Punjab News: ਅੰਮ੍ਰਿਤਸਰ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਨਿਹੰਗ ਸਿੰਘ ਨੇ ਚਰਿੱਤਰ 'ਤੇ ਸ਼ੱਕ ਕਰਨ 'ਤੇ ਆਪਣੀ ਧੀ ਦਾ ਕਿਰਪਾਨ ਨਾਲ ਕਤਲ ਕਰ ਦਿੱਤਾ। ਇਸ ਤੋਂ ਬਾਅਦ ਵੀ ਪਿਤਾ ਦਾ ਗੁੱਸਾ ਸ਼ਾਂਤ ਨਾ ਹੋਇਆ ਤਾਂ ਉਸ ਨੇ ਧੀ ਦੀ ਲਾਸ਼ ਨੂੰ ਆਪਣੇ ਦੁਪੱਟੇ ਨਾਲ ਮੋਟਰਸਾਈਕਲ ਦੇ ਪਿਛਲੇ ਹਿੱਸੇ ਨਾਲ ਬੰਨ੍ਹ ਕੇ 350 ਮੀਟਰ ਤੱਕ ਘਸੀਟ ਕੇ ਰੇਲਵੇ ਫਾਟਕ ਕੋਲ ਸੁੱਟ ਦਿੱਤਾ। ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।


ਬਿਨਾਂ ਦੱਸੇ ਘਰੋਂ ਬਾਹਰ ਚੱਲੀ ਗਈ ਸੀ ਧੀ 


ਇਹ ਸਾਰਾ ਮਾਮਲਾ ਅੰਮ੍ਰਿਤਸਰ ਜ਼ਿਲ੍ਹੇ ਦੇ ਤਰਸਿੱਕਾ ਥਾਣੇ ਅਧੀਨ ਪੈਂਦੇ ਪਿੰਡ ਮੁੱਛਲ ਦਾ ਹੈ। ਜਿੱਥੇ ਦਲਬੀਰ ਸਿੰਘ ਉਰਫ਼ ਬਾਊ ਦੀ 20 ਸਾਲਾ ਪੁੱਤਰੀ ਸੁਮਨਦੀਪ ਕੌਰ ਬੁੱਧਵਾਰ ਨੂੰ ਬਿਨਾਂ ਦੱਸੇ ਘਰੋਂ ਚਲੀ ਗਈ ਸੀ। ਪਰਿਵਾਰਕ ਮੈਂਬਰਾਂ ਨੇ ਸੁਮਨਦੀਪ ਕੌਰ ਦੀ ਕਾਫੀ ਭਾਲ ਕੀਤੀ ਪਰ ਉਹ ਕਿਤੇ ਨਹੀਂ ਮਿਲੀ। ਫਿਰ ਵੀਰਵਾਰ ਦੁਪਹਿਰ ਅਚਾਨਕ ਉਹ ਵਾਪਸ ਪਰਤ ਆਈ ਤਾਂ ਉਸ ਨੂੰ ਵੇਖ ਕੇ ਉਸ ਦਾ ਪਿਤਾ ਦਲਬੀਰ ਸਿੰਘ ਉਰਫ਼ ਬਾਊ ਭੜਕ ਉੱਠਿਆ। ਜਿਸ ਤੋਂ ਬਾਅਦ ਉਹ ਆਪਣੀ ਧੀ ਸੁਮਨਦੀਪ ਕੌਰ ਨੂੰ ਆਪਣੀ ਦੁਕਾਨ 'ਤੇ ਲੈ ਗਿਆ ਅਤੇ ਉਥੇ ਉਸ ਨੇ ਕਿਰਪਾਨ ਨਾਲ ਉਸ 'ਤੇ ਜ਼ੋਰਦਾਰ ਹਮਲਾ ਕਰ ਦਿੱਤਾ, ਜਦੋਂ ਤੱਕ ਸੁਮਨਦੀਪ ਕੌਰ ਦੀ ਮੌਤ ਨਹੀਂ ਹੋ ਗਈ, ਉਹ ਉਸ ਉੱਤੇ ਵਾਰ-ਵਾਰ ਹਮਲਾ ਕਰਦਾ ਰਿਹਾ।



ਧੀ ਦੀ ਲਾਸ਼ ਨੂੰ ਘੜੀਸਦਾ ਲੈ ਗਿਆ ਪਿਤਾ 


ਇਸ ਤੋਂ ਬਾਅਦ ਵੀ ਦੋਸ਼ੀ ਪਿਤਾ ਦਲਬੀਰ ਸਿੰਘ ਉਰਫ਼ ਬਾਊ ਦੀ ਤਸੱਲੀ ਨਾ ਹੋਈ ਤਾਂ ਉਸ ਨੇ ਆਪਣੀ ਧੀ ਸੁਮਨਦੀਪ ਕੌਰ ਦੀਆਂ ਦੋਵੇਂ ਲੱਤਾਂ ਦੁਪੱਟੇ ਨਾਲ ਬੰਨ੍ਹ ਕੇ ਮੋਟਰਸਾਈਕਲ ਦੇ ਪਿੱਛੇ ਲਟਕਾ ਦਿੱਤੀਆਂ। ਇਸ ਤੋਂ ਬਾਅਦ ਉਸ ਨੂੰ ਬਾਜ਼ਾਰ 'ਚੋਂ 350 ਮੀਟਰ ਦੂਰ ਟਾਂਗਰਾ ਗੇਟ 'ਤੇ ਘੜੀਸ ਕੇ ਲੈ ਗਿਆ ਅਤੇ ਲਾਸ਼ ਨੂੰ ਉਥੇ ਸੁੱਟ ਕੇ ਦੋਸ਼ੀ ਪਿਤਾ ਦਲਬੀਰ ਸਿੰਘ ਉਰਫ਼ ਬਾਊ ਫਰਾਰ ਹੋ ਗਿਆ। ਇਹ ਸਾਰੀ ਘਟਨਾ ਦੁਕਾਨ 'ਤੇ ਲੱਗੇ ਸੀਸੀਟੀਵੀ 'ਚ ਕੈਦ ਹੋ ਗਈ। ਪਿੰਡ ਵਾਸੀਆਂ ਨੇ ਪੁਲਿਸ ਨੂੰ ਇਸ ਸਾਰੇ ਮਾਮਲੇ ਦੀ ਜਾਣਕਾਰੀ ਦਿੱਤੀ ਜਿਸ ਤੋਂ ਬਾਅਦ ਡੀਐਸਪੀ ਜੰਡਿਆਲਾ ਗੁਰੂ ਕੁਲਦੀਪ ਸਿੰਘ ਆਪਣੀ ਪੁਲਿਸ ਟੀਮ ਸਮੇਤ ਮੌਕੇ ’ਤੇ ਪਹੁੰਚੇ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ।