ਸ੍ਰੀ ਦਰਬਾਰ ਸਾਹਿਬ ਜਾਣ ਵਾਲੇ ਲੋਕਾਂ ਲਈ ਇੱਕ ਅਹਿਮ ਖ਼ਬਰ ਸਾਹਮਣੇ ਆਈ ਹੈ। ਅਸਲ ਵਿੱਚ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵੱਲ ਜਾਣ ਵਾਲੇ ਰਸਤੇ ‘ਤੇ ਪਲਾਸਟਿਕ ਦੀ ਵਰਤੋਂ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ।ਇਸ ਲਈ ਦੁਕਾਨਦਾਰਾਂ ਨੂੰ ਇੱਕ ਹਫਤੇ ਦਾ ਅਲਟੀਮੇਟਮ ਵੀ ਜਾਰੀ ਕਰ ਦਿੱਤਾ ਗਿਆ ਹੈ।

ਗੌਰਤਲਬ ਹੈ ਕਿ, ਸ੍ਰੀ ਦਰਬਾਰ ਸਾਹਿਬ ਵੱਲ ਜਾਣ ਵਾਲੇ ਮੱਖੀ ਰਸਤੇ ਨੂੰ ਸਾਫ਼-ਸੁਥਰਾ ਬਣਾਉਣ ਦੀ ਪਹਿਲ ਤਹਿਤ ਡੀ.ਸੀ. ਸਾਖਸ਼ੀ ਸਾਹਨੀ ਨੇ ਆਪਣੀ ਟੀਮ ਨਾਲ ਹੈਰੀਟੇਜ ਸਟ੍ਰੀਟ ਦਾ ਦੌਰਾ ਕੀਤਾ। ਇਸ ਦੌਰੇ ਦੌਰਾਨ ਡੀਸੀ ਸਾਖਸ਼ੀ ਸਾਹਨੀ ਨੇ ਦੁਕਾਨਦਾਰਾਂ ਨੂੰ ਗੈਰਕਾਨੂੰਨੀ ਕਬਜ਼ੇ ਹਟਾਉਣ ਲਈ ਕਿਹਾ ਅਤੇ ਇੱਕ ਹਫ਼ਤੇ ਦੇ ਅੰਦਰ ਪਲਾਸਟਿਕ ਦੀ ਵਰਤੋਂ ਬੰਦ ਕਰਨ ‘ਤੇ ਜ਼ੋਰ ਦਿੱਤਾ।

ਡੀਸੀ ਨੇ ਦੁਕਾਨਦਾਰਾਂ ਨੂੰ ਸਾਫ਼ ਸੂਚਿਤ ਕੀਤਾ ਕਿ ਉਨ੍ਹਾਂ ਕੋਲ ਸਿਰਫ਼ ਇੱਕ ਹਫ਼ਤਾ ਦਾ ਸਮਾਂ ਹੈ। ਜੇਕਰ ਉਨ੍ਹਾਂ ਵੱਲੋਂ ਇਹ ਨਿਰਦੇਸ਼ ਨਾ ਮੰਨਿਆ ਗਿਆ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਦੱਸਣਯੋਗ ਹੈ ਕਿ ਅੰਮ੍ਰਿਤਸਰ ਦੀਆਂ ਸੜਕਾਂ ਨੂੰ ਵੱਖ-ਵੱਖ ਅਧਿਕਾਰੀਆਂ ਵੱਲੋਂ ਗੋਦ ਲਿਆ ਗਿਆ ਹੈ। ਇਸ ਤਹਿਤ ਡੀਸੀ ਸਾਖਸ਼ੀ ਸਾਹਨੀ ਨੇ ਹੈਰੀਟੇਜ ਸਟ੍ਰੀਟ ਨੂੰ ਗੋਦ ਲਿਆ ਹੈ, ਜਿਸ ਤਹਿਤ ਉਨ੍ਹਾਂ ਨੇ ਸਫਾਈ ਅਤੇ ਰੱਖ-ਰਖਾਵ ਲਈ ਇਹ ਹੁਕਮ ਜਾਰੀ ਕੀਤੇ ਹਨ।

ਪਲਾਸਟਿਕ ‘ਤੇ ਪੂਰੀ ਤਰ੍ਹਾਂ ਪਾਬੰਦੀ

ਜਾਰੀ ਕੀਤੇ ਗਏ ਹੁਕਮਾਂ ਵਿੱਚ ਜਿੱਥੇ ਪਲਾਸਟਿਕ ’ਤੇ ਪਾਬੰਦੀ ਲਗਾਈ ਗਈ ਹੈ, ਉੱਥੇ ਪੁਰਾਣੀ ਸਬਜ਼ੀ ਮੰਡੀ ਵਿੱਚ ਪਏ ਮਲਬੇ ਨੂੰ ਸਾਫ਼ ਕਰਨ ਅਤੇ ਪਾਰਕਿੰਗ ਸਥਾਨ ਬਣਾਉਣ ਲਈ ਕਿਹਾ ਗਿਆ ਹੈ। ਨਾਲ ਹੀ, ਹੈਰੀਟੇਜ ਸਟਰੀਟ ਦੀਆਂ ਮੂਰਤੀਆਂ ਅਤੇ ਪ੍ਰਤੀਮਾਵਾਂ ਦੇ ਨੇੜੇ ਪਏ ਕੂੜੇਦਾਨਾਂ ਨੂੰ ਹਟਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਧਰਮ ਸਿੰਘ ਮਾਰਕੀਟ ਦੇ ਬਾਹਰ ਫੁਹਾਰਾ ਅਤੇ ਲਾਈਟ ਦਾ ਪ੍ਰਬੰਧ ਕਰਨ ਅਤੇ ਹੋਰ ਆਕਰਸ਼ਕ ਢਾਂਚੇ ਬਣਾਉਣ ਦੀ ਯੋਜਨਾ ਬਣਾਈ ਗਈ ਹੈ। ਟਾਊਨ ਹਾਲ ਦੇ ਬਾਗ਼ ਦੀ ਨਿਯਮਤ ਦੇਖਭਾਲ ਅਤੇ ਵਾਟਰ ਏਟੀਐਮ ਦੀ ਨਿਰੰਤਰ ਕਾਰਜਪ੍ਰਣਾਲੀ ਦੀ ਜਾਂਚ ਦੇ ਹੁਕਮ ਦਿੱਤੇ ਗਏ ਹਨ। ਡੀਸੀ ਨੇ ਵਿਭਾਗ ਨੂੰ ਕਿਹਾ ਹੈ ਕਿ ਹਫ਼ਤੇ ਵਿੱਚ ਘੱਟੋ-ਘੱਟ ਇੱਕ ਪ੍ਰੋਗਰੈੱਸ ਜ਼ਰੂਰ ਹੋਣੀ ਚਾਹੀਦੀ ਹੈ। ਨਾਲ ਹੀ, ਲੋਕਾਂ ਦਾ ਫੀਡਬੈਕ ਲੈਣ ਲਈ ਵੀ ਕਿਹਾ ਗਿਆ ਹੈ, ਜਿਸ ਲਈ ਗੂਗਲ ਫਾਰਮ ਵੀ ਤਿਆਰ ਕੀਤਾ ਗਿਆ ਹੈ।