Chandigarh Weather Update: ਚੰਡੀਗੜ੍ਹ ’ਚ ਮੌਨਸੂਨ ਨੇ ਦਸਤਕ ਦੇ ਦਿੱਤੀ ਹੈ। ਵੀਰਵਾਰ ਨੂੰ ਮੌਨਸੂਨ ਦੇ ਪਹਿਲੇ ਹੀ ਮੀਂਹ ਨੇ ਸ਼ਹਿਰ ਨੂੰ ਜਲਥਲ ਕਰ ਦਿੱਤਾ ਹੈ। ਉਧਰ, ਮੌਸਮ ਵਿਭਾਗ ਨੇ 30 ਜੂਨ ਤੇ ਪਹਿਲੀ ਜੁਲਾਈ ਨੂੰ ਹਲਕੇ ਮੀਂਹ ਦੀ ਭਵਿੱਖਬਾਣੀ ਕੀਤੀ ਹੈ। ਇਸ ਤੋਂ ਇਲਾਵਾ 2 ਨੂੰ ਬੱਦਲਵਾਈ ਤੇ 3 ਤੇ 4 ਜੁਲਾਈ ਨੂੰ ਮੁੜ ਹਲਕਾ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। 


ਦੱਸ ਦਈਏ ਕਿ ਵੀਰਵਾਰ ਨੂੰ ਪਏ ਮੀਂਹ ਕਰਕੇ ਲੋਕਾਂ ਨੇ ਗਰਮੀ ਤੋਂ ਰਾਹਤ ਮਹਿਸੂਸ ਕੀਤੀ ਪਰ ਸ਼ਹਿਰ ਦੀਆਂ ਜ਼ਿਆਦਾਤਰ ਸੜਕਾਂ ਪਾਣੀ ਵਿੱਚ ਡੁੱਬ ਗਈਆਂ, ਜਿਸ ਕਰਕੇ ਲੋਕਾਂ ਨੂੰ ਆਉਣ-ਜਾਣ ’ਚ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਹੈ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਸ਼ਹਿਰ ਵਿੱਚ 11.4 ਐਮਐਮ ਮੀਂਹ ਦਰਜ ਕੀਤਾ ਗਿਆ। ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 34.1 ਡਿਗਰੀ ਤੇ ਘੱਟੋ-ਘੱਟ ਤਾਪਮਾਨ 28 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। 



ਵੀਰਵਾਰ ਦੁਪਹਿਰ ਸਮੇਂ ਪਏ ਮੀਂਹ ਨੇ ਸ਼ਹਿਰ ਦੀ ਰਫ਼ਤਾਰ ਨੂੰ ਘਟਾ ਦਿੱਤਾ। ਮੀਂਹ ਕਰ ਕੇ ਸੈਕਟਰ-29, ਇੰਡਸਟਰੀਅਲ ਏਰੀਆ ਫੇਜ਼-1 ਸਥਿਤ ਸੈਂਟਰਾ ਮਾਲ ਤੋਂ ਐਲਾਂਤੇ ਮਾਲ ਵਾਲੀ ਸੜਕ, ਇੰਡਸਟਰੀਅਲ ਏਰੀਆ ਫੇਜ਼-1 ’ਚ ਸੀਟੀਯੂ ਵਰਕਸ਼ਾਪ ਨੇੜੇ ਰੇਲਵੇ ਅੰਡਰਪਾਸ ਸਣੇ ਸ਼ਹਿਰ ਦੀਆਂ ਜ਼ਿਆਦਾਤਰ ਸੜਕਾਂ ’ਤੇ ਪਾਣੀ ਖੜ੍ਹਾ ਰਿਹਾ। ਇਸ ਕਰਕੇ ਲੋਕਾਂ ਨੂੰ ਇਕ ਕਿਲੋਮੀਟਰ ਦਾ ਸਫਰ ਤੈਅ ਕਰਨ ’ਚ ਇੱਕ-ਇੱਕ ਘੰਟਾ ਲੱਗਿਆ। 


ਇਸ ਤੋਂ ਇਲਾਵਾ ਚੰਡੀਗੜ੍ਹ ਦੇ ਪਿੰਡ ਮੌਲੀ ਜੱਗਰਾਂ, ਦੜੂਆ, ਫੈਦਾ, ਬਹਿਲਾਣਾ, ਧਨਾਸ, ਸਾਰੰਗਪੁਰ, ਮਨੀਮਾਜਰਾ ਸਣੇ ਹੋਰਨਾਂ ਪਿੰਡਾਂ ’ਚ ਵੀ ਪਾਣੀ-ਪਾਣੀ ਹੋ ਗਿਆ। ਇਸੇ ਦੌਰਾਨ ਕਲੋਨੀ ਨੰਬਰ-1 ’ਚ ਇੱਕ ਔਰਤ ਨੂੰ ਕਰੰਟ ਲੱਗ ਗਿਆ, ਜਿਸ ਨੂੰ ਇਲਾਜ ਲਈ ਸੈਕਟਰ-32 ਦੇ ਹਸਪਤਾਲ ਲਿਜਾਇਆ ਗਿਆ। ਇਸੇ ਦੌਰਾਨ ਸ਼ਹਿਰ ਦੇ ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ, ਸੈਕਟਰ-32 ਦੀ ਐਮਰਜੈਂਸੀ ’ਚ ਵੀ ਮੀਂਹ ਦਾ ਪਾਣੀ ਵੜ ਗਿਆ। ਐਮਰਜੈਂਸੀ ’ਚ ਪਾਣੀ ਦਾਖਲ ਹੋਣ ਕਰ ਕੇ ਮਰੀਜ਼ਾਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।