Sidhu Moose Wala: ਸਿੱਧੂ ਮੂਸੇਵਾਲਾ ਦੇ ਹਵੇਲੀ ਹਰ ਐਤਵਾਰ ਵੱਡੀ ਗਿਣਤੀ ਵਿੱਚ ਮੂਸੇ ਵਾਲਾ ਨੂੰ ਚਾਹੁਣ ਵਾਲੇ ਪਹੁੰਚਦੇ ਹਨ ਜਿਨ੍ਹਾਂ ਨੂੰ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸੰਬੋਧਨ ਕਰਦੇ ਹਨ। ਇਸ ਮੌਕੇ ਬਲਕੌਰ ਸਿੱਧੂ ਨੇ ਕਿਹਾ ਕਿ  ਮਾਨਯੋਗ ਅਦਾਲਤ ਨੇ ਪਿਛਲੇ ਦਿਨਾਂ ਦੇ ਵਿੱਚ ਬਹੁਤ ਹੀ ਵਧੀਆ ਐਕਸ਼ਨ ਲਏ ਹਨ ਅਤੇ ਸਾਨੂੰ ਉਮੀਦ ਵੀ ਹੈ ਕਿ ਮਾਨਯੋਗ ਅਦਾਲਤ ਤੋਂ ਇਨਸਾਫ਼ ਜ਼ਰੂਰ ਮਿਲੇਗਾ।


ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਜੇ ਅੱਜ ਪੰਜਾਬ ਦੀਆਂ ਜੇਲਾ ਦੀ ਗੱਲ ਕੀਤੀ ਜਾਵੇ ਤਾਂ ਸਰਕਾਰ ਤੋਂ ਜੇਲ੍ਹਾਂ ਵੀ ਬਾਗ਼ੀ ਹੋ ਚੁੱਕੀਆਂ ਹਨ ਅਤੇ ਜੇਲ੍ਹਾਂ ਦੇ ਵਿੱਚ ਸ਼ਰੇਆਮ ਮੋਬਾਈਲ ਫੋਨ ਦੀ ਵਰਤੋਂ ਕੀਤੀ ਜਾ ਰਹੀ ਹੈ ਵੀਡੀਓ ਕਾਲ ਕੀਤੀ ਜਾ ਰਹੀ ਹੈ ਅਤੇ ਨਸ਼ੇ ਸ਼ਰੇਆਮ ਜੇਲਾਂ ਦੇ ਵਿੱਚ ਵਿਕ ਰਹੇ ਹਨ।


ਬਲਕੌਰ ਸਿੱਧੂ ਨੇ ਕਿਹਾ ਕਿ ਮੇਰੇ ਪੁੱਤ ਦੇ ਕਾਤਲਾਂ ਤੋਂ ਦੋ ਚਾਰ ਵਾਰ ਨੌ ਮਹੀਨਿਆਂ ਦੇ ਵਿੱਚ ਫੋਨ ਫੜੇ ਗਏ ਹਨ ਪਰ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਜੇਲਾਂ ਦੇ ਵਿੱਚ ਕਿੰਨਾ ਕੁ ਸਰਕਾਰ ਦਾ ਸਖ਼ਤ ਪਹਿਰਾ ਹੈ। ਉਨ੍ਹਾਂ ਕਿਹਾ ਕਿ ਅਪਰਾਧੀ ਜੇਲ੍ਹਾਂ ਦੇ ਵਿੱਚ ਜਾ ਕੇ ਆਪ ਤਾਂ ਸੁਰੱਖਿਤ ਹੋ ਜਾਂਦੇ ਹਨ ਪਰ ਲੋਕਾਂ ਦੇ ਬੱਚਿਆਂ ਦੇ ਕਤਲ ਜੇਲ੍ਹਾਂ ਵਿੱਚ ਰਹਿ ਕੇ ਪਲਾਨ ਕੀਤੇ ਜਾਂਦੇ ਹਨ।


ਉਨ੍ਹਾਂ ਕਿਹਾ ਕਿ ਇੱਕ ਅਪਰਾਧੀ ਵੱਲੋਂ ਜੇਲ ਦੇ ਵਿੱਚੋਂ ਵੀਡੀਓ ਬਣਵਾ ਕੇ ਸੋਸ਼ਲ ਮੀਡੀਆ ਦੇ ਉੱਪਰ ਪਾ ਦਿੱਤੀ ਜਾਂਦੀ ਹੈ ਪਰ ਅੱਜ ਤੱਕ 11 ਮਹੀਨੇ ਹੋ ਗਏ ਉਸ ਵੀਡੀਓ ਨੂੰ ਸੋਸ਼ਲ ਮੀਡੀਏ ਤੋਂ ਨਹੀਂ ਹਟਾਇਆ ਗਿਆ। ਉਨ੍ਹਾਂ ਕਿਹਾ ਕਿ ਗੈਂਗਸਟਰਵਾਦ ਦਾ ਬਹੁਤ ਹੀ ਵੱਡਾ ਨੈਟਵਰਕ ਹੈ ਜੋ ਕਿ ਆਗੂਆਂ ਦੀ ਮਿਲੀ ਭੁਗਤ ਦੇ ਨਾਲ ਚਲਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਵੱਡੀਆਂ ਪੋਸਟਾਂ 'ਤੇ ਬੈਠੇ ਅਧਿਕਾਰੀਆਂ ਤੋਂ ਵੀ ਫਿਰੌਤੀਆਂ ਤੱਕ ਮੰਗੀਆਂ ਜਾ ਰਹੀਆਂ ਹਨ। 


ਸਿੱਧੂ ਮੂਸੇ ਵਾਲਾ ਦੇ ਪਿਤਾ ਨੇ ਕਿਹਾ ਕਿ ਪੰਜਾਬ ਦੇ ਵਿੱਚ ਹੁਣ ਤੱਕ ਜਿੰਨੇ ਵੀ ਕਤਲ ਹੋਏ ਹਨ ਉਹਨਾਂ ਦੇ ਪਰਿਵਾਰਕ ਮੈਂਬਰ ਕਦੇ ਵੀ ਸੋਸ਼ਲ ਮੀਡੀਆ 'ਤੇ ਆ ਕੇ ਨਹੀਂ ਬੋਲੇ ਕਿਉਂਕਿ ਉਨ੍ਹਾਂ ਨੂੰ ਵੀ ਗੈਂਗਸਟਰਾਂ ਵੱਲੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਜੇ ਕੋਈ ਵਿਅਕਤੀ ਗੈਂਗਸਟਰਾਂ ਨੂੰ ਫਿਰੌਤੀ ਨਹੀਂ ਦਿੰਦਾ ਤਾਂ ਉਨ੍ਹਾਂ ਦੇ ਬੱਚਿਆਂ ਦੇ ਕਤਲ ਕਰ ਦਿੱਤੇ ਜਾਂਦੇ ਹਨ।