Chandigarh Mayor Election: ਬੀਤੇ ਦਿਨੀ ਹੰਗਾਮੇ ਤੋਂ ਬਾਅਦ ਚੰਡੀਗੜ੍ਹ ਮੇਅਰ ਚੋਣਾਂ ਮੁਲਤਵੀ ਹੋ ਗਈਆਂ ਸਨ ਜਿਸ ਤੋਂ ਬਾਅਦ ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਨੇ ਹੁਕਮ ਜਾਰੀ ਕੀਤੇ ਸੀ ਕਿ ਚੰਡੀਗੜ੍ਹ ਮੇਅਰ ਚੋਣਾਂ  ਹੁਣ 6 ਫਰਵਰੀ ਨੂੰ  ਹੋਣਗੀਆਂ। ਇਸ ਤੋਂ ਬਾਅਦ ਇਹ ਮਾਮਲਾ ਮੁੜ ਹਾਈਕੋਰਟ ਪਹੁੰਚ ਗਿਆ ਹੈ ਜਿਸ ਵਿੱਚ 6 ਫਰਵਰੀ ਨੂੰ ਚੋਣਾਂ ਕਰਵਾਉਣ ਦੇ ਡੀਸੀ ਦੇ ਹੁਕਮਾਂ ਨੂੰ ਚੁਣੌਤੀ ਦਿੱਤੀ ਗਈ ਹੈ। ਇਹ ਪਟੀਸ਼ਨ ਆਮ ਆਦਮੀ ਪਾਰਟੀ ਦੇ ਮੇਅਰ ਅਹੁਦੇ ਦੇ ਉਮੀਦਵਾਰ ਕੁਲਦੀਪ ਕੁਮਾਰ ਵੱਲੋਂ ਦਾਇਰ ਕੀਤੀ ਹੈ


ਦਰਅਸਲ, ਬੀਤੇ ਦਿਨੀ ਹੰਗਾਮੇ ਤੋਂ ਬਾਅਦ ਚੰਡੀਗੜ੍ਹ ਮੇਅਰ ਚੋਣਾਂ ਮੁਲਤਵੀ ਹੋ ਗਈਆਂ ਜਿਸ ਤੋਂ ਬਾਅਦ ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਵੱਲੋਂ ਜਾਰੀ ਹੁਕਮਾਂ ਅਨੁਸਾਰ ਚੰਡੀਗੜ੍ਹ ਨਗਰ ਨਿਗਮ ਲਈ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਅਹੁਦਿਆਂ ਦੀਆਂ ਚੋਣਾਂ ਹੁਣ 6 ਫਰਵਰੀ ਨੂੰ ਹੋਣਗੀਆਂ ਪਰ ਹੁਣ ਇਹ ਮਾਮਲਾ ਦੀ ਅਦਾਲਤੀ ਕਾਰਵਾਈ ਵਿੱਚ ਪੈ ਗਿਆ ਹੈ। ਇਸ ਮਾਮਲੇ ਵਿੱਚ ਦਾਇਰ ਪਟੀਸ਼ਨ ਦੀ ਸੁਣਵਾਈ ਕੱਲ੍ਹ ਸਵੇਰੇ ਹਾਈਕੋਰਟ ਵਿੱਚ ਹੋਵੇਗੀ।


ਦੱਸ ਦਈਏ ਕਿ ਚੋਣ ਪ੍ਰੀਜ਼ਾਈਡਿੰਗ ਅਫਸਰ ਦੇ ਬਿਮਾਰ ਹੋਣ ਕਾਰਨ 18 ਜਨਵਰੀ ਨੂੰ ਨਗਰ ਨਿਗਮ ਮੇਅਰ ਦੀ ਚੋਣ ਨਹੀਂ ਹੋ ਸਕੀ, ਜਦਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ (ਆਪ) ਨੇ ਚੋਣ ਦੀ ਮੰਗ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੱਕ ਪਹੁੰਚ ਕੀਤੀ। ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ 23 ਜਨਵਰੀ ਤੈਅ ਕੀਤੀ ਹੈ। ਇਹ ਪਟੀਸ਼ਨ 'ਆਪ' ਦੇ ਕੌਂਸਲਰ ਕੁਲਦੀਪ ਕੁਮਾਰ ਨੇ ਦਾਇਰ ਕੀਤੀ ਸੀ, ਜੋ ਮੇਅਰ ਸੀਟ ਦੇ ਉਮੀਦਵਾਰ ਹਨ।


ਜ਼ਿਕਰ ਕਰ ਦਈਏ ਕਿ ਬੀਤੇ ਦਿਨ ਚੰਡੀਗੜ੍ਹ ਮੇਅਰ ਦੀ ਚੋਣ ਸਵੇਰੇ 11 ਵਜੇ ਸ਼ੁਰੂ ਹੋਣੀ ਸੀ। ਚੋਣ ਅਧਿਕਾਰੀ ਅਨਿਲ ਮਸੀਹ ਦੇ ਬਿਮਾਰ ਹੋਣ ਦੀ ਗੱਲ ਕਹਿ ਕੇ ਚੋਣ ਟਾਲ ਦਿੱਤੀ ਗਈ ਸੀ।  ਇਸ ਸਬੰਧੀ ਇੱਕ ਸੰਦੇਸ਼ ਕੌਂਸਲਰਾਂ ਨੂੰ ਵਟਸਐਪ ਰਾਹੀਂ ਭੇਜਿਆ ਗਿਆ ਸੀ। ਜਿਸ ਤੋਂ ਬਾਅਦ 'ਆਪ' ਅਤੇ ਕਾਂਗਰਸੀ ਆਗੂਆਂ ਨੇ ਹੰਗਾਮਾ ਕੀਤਾ, ਪੁਲਿਸ ਨਾਲ ਹੱਥੋਪਾਈ ਹੋ ਗਈ ਅਤੇ ਉਨ੍ਹਾਂ ਨੂੰ ਹਿਰਾਸਤ 'ਚ ਲੈ ਲਿਆ ਗਿਆ। ਦੇਸ਼ 'ਚ ਪਹਿਲੀ ਵਾਰ ਚੰਡੀਗੜ੍ਹ ਨਗਰ ਨਿਗਮ 'ਚ ਵਿਰੋਧੀ ਪਾਰਟੀਆਂ I.N.D.I.A ਅਤੇ ਭਾਜਪਾ ਦੇ ਗਠਜੋੜ ਵਿਚਾਲੇ ਸਿੱਧਾ ਮੁਕਾਬਲਾ ਹੋਣਾ ਸੀ।


ਰਾਘਵ ਚੱਢਾ ਨੇ ਕਿਹਾ ਕਿ ਅਪਣੀ ਹਾਰ ਨੂੰ ਦੇਖ ਕੇ ਡਰੀ ਹੋਈ, ਕਾਇਰ ਭਾਜਪਾ ਨੇ ਮੇਅਰ ਦੀ ਚੋਣ ਰੱਦ ਕਰਵਾਈ ਹੈ ਤੇ ਉਹ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ। ਉਹਨਾਂ ਨੇ ਕਿਹਾ ਕਿ ਭਾਜਪਾ ਨੂੰ ਪਹਿਲਾਂ ਹੀ ਪਤਾ ਸੀ ਇੰਡੀਆ ਗਠਜੋੜ ਨੂੰ ਬਹੁਮਤ ਮਿਲ ਰਹੀ ਹੈ। ਇੰਡੀਆ ਗਠਜੋੜ ਤੇ ਭਾਜਪਾ ਦੇ ਵਿਚਕਾਰ ਇਹ ਪਹਿਲਾਂ ਮੁਕਾਬਲਾ ਸੀ ਤੇ ਭਾਜਪਾ ਨੇ ਪਹਿਲਾਂ ਸੈਕਰੇਟਿਰੀ ਅਫਸਰ ਨੂੰ ਬਿਮਾਰ ਕੀਤਾ ਤੇ ਹੁਣ ਚੋਣ ਅਧਿਕਾਰੀ ਨੂੰ ਬਿਮਾਰ ਕਰ ਦਿੱਤਾ, ਇੰਝ ਲੱਗਦਾ ਹੈ ਕਿ ਅੱਜ ਪੂਰੀ ਭਾਜਪਾ INDIA ਗਠਜੋੜ ਨੂੰ ਅਪਣੇ ਸਾਹਮਣੇ ਦੇਖ ਬਿਮਾਰ ਹੋ ਗਈ ਹੈ।