Amritsar News: ਪਤਨੀ ਨਾਲ ਨਾਜਾਇਜ਼ ਸਬੰਧਾਂ ਦੇ ਸ਼ੱਕ ਤਹਿਤ ਇੱਕ ਵਿਅਕਤੀ ਨੂੰ ਸੁਪਾਰੀ ਦੇ ਕੇ ਕਤਲ ਕਰਵਾਉਣ ਦੀ ਸਾਜ਼ਿਸ਼ ਤਹਿਤ ਪੁਲਿਸ ਨੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਵਿਅਕਤੀਆਂ ਦੀ ਸ਼ਨਾਖਤ ਵਰਿੰਦਰ ਸਿੰਘ ਉਰਫ ਬੰਟੀ ਉਰਫ ਬਿੱਲਾ ਤੇ ਜਗਮੋਹਨ ਸਿੰਘ ਜੱਗੂ ਵਜੋਂ ਹੋਈ ਹੈ। ਇਹ ਦੋਵੇਂ ਬਟਾਲਾ ਰੋਡ ਇਲਾਕੇ ਦੇ ਵਾਸੀ ਹਨ। 


 


ਫਿਲਹਾਲ ਇਨ੍ਹਾਂ ਦੇ ਤਿੰਨ ਸਾਥੀ ਫਰਾਰ ਹਨ, ਜਿਨ੍ਹਾਂ ਵਿੱਚੋਂ ਦੋ ਦੀ ਸ਼ਨਾਖਤ ਪੁਲਿਸ ਵੱਲੋਂ ਕਰ ਲਈ ਗਈ ਹੈ। ਪੁਲਿਸ ਵੱਲੋਂ ਇਸ ਸਬੰਧ ਵਿੱਚ 3 ਜੁਲਾਈ ਨੂੰ ਥਾਣਾ ਸਦਰ ਵਿਖੇ ਕੇਸ ਦਰਜ ਕੀਤਾ ਗਿਆ ਸੀ। ਇਸ ਮਾਮਲੇ ਵਿੱਚ ਰਿਸ਼ੀ ਸੇਠ ਨਾਂ ਦਾ ਵਿਅਕਤੀ ਗੋਲੀ ਲੱਗਣ ਨਾਲ ਜ਼ਖਮੀ ਹੋਇਆ ਸੀ। ਪੁਲਿਸ ਨੇ ਜ਼ਖਮੀ ਹੋਏ ਵਿਅਕਤੀ ਦੇ ਬਿਆਨਾਂ ਦੇ ਆਧਾਰ ’ਤੇ ਕੇਸ ਦਰਜ ਕੀਤਾ ਸੀ।


 


ਸ਼ਿਕਾਇਤਕਰਤਾ ਨੇ ਪੁਲਿਸ ਨੂੰ ਦੱਸਿਆ ਸੀ ਕਿ ਉਹ ਵਿਜੇ ਨਗਰ ਦੀ ਗਲੀ ਨੰਬਰ ਤਿੰਨ ਵਿੱਚ ਐਸਪੀ ਕੁਲਚਾ ਲੈਂਡ ਨਾਂ ਦੀ ਦੁਕਾਨ ਕਰਦਾ ਹੈ। 3 ਜੁਲਾਈ ਵਾਲੇ ਦਿਨ ਲਗਪਗ ਚਾਰ ਵਜੇ ਜਦੋਂ ਆਪਣੇ ਦੁਕਾਨ ’ਤੇ ਖੜ੍ਹਾ ਸੀ ਤਾਂ ਦੋ ਨੌਜਵਾਨ ਆਏ ਜਿਨ੍ਹਾਂ ਨੇ ਆਪਣੇ ਮੂੰਹ ਢਕੇ ਹੋਏ ਸਨ। ਉਨ੍ਹਾਂ ਨੇ ਕੋਈ ਐਡਰੈੱਸ ਪੁੱਛਿਆ ਤੇ ਤੁਰੰਤ ਪਿਸਤੌਲ ਨਾਲ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਅਚਨਚੇਤ ਵਾਪਰੀ ਘਟਨਾ ਸਮੇਂ ਉਸ ਨੇ ਬਚਾਅ ਦਾ ਯਤਨ ਕੀਤਾ ਪਰ ਇੱਕ ਗੋਲੀ ਉਸ ਦੇ ਮੋਢੇ ਵਿੱਚ ਲੱਗੀ ਤੇ ਦੂਸਰੀ ਲੱਤ ਵਿੱਚ। 


 


ਹਮਲਾਵਰ ਘਟਨਾ ਨੂੰ ਅੰਜਾਮ ਦੇਣ ਮਗਰੋਂ ਫਰਾਰ ਹੋ ਗਏ। ਇਸ ਸਬੰਧ ਵਿੱਚ ਜਾਣਕਾਰੀ ਦਿੰਦਿਆ ਪੁਲਿਸ ਦੇ ਏਡੀਸੀਪੀ ਪ੍ਰਭਜੋਤ ਸਿੰਘ ਵਿਰਕ ਤੇ ਏਸੀਪੀ ਵਰਿੰਦਰ ਸਿੰਘ ਖੋਸਾ ਨੇ ਦੱਸਿਆ ਕਿ ਇਸ ਘਟਨਾ ਦੇ ਮੁੱਖ ਸਾਜ਼ਿਸ਼ ਘਾੜੇ ਵਰਿੰਦਰ ਸਿੰਘ ਉਰਫ ਬੰਟੀ ਉਰਫ ਬਿੱਲਾ ਨੂੰ ਸ਼ੱਕ ਸੀ ਕਿ ਉਸ ਦੀ ਪਤਨੀ ਦੇ ਰਿਸ਼ੀ ਸੇਠ ਨਾਲ ਨਾਜਾਇਜ਼ ਸਬੰਧ ਹਨ। ਇਸੇ ਰੰਜਿਸ਼ ਤਹਿਤ ਉਸ ਨੇ ਰਿਸ਼ੀ ਸੇਠ ਨੂੰ ਮਰਵਾਉਣ ਵਾਸਤੇ ਗੋਲਡੀ ਤੇ ਮਨੀਸ਼ ਤੇ ਉਨ੍ਹਾਂ ਦੇ ਸਾਥੀਆਂ ਨੂੰ ਸੁਪਾਰੀ ਦਿੱਤੀ ਸੀ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।