Chandigarh News: ਚੰਡੀਗੜ੍ਹ ਪੁਲਿਸ ਨੇ ਅਜਿਹੇ ਸ਼ਾਤਿਰ ਠੱਗਾਂ ਨੂੰ ਕਾਬੂ ਕੀਤਾ ਹੈ ਜੋ ਆਨਲਾਈਨ ਲੋਕਾਂ ਨੂੰ ਨਿਸ਼ਾਨਾ ਬਣਾਉਂਦੇ ਸੀ। ਇਹ ਠੱਗ ਇੰਨੇ ਸ਼ਾਤਿਰ ਸਨ ਕਿ ਚੰਡੀਗੜ੍ਹ ਦੀ ਹਾਈਟੈਕ ਪੁਲਿਸ ਨੂੰ ਵੀ ਇਨ੍ਹਾਂ ਤੱਕ ਪਹੁੰਚਣ ਲਈ ਨੌਂ ਮਹੀਨੇ ਦਾ ਸਮਾਂ ਲੱਗ ਗਿਆ। ਖਾਸ ਗੱਲ ਇਹ ਹੈ ਕਿ ਇਹ ਠੱਕ ਸੇਵਾਮੁਕਤ ਮੁਲਾਜ਼ਮਾਂ ਬਾਰੇ ਜਾਣਕਾਰੀ ਇਕੱਠੀ ਕਰਕੇ ਇੰਸ਼ੋਰੈਂਸ ਕਰਵਾਉਣ ਦੇ ਨਾਮ ’ਤੇ ਉਨ੍ਹਾਂ ਨਾਲ ਠੱਗੀ ਮਾਰਦੇ ਸਨ।


ਹਾਸਲ ਜਾਣਕਾਰੀ ਮੁਤਾਬਕ ਚੰਡੀਗੜ੍ਹ ਪੁਲਿਸ ਦੀ ਸਾਈਬਰ ਕ੍ਰਾਈਮ ਸੈੱਲ ਦੀ ਟੀਮ ਨੇ ਆਨਲਾਈਨ ਧੋਖਾਧੜੀਆਂ ਕਰਨ ਵਾਲਿਆਂ ਖਿਲਾਫ ਕਾਰਵਾਈ ਕਰਦਿਆਂ ਦੋ ਜਣਿਆਂ ਨੂੰ ਨੌਂ ਮਹੀਨੇ ਦੀ ਮੁਸ਼ੱਕਤ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਮੁਲਜ਼ਮਾਂ ਕੋਲੋਂ 20 ਡੈਬਿਟ ਕਾਰਡ, ਤਿੰਨ ਮੋਬਾਈਲ ਫੋਨ ਤੇ ਦੋ ਲੈਪਟਾਪ ਬਰਾਮਦ ਕੀਤੇ ਗਏ ਹਨ। ਪੁਲੀਸ ਵੱਲੋਂ ਕਾਬੂ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਦੀਪਕ ਚੰਦਰਾ (27) ਤੇ ਰਾਜਾ ਕੁਮਾਰ (22) ਵਾਸੀ ਬਿਹਾਰ ਵਜੋਂ ਹੋਈ ਹੈ।


ਚੰਡੀਗੜ੍ਹ ਪੁਲੀਸ ਨੇ ਇਹ ਕਾਰਵਾਈ ਏਅਰਫੋਰਸ ਵਿੱਚੋਂ ਸੇਵਾਮੁਕਤ ਅਧਿਕਾਰੀ ਮਹੇਸ਼ ਚੰਦ ਗੌੜ ਦੀ ਸ਼ਿਕਾਇਤ ’ਤੇ ਕੀਤੀ ਹੈ। ਸ਼ਿਕਾਇਤਕਰਤਾ ਦਾ ਕਹਿਣਾ ਸੀ ਕਿ ਉਹ ਐਲਾਂਟੈ ਮਾਲ ਵਿੱਚ ਬਤੌਰ ਸੁਰੱਖਿਆ ਕਰਮੀ ਤਾਇਨਾਤ ਹੈ। 15 ਜੁਲਾਈ 2022 ਨੂੰ ਇਕ ਔਰਤ ਨੇ ਇੰਸ਼ੋਰੈਂਸ ਕੰਪਨੀ ਦੇ ਨਾਮ ’ਤੇ ਇੰਸੋਰੈਂਸ ਕਰਵਾਉਣ ਦਾ ਹਵਾਲਾ ਦਿੱਤਾ। ਇਸ ਦੌਰਾਨ ਕੰਪਨੀ ਮੁਲਾਜ਼ਮ ਨੇ ਦੋ ਵਾਰ ਵਿੱਚ 24970-24970 ਰੁਪਏ ਜਮ੍ਹਾਂ ਕਰਵਾ ਲਏ।


ਸ਼ਿਕਾਇਤਕਰਤਾ ਨੇ ਕੁਝ ਸਮੇਂ ਬਾਅਦ ਨਿੱਜੀ ਸਮੱਸਿਆ ਕਰ ਕੇ ਜਮ੍ਹਾਂ ਕਰਵਾਏ ਰੁਪਏ ਵਾਪਸ ਦੇਣ ਦੀ ਮੰਗ ਕੀਤੀ ਤਾਂ ਕੰਪਨੀ ਮੁਲਾਜ਼ਮ ਨੇ ਉਕਤ ਵਿਅਕਤੀ ਵੱਲੋਂ ਜਮ੍ਹਾਂ ਕਰਵਾਏ 99,880 ਰੁਪਏ ਦੇਣ ਤੋਂ ਇਨਕਾਰ ਕਰ ਦਿੱਤਾ। ਪੁਲਿਸ ਨੇ ਉਕਤ ਸ਼ਿਕਾਇਤ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਦੋਹਾਂ ਮੁਲਜ਼ਮਾਂ ਨੂੰ ਨੌਂ ਮਹੀਨੇ ਦੀ ਮੁਸ਼ੱਕਤ ਤੇ ਜਾਂਚ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ ਹੈ।


ਇਹ ਵੀ ਪੜ੍ਹੋ: Patiala News: ਪੀਐਮ ਮੋਦੀ 71,000 ਤੋਂ ਵੱਧ ਉਮੀਦਵਾਰਾਂ ਨੂੰ ਵੰਡਣਗੇ ਨਿਯੁਕਤੀ ਪੱਤਰ


ਪੁਲਿਸ ਦੀ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਸੇਵਾਮੁਕਤ ਮੁਲਾਜ਼ਮਾਂ ਬਾਰੇ ਜਾਣਕਾਰੀ ਇਕੱਠੀ ਕਰ ਕੇ ਇੰਸ਼ੋਰੈਂਸ ਕਰਵਾਉਣ ਦੇ ਨਾਮ ’ਤੇ ਉਨ੍ਹਾਂ ਨਾਲ ਠੱਗੀ ਮਾਰਦੇ ਸਨ। ਥਾਣਾ ਸਾਈਬਰ ਕ੍ਰਾਈਮ ਦੀ ਟੀਮ ਨੇ ਉਕਤ ਸ਼ਿਕਾਇਤ ਦੇ ਆਧਾਰ ’ਤੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵੱਲੋਂ ਦੋਹਾਂ ਮੁਲਜ਼ਮਾਂ ਕੋਲੋਂ ਪੁੱਛਗਿਛ ਕਰਕੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।


ਇਹ ਵੀ ਪੜ੍ਹੋ: Bathinda Firing Case: ਬਠਿੰਡਾ ਛਾਉਣੀ 'ਚ ਚਾਰ ਜਵਾਨਾਂ ਦਾ ਕਤਲ ਬਣਿਆ ਬੁਝਾਰਤ? ਆਖਰ ਕੌਣ ਸੀ ਕੁੜਤੇ-ਪਜਾਮੇ ਵਾਲੇ ਸ਼ੱਕੀ?