Chandigarh News: ਸਿਟੀ ਬਿਊਟੀਫੁੱਲ ਵਿੱਚ ਇਲੈਕਟ੍ਰਿਕ ਬੱਸਾਂ ਨੇ ਕਮਾਲ ਕਰ ਦਿੱਤਾ ਹੈ। ਇਹ ਬੱਸਾਂ ਨਾਲ ਪੁੰਨ ਤੇ ਨਾਲੇ ਫਲੀਆਂ ਵਾਂਗ ਸਾਬਤ ਹੋਈਆਂ ਹਨ ਕਿਉਂਕਿ ਇਨ੍ਹਾਂ ਨੇ ਜਿੱਥੇ ਇੱਕ ਪਾਸੇ ਵਾਤਾਵਰਨ ਨੂੰ ਸਾਫ ਰੱਖਣ ਵਿੱਚ ਵੱਡਾ ਯੋਗਦਾਨ ਪਾਇਆ ਹੈ, ਉੱਥੇ ਹੀ 8.42 ਕਰੋੜ ਰੁਪਏ ਦਾ ਡੀਜ਼ਲ ਬਚਾਇਆ ਹੈ। ਇਸ ਲਈ ਹੁਣ ਤੈਅ ਹੈ ਕਿ ਆਉਣ ਵਾਲੇ ਸਮੇਂ ਵਿੱਚ ਚੰਡੀਗੜ੍ਹ ਅੰਦਰ ਡੀਜ਼ਲ ਦੀ ਥਾਂ ਇਲੈਕਟ੍ਰਿਕ ਬੱਸਾਂ ਹੀ ਚੱਲਣਗੀਆਂ।
ਦੱਸ ਦਈਏ ਕਿ ਯੂਟੀ ਪ੍ਰਸ਼ਾਸਨ ਵੱਲੋਂ ਕੇਂਦਰ ਸਰਕਾਰ ਦੀ ਮਦਦ ਨਾਲ ਸਿਟੀ ਬਿਊਟੀਫੁੱਲ ਦੀ ਆਬੋ-ਹਵਾ ਵਿੱਚ ਸੁਧਾਰ ਲਿਆਉਣ ਲਈ ਇਲੈਕਟ੍ਰਿਕ ਬੱਸਾਂ ਸ਼ੁਰੂ ਕੀਤੀਆਂ ਗਈਆਂ ਹਨ। ਯੂਟੀ ਪ੍ਰਸ਼ਾਸਨ ਨੇ ਸ਼ਹਿਰ ਵਿੱਚ 80 ਇਲੈਕਟ੍ਰਿਕ ਬੱਸਾਂ ਦੀ ਵਰਤੋਂ ਨਾਲ ਡੇਢ ਸਾਲ ਵਿੱਚ 8.42 ਕਰੋੜ ਰੁਪਏ ਦੇ ਡੀਜ਼ਲ ਦੀ ਬੱਚਤ ਕੀਤੀ ਹੈ। ਉੱਥੇ ਹੀ 2600 ਟਨ ਕਾਰਨਬਨ ਡਾਈਆਕਸਾਈਡ ਦੀ ਨਿਕਾਸੀ ਹੋਣ ਤੋਂ ਵੀ ਬਚਾਈ ਹੈ।
ਹਾਸਲ ਜਾਣਕਾਰੀ ਮੁਤਾਬਕ ਇਲੈਕਟ੍ਰਿਕ ਬੱਸਾਂ ਪ੍ਰਤੀ ਲੋਕਾਂ ਦੇ ਵਧ ਰਹੇ ਰੁਝਾਨ ਤੇ ਇਸ ਦੇ ਵਾਤਾਵਰਨ ਪੱਖੀ ਨਤੀਜਿਆਂ ਨੂੰ ਦੇਖਦੇ ਹੋਏ ਯੂਟੀ ਪ੍ਰਸ਼ਾਸਨ ਨੇ ਸਾਲ 2027-28 ਤੱਕ ਟਰਾਈਸਿਟੀ ਦੀਆਂ ਸਾਰੀਆਂ ਬੱਸਾਂ ਨੂੰ ਇਲੈਕਟ੍ਰਿਕ ਬੱਸਾਂ ਵਿੱਚ ਤਬਦੀਲ ਕਰਨ ਦਾ ਟੀਚਾ ਮਿਥਿਆ ਹੈ।
ਦੱਸ ਦਈਏ ਕਿ ਪੰਜਾਬ ਦੇ ਤਤਕਾਲੀ ਰਾਜਪਾਲ ਤੇ ਯੂਟੀ ਦੇ ਪ੍ਰਸ਼ਾਸਕ ਸ੍ਰੀ ਵੀਪੀ ਸਿੰਘ ਬਦਨੌਰ ਨੇ ਸਤੰਬਰ 2021 ਵਿੱਚ ਇਲੈਕਟ੍ਰਿਕ ਬੱਸਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਸੀ। ਡੇਢ ਸਾਲ ਦੇ ਅਰਸੇ ਤੋਂ ਬਾਅਦ ਅੱਜ ਸ਼ਹਿਰ ਦੀਆਂ ਸੜਕਾਂ ’ਤੇ 80 ਇਲੈਕਟ੍ਰਿਕ ਬੱਸਾਂ ਦੌੜ ਰਹੀਆਂ ਹਨ। ਇਨ੍ਹਾਂ ਬੱਸਾਂ ਵਿੱਚ 70 ਲੱਖ ਤੋਂ ਵੱਧ ਯਾਤਰੀ ਸਫਰ ਵੀ ਕਰ ਚੁੱਕੇ ਹਨ। ਹੁਣ ਤੱਕ ਇਲੈਕਟ੍ਰਿਕ ਬੱਸਾਂ ਨੇ 50 ਲੱਖ ਕਿਲੋਮੀਟਰ ਤੋਂ ਵੱਧ ਦਾ ਸਫਰ ਤੈਅ ਕੀਤਾ ਹੈ, ਜਿਸ ਨਾਲ 10 ਲੱਖ ਲਿਟਰ ਤੋਂ ਵੱਧ ਡੀਜ਼ਲ ਦੀ ਬੱਚਤ ਹੋਈ ਹੈ।
ਚੰਡੀਗੜ੍ਹ ਦੇ ਟਰਾਂਸਪੋਰਟ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਸਿਟੀ ਬਿਊਟੀਫੁੱਲ ਵਿੱਚ ਰੋਜ਼ਾਨਾ 20 ਹਜ਼ਾਰ ਯਾਤਰੀ ਇਲੈਕਟ੍ਰਿਕ ਬੱਸਾਂ ਵਿੱਚ ਸਫਰ ਕਰਦੇ ਹਨ। ਚੰਡੀਗੜ੍ਹ ਟਰਾਂਸਪੋਰਟ ਵਿਭਾਗ ਦੇ ਡਾਇਰੈਕਟਰ ਪ੍ਰਦੁੱਮਨ ਸਿੰਘ ਨੇ ਕਿਹਾ ਕਿ ਸਿਟੀ ਬਿਊਟੀਫੁੱਲ ਵਿੱਚ ਇਲੈਕਟ੍ਰਿਕ ਬੱਸਾਂ ਨੂੰ ਬਹੁਤ ਵਧੀਆ ਹੁੰਗਾਰਾ ਮਿਲਿਆ ਹੈ।
ਉਨ੍ਹਾਂ ਕਿਹਾ ਕਿ ਹੁਣ ਆਉਣ ਵਾਲੇ ਸਮੇਂ ਵਿੱਚ ਟਰਾਈਸਿਟੀ ਵਿੱਚ ਚੱਲਣ ਵਾਲੀਆਂ ਲੋਕਲ ਬੱਸਾਂ ਨੂੰ ਇਲੈਕਟ੍ਰਿਕ ਬੱਸਾਂ ਵਿੱਚ ਤਬਦੀਲ ਕਰਨ ਲਈ ਯੋਜਨਾ ਤਿਆਰ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਡੀਜ਼ਲ ਬੱਸ ਵਿੱਚ 38 ਤੋਂ 40 ਰੁਪਏ ਪ੍ਰਤੀ ਕਿਲੋਮੀਟਰ ਖਰਚਾ ਆਉਂਦਾ ਸੀ, ਜਦੋਂ ਕਿ ਇਲੈਕਟ੍ਰਿਕ ਬੱਸਾਂ ਵਿੱਚ 28 ਤੋਂ 30 ਰੁਪਏ ਪ੍ਰਤੀ ਕਿਲੋਮੀਟਰ ਖਰਚਾ ਆ ਰਿਹਾ ਹੈ।
ਇਹ ਵੀ ਪੜ੍ਹੋ: Patiala News: ਪੀਐਮ ਮੋਦੀ 71,000 ਤੋਂ ਵੱਧ ਉਮੀਦਵਾਰਾਂ ਨੂੰ ਵੰਡਣਗੇ ਨਿਯੁਕਤੀ ਪੱਤਰ