Bathinda Firing Case: ਬਠਿੰਡਾ ਦੀ ਫੌਜੀ ਛਾਉਣੀ ’ਚ ਬੁੱਧਵਾਰ ਨੂੰ ਫਾਇਰਿੰਗ ਕਰਕੇ ਚਾਰ ਜਵਾਨਾਂ ਦੇ ਕੀਤੇ ਕਤਲ ਦਾ ਮਾਮਲਾ ਅਜੇ ਬੁਝਾਰਤ ਬਣਿਆ ਹੋਇਆ ਹੈ। ਹੈਰਾਨੀ ਦੀ ਗੱਲ ਹੈ ਕਿ ਬੁੱਧਵਾਰ ਸਵੇਰੇ ਕਰੀਬ 4:30 ਵਜੇ ਵਾਪਰੀ ਫਾਇਰਿੰਗ ਦੀ ਘਟਨਾ ਮਗਰੋਂ ਫੌਜੀ ਏਰੀਆ ਬਿੱਲਕੁੱਲ ਸੀਲ ਸੀ ਪਰ ਸ਼ਾਮ ਨੂੰ ਮੁੜ ਗੋਲੀ ਚੱਲ ਗਈ। ਇਸ ਵਿੱਚ ਸੰਤਰੀ ਦੀ ਡਿਉਟੀ ਉੱਤੇ ਤਾਇਨਾਤ ਜਵਾਨ ਦੀ ਮੌਤ ਹੋ ਗਈ। ਉਧਰ, ਇਸ ਘਟਨਾ ਬਾਰੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਫੌਜ ਮੁਖੀ ਤੋਂ ਜਾਣਕਾਰੀ ਮੰਗ ਲਈ ਹੈ।
ਬਠਿੰਡਾ ਦੇ ਐਸਪੀ (ਡੀ) ਅਜੈ ਗਾਂਧੀ ਨੇ ਇਸ ਬਾਰੇ ਕਿਹਾ ਹੈ ਕਿ ਦੋ ਅਣਪਛਾਤੇ ਵਿਅਕਤੀਆਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਵਾਰਦਾਤ ਸਮੇਂ ਫੌਜੀ ਜਵਾਨ ਬੈਰਕ ਵਿੱਚ ਸੌਂ ਰਹੇ ਸਨ। ਘਟਨਾ ਤੋਂ ਤੁਰੰਤ ਬਾਅਦ ਉਥੇ ਡਿਊਟੀ ’ਤੇ ਤਾਇਨਾਤ ਫੌਜ ਦੇ ਜਵਾਨਾਂ ਨੇ ਕੁੜਤੇ-ਪਜਾਮੇ ਪਹਿਨੀ ਤੇ ਮੂੰਹ ਢੱਕੇ ਚਿਹਰਿਆਂ ਵਾਲੇ ਦੋ ਵਿਅਕਤੀਆਂ ਨੂੰ ਵੇਖਿਆ। ਉਨ੍ਹਾਂ ਵਿੱਚੋਂ ਇੱਕ ਦੇ ਹੱਥ ’ਚ ਇਨਸਾਸ ਰਾਈਫਲ ਤੇ ਦੂਜੇ ਨੇ ਹੱਥ ’ਚ ਕੁਹਾੜੀ ਫੜੀ ਹੋਈ ਸੀ। ਜਵਾਨਾਂ ਦੀ ਨਜ਼ਰ ਪੈਣ ’ਤੇ ਦੋਵੇਂ ਜੰਗਲ ਵੱਲ ਭੱਜ ਗਏ।
ਉਨ੍ਹਾਂ ਦੱਸਿਆ ਕਿ ਵਾਰਦਾਤ ਵਾਲੀ ਜਗ੍ਹਾ ਤੋਂ ਕਾਰਤੂਸਾਂ ਦੇ 19 ਖੋਲ ਬਰਾਮਦ ਹੋਏ ਹਨ, ਜਿਨ੍ਹਾਂ ਨੂੰ ਫੋਰੈਂਸਿਕ ਜਾਂਚ ਲਈ ਭੇਜਿਆ ਗਿਆ ਹੈ। ਉਨ੍ਹਾਂ ਇਸ ਮਾਮਲੇ ’ਚ ਕਿਸੇ ਗ੍ਰਿਫ਼ਤਾਰੀ ਤੋਂ ਇਨਕਾਰ ਕੀਤਾ ਤੇ ਦੱਸਿਆ ਕਿ ਤਲਾਸ਼ੀ ਮੁਹਿੰਮ ਜਾਰੀ ਹੈ। ਪ੍ਰਤੱਖਦਰਸ਼ੀ ਇੱਕ ਜਵਾਨ ਦੇ ਬਿਆਨਾਂ ਦੇ ਆਧਾਰ ’ਤੇ ਥਾਣਾ ਕੈਂਟ ਵਿਚ ਦੋ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਐਫਆਈਆਰ ਦਰਜ ਕੀਤੀ ਗਈ ਹੈ। ਮਰਨ ਵਾਲੇ ਜਵਾਨਾਂ ਦੇ ਨਾਮ ਡੀਐਮਟੀ ਸੰਤੋਸ਼, ਡੀਐਮਟੀ ਕਮਲੇਸ਼, ਗਨਰ ਯੋਗੇਸ਼ ਕੁਮਾਰ ਤੇ ਡਰਾਈਵਰ ਸਾਗਰਬਨ ਦੱਸੇ ਜਾ ਰਹੇ ਹਨ। ਸੈਨਿਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਬਠਿੰਡਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ।
ਹਾਸਲ ਜਾਣਕਾਰੀ ਮੁਤਾਬਕ ਦੋ ਦਿਨ ਪਹਿਲਾਂ ਛਾਉਣੀ ਅੰਦਰੋਂ ਇੱਕ ਇਨਸਾਸ (ਇੰਡੀਅਨ ਸਮਾਲ ਆਰਮਸ ਸਿਸਟਮ) ਰਾਈਫਲ ਤੇ 28 ਕਾਰਤੂਸ ਗੁੰਮ ਹੋਏ ਸਨ। ਇਸ ਗੁੰਮਸ਼ੁਦਗੀ ਬਾਰੇ ਮੰਗਲਵਾਰ ਸ਼ਾਮ ਨੂੰ ਫੌਜ ਪ੍ਰਸ਼ਾਸਨ ਨੇ ਬਠਿੰਡਾ ਦੇ ਥਾਣਾ ਕੈਂਟ ਵਿੱਚ ਜਾਣਕਾਰੀ ਦਿੱਤੀ ਸੀ, ਜਿਸ ਦੀ ਪੁਸ਼ਟੀ ਥਾਣੇ ਦੇ ਐਸਐਚਓ ਗੁਰਦੀਪ ਸਿੰਘ ਨੇ ਕੀਤੀ ਹੈ। ਮਾਮਲੇ ਦੀ ਗੰਭੀਰਤਾ ਦੇ ਮੱਦੇਨਜ਼ਰ ਛਾਉਣੀ ਸਥਿਤ ਕੇਂਦਰੀ ਵਿਦਿਆਲਿਆ ਵਿੱਚ ਅੱਜ ਛੁੱਟੀ ਕਰ ਦਿੱਤੀ ਗਈ।
ਇਹ ਵੀ ਪੜ੍ਹੋ: PM Modi: 'ਇਸ ਤਰ੍ਹਾਂ ਮਿਲਦਾ ਹੈ ਆਸ਼ੀਰਵਾਦ...', PM ਮੋਦੀ ਨੇ ਘਰ 'ਚ ਖਾਣਾ ਬਣਾਉਣ ਵਾਲੀ ਔਰਤ ਦੀ ਚਿੱਠੀ ਸਾਂਝੀ ਕਰਦੇ ਹੋਏ ਕਹੀ ਇਹ ਗੱਲ
ਦੱਸ ਦਈਏ ਕਿ ਏਸ਼ੀਆ ਦੀਆਂ ਵੱਡੀਆਂ ਛਾਉਣੀਆਂ ’ਚੋਂ ਇੱਕ ਇਸ ਛਾਉਣੀ ਦੀ ਬਾਊਂਡਰੀ ਕਰੀਬ 45 ਕਿਲੋਮੀਟਰ ਹੈ। ਇਸ ਛਾਉਣੀ ਦਾ ਅਸਲਾ ਡਿਪੂ ਵੀ ਦੇਸ਼ ਦੇ ਵੱਡੇ ਡਿਪੂਆਂ ’ਚ ਸ਼ੁਮਾਰ ਹੈ। ਛਾਉਣੀ ਦਾ ਆਪਣਾ ਰੇਲਵੇ ਸਟੇਸ਼ਨ ਵੀ ਹੈ। ਛਾਉਣੀ ਵਿੱਚ ਵੱਡੀ ਗਿਣਤੀ ਵਿਚ ਆਰਮੀ ਅਪਰੇਸ਼ਨਲ ਯੂਨਿਟ ਵੀ ਹਨ। ਬਠਿੰਡਾ ਵਿੱਚ ਫੌਜ ਦੀ 10 ਕੋਰ ਦਾ ਹੈੱਡਕੁਆਰਟਰ ਹੈ।
ਇਹ ਵੀ ਪੜ੍ਹੋ: Bathinda News: ਬਠਿੰਡਾ ਦੇ ਮਿਲਟਰੀ ਏਰੀਏ 'ਚ ਫਿਰ ਚੱਲੀ ਗੋਲੀ, ਜਵਾਨ ਦੀ ਮੌਤ