Ludhiana News: ਲੁਧਿਆਣਾ ਵਿੱਚ ਅਪਰਾਧੀਆਂ ਦੇ ਹੌਸਲੇ ਬੁਲੰਦ ਹਨ। ਤਾਜ਼ਾ ਮਾਮਲਾ ਹੈਰਾਨ ਕਰਨ ਵਾਲਾ ਹੈ। ਥਾਣਾ ਜਮਾਲਪੁਰ ਨੇੜੇ ਲੁੱਟ ਦੀ ਵਾਰਦਾਤ ਹੋਈ ਹੈ। ਲੁਟੇਰਿਆਂ ਨੇ ਮੈਡੀਕਲ ਸਟੋਰ ਨੂੰ ਨਿਸ਼ਾਨਾ ਬਣਾਇਆ ਹੈ। ਅਹਿਮ ਗੱਲ ਹੈ ਕਿ ਅੱਜ ਮੁੱਖ ਮੰਤਰੀ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਲੁਧਿਆਣਾ ਪਹੁੰਚ ਰਹੇ ਹਨ। ਇਸ ਕਰਕੇ ਸਖਤ ਸੁਰੱਖਿਆ ਪ੍ਰਬੰਧ ਹਨ। ਇਸ ਦੇ ਬਾਵਜੂਦ ਲੁਟੇਰੇ ਸ਼ਰੇਆਮ ਵਾਰਦਾਤ ਨੂੰ ਅੰਜ਼ਾਮ ਦੇ ਕੇ ਫਰਾਰ ਹੋ ਗਏ।


ਦਰਅਸਲ ਲੁਧਿਆਣਾ ਦੇ ਥਾਣਾ ਜਮਾਲਪੁਰ ਤੋਂ ਥੋੜ੍ਹੀ ਦੂਰ ਤੇ ਚੰਡੀਗੜ੍ਹ ਰੋਡ ’ਤੇ ਪਾਵਰ ਗਰਿੱਡ ਦੇ ਸਾਹਮਣੇ ਸਥਿਤ ਇੱਕ ਮੈਡੀਕਲ ਸਟੋਰ ’ਚੋਂ ਤਿੰਨ ਲੁਟੇਰੇ ਦੁਕਾਨ ਮਾਲਕ ਦੇ ਪੈਰ ’ਚ ਗੋਲੀ ਮਾਰ ਕੇ ਇੱਕ ਲੱਖ ਰੁਪਏ ਨਾਲ ਭਰਿਆ ਬੈਗ ਲੁੱਟ ਕੇ ਫਰਾਰ ਹੋ ਗਏ। ਮੁਲਜ਼ਮਾਂ ਨੇ ਵਾਰਦਾਤ ਨੂੰ ਉਸ ਵੇਲੇ ਅੰਜਾਮ ਦਿੱਤਾ, ਜਦੋਂ ਮੈਡੀਕਲ ਸਟੋਰ ਮਾਲਕ ਸੂਰਜ ਰਾਜਪੂਤ ਦੁਕਾਨ ਬੰਦ ਕਰਕੇ ਘਰ ਜਾਣ ਦੀ ਤਿਆਰੀ ਕਰ ਰਿਹਾ ਸੀ।


ਹੈਰਾਨੀ ਦੀ ਗੱਲ ਇਹ ਹੈ ਕਿ ‘ਆਪ’ ਦੀ ਰੈਲੀ ਦੇ ਮੱਦੇਨਜ਼ਰ ਚੰਡੀਗੜ੍ਹ ਰੋਡ ਤੇ ਤਾਜਪੁਰ ਰੋਡ ਇਲਾਕੇ ’ਚ ਇਸ ਸਮੇਂ ਪੁਲਿਸ ਪੂਰੀ ਤਰ੍ਹਾਂ ਮੁਸਤੈਦ ਹੈ, ਪਰ ਇਸ ਦੇ ਬਾਵਜੂਦ ਲੁਟੇਰੇ ਵਾਰਦਾਤ ਨੂੰ ਅੰਜਾਮ ਦੇ ਆਰਾਮ ਨਾਲ ਫ਼ਰਾਰ ਹੋ ਗਏ। ਸੂਚਨਾ ਮਿਲਣ ਤੋਂ ਬਾਅਦ ਥਾਣਾ ਜਮਾਲਪੁਰ ਦੀ ਪੁਲਿਸ ਮੌਕੇ ’ਤੇ ਪੁੱਜੀ ਤੇ ਸੀਸੀਟੀਵੀ ਫੁਟੇਜ ਕਬਜ਼ੇ ’ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। 


ਹਾਸਲ ਜਾਣਕਾਰੀ ਅਨੁਸਾਰ ਸਰਪੰਚ ਕਲੋਨੀ ਇਲਾਕੇ ’ਚ ਰਹਿਣ ਵਾਲਾ ਸੂਰਜ ਰਾਜਪੂਤ ਚੰਡੀਗੜ੍ਹ ਰੋਡ ਪਾਰਵਗਰਿੱਡ ਕੋਲ ਕਿਰਾਏ ਦੀ ਦੁਕਾਨ ’ਚ ਮੈਡੀਕਲ ਸਟੋਰ ਚਲਾਉਂਦਾ ਹੈ। ਸ਼ੁੱਕਰਵਾਰ ਦੇਰ ਰਾਤ ਵਜੇ ਉਹ ਦੁਕਾਨ ਬੰਦ ਕਰਨ ਲੱਗਿਆ ਤਾਂ ਇਸ ਦੌਰਾਨ ਮੋਟਰਸਾਈਕਲ ’ਤੇ ਸਵਾਰ ਤਿੰਨ ਨੌਜਵਾਨ ਉਸ ਦੀ ਦੁਕਾਨ ’ਚ ਆ ਗਏ। ਉਨ੍ਹਾਂ ਆਉਂਦੇ ਹੀ ਪਿਸਤੌਲ ਕੱਢ ਲਈ ਤੇ ਉਸ ਨੂੰ ਪੈਸੇ ਦੇਣ ਲਈ ਕਿਹਾ। ਜਦੋਂ ਸੂਰਜ ਨੇ ਵਿਰੋਧ ਕੀਤਾ ਤਾਂ ਮੁਲਜ਼ਮਾਂ ਨੇ ਗੋਲੀ ਚਲਾ ਦਿੱਤੀ, ਜੋ ਉਸ ਦੇ ਪੈਰ ’ਚ ਲੱਗੀ। 


ਗੋਲੀ ਲੱਗਣ ਕਾਰਨ ਸੂਰਜ ਡਰ ਗਿਆ ਤੇ ਅੰਦਰ ਵਾਟਰ ਕੂਲਰ ਮਸ਼ੀਨ ਪਿੱਛੇ ਲੁਕ ਗਿਆ। ਮੁਲਜ਼ਮਾਂ ਨੇ ਕਾਊਂਟਰ ’ਤੇ ਪਿਆ ਉਸ ਦਾ ਮੋਬਾਈਲ ਅਤ ਇੱਕ ਲੱਖ ਨਾਲ ਭਰਿਆ ਬੈਗ ਸਮੇਤ ਹੋਰ ਕੀਮਤੀ ਸਾਮਾਨ ਲੁੱਟਿਆ ਤੇ ਫ਼ਰਾਰ ਹੋ ਗਏ। ਇਸ ਮਗਰੋਂ ਪੁਲੀਸ ਦੇ ਆਉਣ ਤੋਂ ਬਾਅਦ ਪਰਿਵਾਰ ਵਾਲੇ ਸੂਰਜ ਨੂੰ ਹਸਪਤਾਲ ਲੈ ਗਏ। 


ਜ਼ਿਕਰਯੋਗ ਹੈ ਕਿ ਕੁਝ ਦੂਰੀ ’ਤੇ ਥਾਣਾ ਜਮਾਲਪੁਰ ਹੈ, ਜਿਸ ਦੇ ਉਪਰ ਹੀ ਏਸੀਪੀ ਤੇ ਏਡੀਸੀਪੀ-4 ਦਾ ਦਫ਼ਤਰ ਵੀ ਹੈ। ਇਸ ਦੇ ਬਾਵਜੂਦ ਲੁਟੇਰੇ ਵਾਰਦਾਤ ਨੂੰ ਅੰਜਾਮ ਦੇ ਫ਼ਰਾਰ ਹੋ ਗਏ। ਇਸ ਮਾਮਲੇ ’ਚ ਥਾਣਾ ਜਮਾਲਪੁਰ ਦੇ ਐਸ.ਐਚ.ਓ. ਸਬ ਇੰਸਪੈਕਟਰ ਜਸਪਾਲ ਸਿੰਘ ਨੇ ਦੱਸਿਆ ਕਿ ਅਣਪਛਾਤੇ ਮੁਲਜ਼ਮਾਂ ਖਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ ਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਯਤਨ ਜਾਰੀ ਹਨ।