Tarn Taran RPG attack : ਤਰਨਤਾਰਨ ਦੇ ਸਰਹਾਲੀ ਥਾਣੇ 'ਚ ਹੋਏ ਆਰਪੀਜੀ ਅਟੈਕ ਦੇ ਮਾਮਲੇ 'ਚ ਪੁਲਿਸ ਦੀ ਜਾਂਚ ਮੁਤਾਬਕ ਇਸ ਸਾਰੀ ਘਟਨਾ ਦਾ ਵੱਡਾ ਹਿੱਸਾ ਜੇਲ੍ਹ 'ਚੋਂ ਬੈਠ ਕੇ ਕੁੱਝ ਮੁਲਜਮਾਂ ਵੱਲੋਂ ਪਲਾਨ ਕੀਤੇ ਜਾਣ ਦੇ ਸੰਕੇਤ ਮਿਲ ਰਹੇ ਹਨ,ਜਿਨਾਂ ਨੇ ਬਾਹਰ ਦੇ ਕੁਝਮੈਂਬਰਾਂ ਨਾਲ ਮਿਲ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ। ਇਸ ਮਾਮਲੇ ਦੀ ਤਫਤੀਸ਼ ਨੂੰ ਲਗਾਤਾਰ ਤਰਨਤਾਰਨ ਪੁਲਿਸ ਤੇ ਕਾਊਂਟਰ ਇੰਟੈਲੀਜੈੰਸ ਦੀਆਂ ਟੀਮਾਂ ਅੱਗੇ ਵਧਾ ਰਹੀਆਂ ਹਨ।
ਪੁਲਿਸ ਦੀ ਜਾਂਚ ਮੁਤਾਬਕ ਇਸ ਹਮਲੇ ਨੂੰ ਪੰਜ ਅੱਤਵਾਦੀ-ਗੈਂਗਸਟਰਾਂ ਨੇ ਅੰਜਾਮ ਦਿੱਤਾ ਹੈ। ਇਨ੍ਹਾਂ ਵਿੱਚ ਸ਼ਾਮਲ ਲੋਕ ਹਰੀਕੇ ਪੱਤਣ ਵਾਲੇ ਪਾਸਿਓਂ ਬਾਈਕ ਅਤੇ ਬਰੇਜਾ ਕਾਰ ਰਾਹੀਂ ਆਏ ਸਨ। ਇਹ ਸਾਰੇ ਲੋਕ ਹਰੀਕੇ ਪੱਤਣ ਅਤੇ ਸਰਹਾਲੀ ਵਿਚਕਾਰ ਹਾਈਵੇਅ ’ਤੇ ਸਥਿਤ ਇੱਕ ਢਾਬੇ ’ਤੇ ਵੀ ਰੁਕੇ ਸਨ। ਇਨ੍ਹਾਂ ਦੀਆਂ ਤਸਵੀਰਾਂ ਢਾਬੇ ਨੇੜੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈਆਂ ਹਨ।
ਦੱਸ ਦੇਈਏ ਕਿ ਸਰਹਾਲੀ ਥਾਣੇ ਦੇ ਐਸਐਚਓ ਪ੍ਰਕਾਸ਼ ਸਿੰਘ ਦਾ ਤਬਾਦਲਾ ਕਰਾਈਮ ਇਨਵੈਸਟੀਗੇਸ਼ਨ ਏਜੰਸੀ (ਸੀਆਈਏ) ਵਿੰਗ ਵਿੱਚ ਕਰ ਦਿੱਤਾ ਹੈ। ਉਨ੍ਹਾਂ ਦੀ ਥਾਂ ’ਤੇ ਪੱਟੀ ਥਾਣੇ ਦੇ ਐਸਐਚਓ ਸੁਖਬੀਰ ਸਿੰਘ ਨੂੰ ਨਿਯੁਕਤ ਕੀਤਾ ਗਿਆ ਹੈ। ਪੰਜਾਬ ਪੁਲਿਸ ਦੀਆਂ ਕਰੀਬ 19 ਟੀਮਾਂ ਮਾਮਲੇ ਦੀ ਜਾਂਚ ਵਿੱਚ ਜੁਟੀਆਂ ਹੋਈਆਂ ਹਨ। ਇਸ ਵਿੱਚ ਫੋਰੈਂਸਿਕ ਅਤੇ ਸਾਈਬਰ ਮਾਹਿਰਾਂ ਸਮੇਤ ਕਈ ਮਾਹਿਰ ਸ਼ਾਮਲ ਹਨ।