Chandigarh News: ਸਿਟੀ ਬਿਊਟੀਫੁੱਲ ਚੰਡੀਗੜ੍ਹ ’ਚ ਸ਼ਰਾਬ ਦੇ ਠੇਕਿਆਂ ਦੀ ਨਿਲਾਮੀ ’ਚ ਮੱਠਾ ਹੁੰਗਾਰਾ ਮਿਲ ਰਿਹਾ ਹੈ। ਇੱਥੇ ਨੌਂ ਵਾਰ ਸ਼ਰਾਬ ਦੇ ਠੇਕਿਆਂ ਦੀ ਨਿਲਾਮੀ ਹੋਣ ਦੇ ਬਾਵਜੂਦ ਸਾਰੇ ਠੇਕੇ ਨਿਲਾਮ ਨਹੀਂ ਹੋ ਸਕੇ ਹਨ। ਸੋਮਵਾਰ ਨੂੰ ਸ਼ਹਿਰ ਵਿੱਚ ਰਹਿੰਦੇ 22 ਠੇਕਿਆਂ ਦੀ ਨਿਲਾਮੀ ਲਈ ਰਾਖਵੀਂ ਕੀਮਤ ’ਚ 25 ਫ਼ੀਸਦੀ ਦੀ ਕਟੌਤੀ ਕਰਕੇ ਨੌਵੀਂ ਵਾਰ ਨਿਲਾਮੀ ਸੱਦੀ ਗਈ, ਜਿਸ ਵਿੱਚ ਕਿਸੇ ਨੇ ਠੇਕਿਆਂ ਨੂੰ ਖ਼ਰੀਦਣ ’ਚ ਦਿਲਚਸਪੀ ਨਹੀਂ ਦਿਖਾਈ। ਯੂਟੀ ਪ੍ਰਸ਼ਾਸਨ ਦੇ ਕਰ ਤੇ ਆਬਕਾਰੀ ਵਿਭਾਗ ਸ਼ਹਿਰ ਦੇ 95 ਠੇਕਿਆਂ ਵਿੱਚੋਂ 73 ਠੇਕੇ ਹੀ ਨਿਲਾਮ ਕਰਨ ਵਿੱਚ ਕਾਮਯਾਬ ਹੋ ਸਕਿਆ ਹੈ।


ਯੂਟੀ ਦੇ ਕਰ ਤੇ ਆਬਕਾਰੀ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਸ਼ਹਿਰ ਦੇ ਸਾਰੇ ਠੇਕੇ ਨਿਲਾਮ ਨਹੀਂ ਹੁੰਦੇ, ਉੱਦੋਂ ਤੱਕ ਨਿਲਾਮੀ ਜਾਰੀ ਰਹੇਗੀ। ਪਹਿਲੀ ਵਾਰ ਹੋਵੇਗਾ ਕਿ ਸ਼ਰਾਬ ਦੇ ਠੇਕਿਆਂ ਦੀ ਨਿਲਾਮੀ ਸਮੇਂ ਰਾਖਵੀਂ ਕੀਮਤ ’ਚ 25 ਫ਼ੀਸਦੀ ਦੀ ਕਟੌਤੀ ਕੀਤੀ ਗਈ ਹੋਵੇ ਤੇ ਇਸ ਦੇ ਬਾਵਜੂਦ ਕੋਈ ਖ਼ਰੀਦਦਾਰ ਨਾ ਮਿਲ ਰਿਹਾ ਹੋਵੇ। 


ਉਧਰ, ਸ਼ਰਾਬ ਦੇ ਠੇਕੇਦਾਰਾਂ ਦਾ ਕਹਿਣਾ ਹੈ ਕਿ ਪੰਜਾਬ ਦੀ ਆਬਕਾਰੀ ਨੀਤੀ ਦੇ ਮੁਕਾਬਲੇ ਯੂਟੀ ਦੀ ਆਬਕਾਰੀ ਨੀਤੀ ਪੂਰੀ ਤਰ੍ਹਾਂ ਅਸਫ਼ਲ ਹੋ ਗਈ ਹੈ। ਪੰਜਾਬ ਵਿੱਚ ਸ਼ਰਾਬ ਦਾ ਖੁੱਲ੍ਹਾ ਕੋਟਾ ਹੈ ਪਰ ਚੰਡੀਗੜ੍ਹ ਵਿੱਚ ਕੋਟਾ ਤੈਅ ਕੀਤਾ ਗਿਆ ਹੈ। ਉੱਥੇ ਲਾਇਸੈਂਸ ਫੀਸ ਚੰਡੀਗੜ੍ਹ ਦੇ ਮੁਕਾਬਲੇ ਘੱਟ ਹੈ। ਪੰਜਾਬ ਤੇ ਪੰਚਕੂਲਾ ਵਿੱਚ ਸ਼ਰਾਬ ਦੀਆਂ ਕੀਮਤਾਂ ਚੰਡੀਗੜ੍ਹ ਦੇ ਮੁਕਾਬਲੇ ਘੱਟ ਹਨ ਜਦੋਂਕਿ ਪਹਿਲਾਂ ਚੰਡੀਗੜ੍ਹ ਵਿੱਚ ਸ਼ਰਾਬ ਦੋਵਾਂ ਸੂਬਿਆਂ ਦੇ ਮੁਕਾਬਲੇ ਸਸਤੀ ਹੁੰਦੀ ਸੀ। ਇਸ ਤੋਂ ਇਲਾਵਾ ਪੰਜਾਬ ਸਰਕਾਰ ਨੇ ਘਰ ਵਿੱਚ ਸ਼ਰਾਬ ਰੱਖਣ ਦੇ ਲਾਇਸੈਂਸ ਬਣਾਉਣ ਦੀ ਫੀਸ ’ਚ ਕਟੌਤੀ ਕਰ ਦਿੱਤੀ ਤੇ ਘਰ ’ਚ ਸ਼ਰਾਬ ਰੱਖਣ ਦਾ ਕੋਟਾ ਵੀ ਵਧਾ ਦਿੱਤਾ ਹੈ। 


ਯੂਟੀ ਪ੍ਰਸ਼ਾਸਨ ਦੇ ਕਰ ਤੇ ਆਬਕਾਰੀ ਵਿਭਾਗ ਨੇ ਵਿੱਤੀ ਵਰ੍ਹੇ 2023-24 ਵਿੱਚ ਆਬਕਾਰੀ ਤੋਂ 830 ਕਰੋੜ ਰੁਪਏ ਕਮਾਉਣ ਦਾ ਟੀਚਾ ਰੱਖਿਆ ਹੈ। ਕਰ ਤੇ ਆਬਕਾਰੀ ਵਿਭਾਗ ਨੇ ਸ਼ਹਿਰ ਵਿੱਚ ਸੱਤ ਵਾਰ ਨਿਲਾਮੀ ਦੌਰਾਨ 95 ਵਿੱਚੋਂ 73 ਠੇਕੇ ਨਿਲਾਮ ਕਰਕੇ 370 ਕਰੋੜ ਰੁਪਏ ਮਾਲੀਆ ਇਕੱਠਾ ਕੀਤਾ ਹੈ ਜਦੋਂਕਿ ਰਾਖਵੀਂ ਕੀਮਤ 340 ਕਰੋੜ ਰੁਪਏ ਦੇ ਕਰੀਬ ਹੈ। 


ਦੱਸ ਦਈਏ ਕਿ ਪਹਿਲਾਂ ਪੰਜਾਬ ਤੇ ਹਰਿਆਣਾ ’ਚ ਚੰਡੀਗੜ੍ਹ ਦੇ ਮੁਕਾਬਲੇ ਸ਼ਰਾਬ ਦੀਆਂ ਕੀਮਤਾਂ ਵੱਧ ਹੁੰਦੀਆਂ ਸਨ, ਪਰ ਪੰਜਾਬ ਦੀ ਨਵੀਂ ਆਬਕਾਰੀ ਨੀਤੀ ’ਚ ਸ਼ਰਾਬ ਦੀਆਂ ਕੀਮਤਾਂ ਚੰਡੀਗੜ੍ਹ ਦੇ ਬਰਾਬਰ ਹੋ ਗਈਆਂ ਹਨ। ਇਹ ਵੀ ਇੱਕ ਵੱਡਾ ਕਾਰਨ ਮੰਨਿਆ ਜਾ ਰਿਹਾ ਹੈ।