Amritsar News: ਬਹੁਤ ਸਾਰੇ ਲੋਕ ਗੁਰੂ ਘਰ ਵਿੱਚ ਵੀ ਗੁੱਸੇ ਤੇ ਹੰਕਾਰ ਨਾਲ ਭਰੇ ਆਉਂਦੇ ਹਨ। ਇਸ ਦੀਆਂ ਮਿਸਾਲਾਂ ਅਕਸਰ ਹੀ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਅਜਿਹੀ ਹੀ ਘਟਨਾ ਐਤਵਾਰ ਸਵੇਰੇ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਵਾਪਰੀ। ਇੱਥੇ ਸੇਵਾਦਾਰ ਨੇ ਜਦੋਂ ਇੱਕ ਸ਼ਰਧਾਲੂ ਨੂੰ ਵਿਸ਼ੇਸ਼ ਰਸਤੇ ਰਾਹੀਂ ਅੰਦਰ ਨਾ ਜਾਣ ਦਿੱਤਾ ਤਾਂ ਉਸ ਨੇ ਪਿਸਤੌਲ ਤਾਣ ਲਈ। ਬਾਅਦ ਵਿੱਚ ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਤਾਂ ਮਾਮਲਾ ਸ਼ਾਂਤ ਹੋ ਗਿਆ।


ਹਾਸਲ ਜਾਣਕਾਰੀ ਮੁਤਾਬਕ ਵਿਸ਼ੇਸ਼ ਰਸਤੇ ਰਾਹੀਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਜਾਣ ਤੋਂ ਰੋਕਣ ’ਤੇ ਐਤਵਾਰ ਸਵੇਰੇ ਇੱਕ ਸ਼ਰਧਾਲੂ ਨੇ ਉੱਥੇ ਤਾਇਨਾਤ ਸੇਵਾਦਾਰ ਵੱਲ ਪਿਸਤੌਲ ਤਾਣ ਦਿੱਤੀ, ਜਿਸ ਨੂੰ ਬਾਅਦ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਪੁਲਿਸ ਨੂੰ ਸੌਂਪ ਦਿੱਤਾ ਗਿਆ। ਇਹ ਵਿਅਕਤੀ ਇੱਕ ਵੈੱਬ ਚੈਨਲ ਲਈ ਕੰਮ ਕਰਦਾ ਹੈ ਤੇ ਸ਼ਰਧਾਲੂ ਵਜੋਂ ਆਪਣੀ ਪਤਨੀ ਤੇ ਬੱਚੇ ਸਮੇਤ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਲਈ ਆਇਆ ਸੀ।


ਸੇਵਾਦਾਰਾਂ ਮੁਤਾਬਕ ਦਰਸ਼ਨੀ ਡਿਓਢੀ ਦੇ ਰਸਤੇ ਰਾਹੀਂ ਅੰਦਰ ਜਾਣ ਦੀ ਥਾਂ ਇਸ ਵਿਅਕਤੀ ਨੇ ਲਾਚੀ ਬੇਰ ਦੇ ਨਿਕਾਸੀ ਰਸਤੇ ਤੋਂ ਸ੍ਰੀ ਦਰਬਾਰ ਸਾਹਿਬ ਅੰਦਰ ਜਾਣ ਦੀ ਇਜਾਜ਼ਤ ਮੰਗੀ। ਇੱਥੇ ਤਾਇਨਾਤ ਸੇਵਾਦਾਰ ਨੇ ਔਰਤ ਤੇ ਬੱਚੇ ਨੂੰ ਤਾਂ ਇਸ ਅੰਦਰ ਜਾਣ ਦੀ ਇਜਾਜ਼ਤ ਦੇ ਦਿੱਤੀ ਪਰ ਪੱਤਰਕਾਰ ਨੂੰ ਮੁੱਖ ਗੇਟ ਰਾਹੀਂ ਆਉਣ ਲਈ ਕਿਹਾ।


ਇਸ ਮੁੱਦੇ ਨੂੰ ਲੈ ਕੇ ਇਸ ਵਿਅਕਤੀ ਤੇ ਸੇਵਾਦਾਰ ਵਿਚਾਲੇ ਬਹਿਸ ਹੋ ਗਈ। ਇਸ ਮਗਰੋਂ ਸੇਵਾਦਾਰ ’ਤੇ ਗੁੱਸਾ ਕੱਢਣ ਤੋਂ ਬਾਅਦ ਉਸ ਨੇ ਕਥਿਤ ਤੌਰ ’ਤੇ ਸੇਵਾਦਾਰ ’ਤੇ ਆਪਣਾ ਪਿਸਤੌਲ ਤਾਣ ਦਿੱਤਾ। ਸੇਵਾਦਾਰ ਨੇ ਰੌਲਾ ਪਾਇਆ ਤਾਂ ਕੁਝ ਸ਼ਰਧਾਲੂਆਂ ਤੇ ਸ਼੍ਰੋਮਣੀ ਕਮੇਟੀ ਦੇ ਸਟਾਫ਼ ਨੇ ਉਸ ਵਿਅਕਤੀ ਨੂੰ ਕਾਬੂ ਕਰ ਲਿਆ ਤੇ ਗਲਿਆਰਾ ਪੁਲੀਸ ਚੌਕੀ ਹਵਾਲੇ ਕਰ ਦਿੱਤਾ।


ਇਹ ਵੀ ਪੜ੍ਹੋ: Viral Video: ਇੱਕ ਵਿਅਕਤੀ ਨੇ ਇੱਕ ਹੀ ਦਰੱਖਤ ਵਿੱਚ ਉਗਾਏ ਅੰਗੂਰ, ਅੰਬ ਅਤੇ ਸੇਬ, ਇਸ ਤਕਨੀਕ ਦੀ ਕੀਤੀ ਵਰਤੋਂ, ਤੁਸੀਂ ਵੀ ਆਪਣੇ ਬਗੀਚੇ ਵਿੱਚ ਅਜਿਹਾ ਕਾਰਨਾਮਾ ਕਰ ਸਕਦੇ ਹੋ


ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਨੇ ਇਸ ਪ੍ਰਤੀ ਨਰਮ ਰਵੱਈਆ ਅਪਣਾਇਆ ਕਿਉਂਕਿ ਉਹ ਪਰਿਵਾਰ ਸਮੇਤ ਸ਼ਰਧਾਲੂ ਵਜੋਂ ਇੱਥੇ ਮੱਥਾ ਟੇਕਣ ਆਇਆ ਸੀ। ਸ਼੍ਰੋਮਣੀ ਕਮੇਟੀ ਸੂਤਰਾਂ ਨੇ ਕਿਹਾ ਕਿ ਇਸ ਵਿਅਕਤੀ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਤੇ ਉਸ ਨੇ ਆਪਣੇ ਵਿਹਾਰ ਲਈ ਮੁਆਫੀ ਮੰਗੀ। ਇਸ ਲਈ ਸ਼੍ਰੋਮਣੀ ਕਮੇਟੀ ਨੇ ਉਸ ਖ਼ਿਲਾਫ਼ ਪੁਲੀਸ ਨੂੰ ਸ਼ਿਕਾਇਤ ਨਹੀਂ ਦਿੱਤੀ।


ਇਹ ਵੀ ਪੜ੍ਹੋ: Trending News: ਮੱਕੜੀਆਂ ਨੇ ਬਣਾਇਆ ਕਰੋੜਪਤੀ! ਮਿਲਿਆ ਅਜਿਹਾ ਖਜ਼ਾਨਾ ਕਿ ਪੂਰੀ ਉਮਰ ਨਹੀਂ ਮੁੱਕੇਗਾ