Amritsar News: 24 ਜੁਲਾਈ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਬਾਣੀ ਦੇ ਪ੍ਰਸਾਰਨ ਲਈ ਆਪਣਾ ਵੱਖਰਾ ਚੈਨਲ ਚਲਾਉਣ ਦਾ ਐਲਾਨ ਕੀਤਾ ਹੈ। ਇਸ ਤੋਂ ਬਾਅਦ ਹੁਣ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਮੇਟੀ ਨੂੰ ਕਿਹਾ ਹੈ ਕਿ ਯੂ-ਟਿਊਬ ਦੇ ਨਾਲ-ਨਾਲ ਕਿਸੇ ਹੋਰ ਚੈਨਲ ਨੂੰ ਵੀ ਗੁਰਬਾਣੀ ਦਾ ਪ੍ਰਸਾਰਨ ਕਰਨ ਦੇ ਅਧਿਕਾਰ ਦਿੱਤੇ ਜਾਣ।


ਇਸ ਬਾਬਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਕਿਹਾ ਕਿਹਾ ਕਿ ਸੰਗਤ ਬਹੁਤ ਦੇਰ ਤੋਂ ਮੰਗ ਕਰ ਰਹੀ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣਾ ਚੈਨਲ ਆਰੰਭ ਕਰੇ। ਪਿਛਲੇ ਦਿਨੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪਣਾ ਯੂ - ਟਿਊਬ ਚੈਨਲ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ ਹੈ , ਜੋ ਬੜੀ ਖੁਸ਼ੀ ਦੀ ਗੱਲ ਹੈ ਪਰ ਸੰਗਤ ਵੱਲੋਂ ਫੋਨ ਅਤੇ ਸ਼ੋਸ਼ਲ ਮੀਡੀਆ ਰਾਹੀਂ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਯੂ - ਟਿਊਬ ਰਾਹੀਂ ਸਾਰੀਆਂ ਸੰਗਤਾਂ ਦਰਸ਼ਨ ਦੀਦਾਰ ਅਤੇ ਕੀਰਤਨ ਸਰਵਣ ਨਹੀਂ ਕਰ ਸਕਣਗੀਆਂ ਕਿਉਂਕਿ ਸਭ ਜਗਾ ਇੰਟਰਨੈੱਟ ਦੀ ਸਹੂਲਤ ਨਹੀਂ ਹੈ।


ਜਥੇਦਾਰ ਨੇ ਕਿਹਾ ਕਿ ਬਹੁਤ ਸਾਰੀ ਸੰਗਤ ਅਜਿਹੀ ਹੈ ਜਿਸ ਕੋਲ ਨਾ ਤਾਂ ਸਮਾਰਟ ਫੋਨ ਹੈ ਅਤੇ ਨਾ ਹੀ ਸਮਾਰਟ ਟੀਵੀ ਹਨ ਜਿਸ ਕਰਕੇ ਬਹੁਤਾਤ ਸੰਗਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ , ਕੀਰਤਨ , ਗੁਰਬਾਣੀ ਆਦਿ ਤੋਂ ਵਾਂਝੀ ਰਹਿ ਜਾਵੇਗੀ। 


ਇਸ ਲਈ ਸਿੰਘ ਸਾਹਿਬ ਜੀ ਨੇ ਸੰਗਤਾਂ ਦੀਆਂ ਭਾਵਨਾਵਾਂ ਦਾ ਖਿਆਲ ਰੱਖਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਦੇਸ਼ ਕੀਤਾ ਹੈ ਕਿ ਯੂ - ਟਿਊਬ ਚੈਨਲ ਦੇ ਨਾਲ-ਨਾਲ ਕਿਸੇ ਸੈਟੇਲਾਈਟ ਚੈਨਲ ਰਾਹੀਂ ਵੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਨਿਰਵਿਘਨ ਗੁਰਬਾਣੀ ਪ੍ਰਸਾਰਣ ਜਾਰੀ ਰੱਖਿਆ ਜਾਵੇ ਤਾਂ ਜੋ ਕੋਈ ਵੀ ਸੰਗਤ ਗੁਰਬਾਣੀ ਕੀਰਤਨ ਸਰਵਣ ਕਰਨ ਅਤੇ ਦਰਸ਼ਨ ਦੀਦਾਰ ਕਰਨ ਤੋਂ ਵਾਂਝੀ ਨਾ ਰਹੇ ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।