਗੁਰੂਘਰ ਵਿੱਚ ਮੱਥਾ ਟੇਕ ਕੇ ਅਸ਼ੀਰਵਾਦ ਪ੍ਰਾਪਤ ਕੀਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿਨਕਰ ਗੁਪਤਾ ਨੇ ਕਿਹਾ ਕਿ ਇਹ ਉਨ੍ਹਾਂ ਦੀ ਨਿੱਜੀ ਫੇਰੀ ਹੈ ਅਤੇ ਉਹ ਇੱਥੇ ਗੁਰੂ ਮਹਾਰਾਜ ਦਾ ਆਸ਼ੀਰਵਾਦ ਲੈਣ ਆਏ ਹਨ।
ਇਹ ਵੀ ਪੜ੍ਹੋ: Punjab Weather: ਬਦਲਿਆ ਮੌਸਮ, ਭਾਰੀ ਮੀਂਹ ਦਾ ਅਲਰਟ ਜਾਰੀ, 17 ਜ਼ਿਲ੍ਹਿਆਂ 'ਚ ਲੱਗੇਗੀ ਤਕੜੀ ਝੱਟ !
ਇਸ ਦੌਰਾਨ ਐਨਆਈਏ ਮੁਖੀ ਤੋਂ ਪਿਛਲੇ ਦਿਨੀਂ ਪੰਜਾਬ ਸਮਤੇ ਉੱਤਰੀ ਭਾਰਤ ਵਿੱਚ ਐਨਆਈਏ ਦੀਆਂ ਹੋ ਰਹੀਆਂ ਕਾਰਵਾਈਆਂ ਬਾਬਤ ਤੇ ਖ਼ਾਲਸਾ ਏਡ ਦੇ ਦਫ਼ਤਰ ਉੱਤੇ ਕੀਤੀ ਗਈ ਛਾਪੇਮਾਰੀ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਇਸ ਦਾ ਕੋਈ ਵੀ ਉੱਤਰ ਦੇਣਾ ਮੁਨਾਸਿਬ ਨਹੀਂ ਸਮਝਿਆ।
ਜ਼ਿਕਰ ਕਰ ਦਈਏ ਕਿ ਦਿਨਕਰ ਗੁਪਤਾ ਦਾ ਅੰਮ੍ਰਿਤਸਰ ਨਾਲ ਡੂੰਘਾ ਸਬੰਧ ਰਿਹਾ ਹੈ ਕਿਉਂਕਿ ਡੀਜੀਪੀ ਹੋਣ ਦੇ ਬਾਵਜੂਦ ਉਹ ਕਈ ਵਾਰ ਅੰਮ੍ਰਿਤਸਰ ਆ ਚੁੱਕੇ ਹਨ। ਉਨ੍ਹਾਂ ਦੀ ਪਤਨੀ ਆਈਏਐਸ ਵਿਨੀ ਮਹਾਜਨ ਪੰਜਾਬ ਦੀ ਮੁੱਖ ਸਕੱਤਰ ਰਹਿ ਚੁੱਕੀ ਹੈ। ਦਿਨਕਰ ਗੁਪਤਾ ਦਾ ਸਹੁਰਾ ਘਰ ਅੰਮ੍ਰਿਤਸਰ ਵਿੱਚ ਹੈ ਅਤੇ ਵਿੰਨੀ ਮਹਾਜਨ ਨੇ ਆਪਣਾ ਬਚਪਨ ਅੰਮ੍ਰਿਤਸਰ ਵਿੱਚ ਬਿਤਾਇਆ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।