Amritsar News: ਸ਼ਹਿਰ ਦੇ ਵੇਰਕਾ ਬਾਈਪਾਸ ਰੋਡ ਸਥਿਤ ਮੈਰਿਜ ਪੈਲੇਸ ਦੇ ਕਮਰੇ ਵਿੱਚ ਦੋ ਵਿਅਕਤੀਆਂ ਦੀ ਭੇਤਭਰੀ ਹਾਲਤ ਵਿੱਚ ਹੋਈ ਮੌਤ ਬੁਝਾਰਤ ਬਣੀ ਹੋਈ ਹੈ। ਬੇਸ਼ੱਕ ਪੁਲਿਸ ਦਾ ਕਹਿਣਾ ਹੈ ਕਿ ਇਹ ਮੌਤ ਸਾਹ ਘੁਟਣ ਕਾਰਨ ਹੋਈ ਹੈ ਪਰ ਪਰਿਵਾਰਕ ਮੈਂਬਰਾਂ ਦਾ ਦਾਅਵਾ ਹੈ ਕਿ ਮ੍ਰਿਤਕ ਦੇ ਗੁੱਟ ‘ਤੇ ਸੱਟ ਦੇ ਨਿਸ਼ਾਨ ਸਨ। ਹੁਣ ਪੁਲਿਸ ਨੇ ਕਿਹਾ ਹੈ ਕਿ ਪੋਸਟਮਾਰਟਮ ਤੋਂ ਬਾਅਦ ਮੌਤ ਦੇ ਕਾਰਨਾਂ ਦਾ ਪਤਾ ਲੱਗ ਸਕੇਗਾ। ਫਿਲਹਾਲ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਦੱਸ ਦਈਏ ਕਿ ਵੀਰਵਾਰ ਨੂੰ ਮੈਰਿਜ ਪੈਲੇਸ ਦੇ ਕਮਰੇ ਵਿੱਚ ਦੋ ਵਿਅਕਤੀਆਂ ਦੀ ਭੇਤਭਰੀ ਹਾਲਤ ਵਿੱਚ ਮੌਤ ਹੋ ਗਈ ਸੀ। ਘਟਨਾ ਦਾ ਪਤਾ ਸਵੇਰੇ ਉਸ ਸਮੇਂ ਲੱਗਾ ਸੀ ਜਦੋਂ ਮੈਰਿਜ ਪੈਲੇਸ ਦਾ ਅਮਲਾ ਉੱਥੇ ਪਹੁੰਚਿਆ ਸੀ। ਮ੍ਰਿਤਕਾਂ ਦੀ ਪਛਾਣ ਬਲਵਿੰਦਰ ਸਿੰਘ (50) ਵਾਸੀ ਪਿੰਡ ਨੰਗਲੀ ਵਜੋਂ ਹੋਈ ਸੀ, ਜੋ ਸਾਬਕਾ ਫੌਜੀ ਸੀ ਤੇ ਤਜਿੰਦਰ ਕੁਮਾਰ (32) ਵਜੋਂ ਹੋਈ ਸੀ। ਬਲਵਿੰਦਰ ਸਿੰਘ ਪੈਲੇਸ ਵਿੱਚ ਸੁਰੱਖਿਆ ਕਰਮਚਾਰੀ ਵਜੋਂ ਕੰਮ ਕਰਦਾ ਸੀ।
ਪੁਲਿਸ ਨੇ ਕਿਹਾ ਹੈ ਕਿ ਮੁੱਢਲੀ ਜਾਂਚ ਦੌਰਾਨ ਇਹ ਲੱਗ ਰਿਹਾ ਹੈ ਕਿ ਦੋਵਾਂ ਦੀ ਮੌਤ ਸਾਹ ਘੁਟਣ ਕਾਰਨ ਹੋਈ ਹੈ ਕਿਉਂਕਿ ਕਮਰੇ ਵਿੱਚ ਕੋਲੇ ਦੀ ਇੱਕ ਛੋਟੀ ਭੱਠੀ ਰੱਖੀ ਹੋਈ ਸੀ। ਦੂਜੇ ਵਾਸੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮ੍ਰਿਤਕ ਦੇ ਗੁੱਟ ‘ਤੇ ਸੱਟ ਦੇ ਨਿਸ਼ਾਨ ਸਨ। ਇਸ ਦੌਰਾਨ ਉਨ੍ਹਾਂ ਪੁਲਿਸ ਤੋਂ ਮੰਗ ਕੀਤੀ ਕਿ ਘਟਨਾ ਦੀ ਜਾਂਚ ਕੀਤੀ ਜਾਵੇ।
ਇਸ ਦੌਰਾਨ ਬਲਵਿੰਦਰ ਦੇ ਰਿਸ਼ਤੇਦਾਰ ਕਸ਼ਮੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਵੀਰਵਾਰ ਸਵੇਰੇ 9 ਵਜੇ ਦੇ ਘਟਨਾ ਸਬੰਧੀ ਸੂਚਨਾ ਮਿਲੀ ਕਿ ਉਸ ਦੀ ਮੌਤ ਹੋ ਗਈ ਹੈ। ਉਸ ਦੇ ਨਾਲ ਕਮਰੇ ਵਿੱਚ ਇੱਕ ਹੋਰ ਵਿਅਕਤੀ ਦੀ ਵੀ ਮੌਤ ਹੋ ਗਈ ਹੈ। ਕੜਾਕੇ ਦੀ ਠੰਢ ਕਾਰਨ ਉਨ੍ਹਾਂ ਨੇ ਕਮਰੇ ਨੂੰ ਗਰਮ ਕਰਨ ਲਈ ਕੋਲੇ ਦੀ ਛੋਟੀ ਭੱਠੀ ਰੱਖੀ ਹੋਈ ਸੀ।
ਤਜਿੰਦਰ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਉਸ ਦੇ ਗੁੱਟ ‘ਤੇ ਸੱਟ ਦਾ ਨਿਸ਼ਾਨ ਸੀ। ਉਸ ਨੇ ਕਿਹਾ ਕਿ ਪੁਲਿਸ ਨੇ ਪਰਿਵਾਰ ਨੂੰ ਸੂਚਿਤ ਕੀਤਾ ਕਿ ਛੋਟੀ ਕੋਲੇ ਦੀ ਭੱਠੀ ਤੋਂ ਨਿਕਲਣ ਵਾਲੀ ਜ਼ਹਿਰੀਲੀ ਗੈਸ ਦੇ ਕਾਰਨ ਸਾਹ ਘੁਟਣ ਉਨ੍ਹਾਂ ਦੀ ਮੌਤ ਹੋਈ ਹੈ। ਮਾਮਲੇ ਦੀ ਜਾਂਚ ਕਰ ਰਹੇ ਪੁਲੀਸ ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿ ਪੋਸਟਮਾਰਟਮ ਤੋਂ ਬਾਅਦ ਮੌਤ ਦੇ ਕਾਰਨਾਂ ਦਾ ਪਤਾ ਲੱਗ ਸਕੇਗਾ। ਫਿਲਹਾਲ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।