Chandigarh News - ਪੀ. ਐੱਚ.ਡੀ. ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ, ਇੰਡੀਅਨ ਇੰਸਟੀਚਿਊਟ ਆਫ਼ ਆਰਕੀਟੈਕਟਸ, ਫਾਇਰ ਐਂਡ ਸਕਿਉਰਿਟੀ ਐਸੋਸੀਏਸ਼ਨ ਆਫ਼ ਇੰਡੀਆ ਅਤੇ ਇੰਡੀਅਨ ਸੁਸਾਇਟੀ ਆਫ਼ ਹੀਟਿੰਗ ਰੈਫੀਜਰੇਟਿੰਗ ਐਂਡ ਏਅਰ ਕੰਡੀਸ਼ਨਿੰਗ ਇੰਜੀਨੀਅਰਜ਼, ਕਾਨਫੈਡਰੇਸ਼ਨ ਆਫ ਰੀਅਲ ਅਸਟੇਟ ਡਿਵੈਲਪਰਜ਼ ਐਸੋਸੀਏਸ਼ਨ ਆਫ ਇੰਡੀਆ ਦੇ ਸਹਿਯੋਗ ਨਾਲ ਪਰੇਡ ਗਰਾਊਂਡ, ਸੈਕਟਰ-17 ਵਿਖੇ ਨੌਵਾਂ ਚਾਰ-ਰੋਜ਼ਾ ਇਨਸ ਐਂਡ ਆਊਟ ਸ਼ੋਅ ਸ਼ੁੱਕਰਵਾਰ ਤੋਂ ਆਯੋਜਿਤ ਕੀਤਾ ਜਾ ਰਿਹਾ ਹੈ।


ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀ.ਐਚ.ਡੀ ਚੈਂਬਰ ਆਫ਼ ਕਾਮਰਸ ਦੇ ਖੇਤਰੀ ਨਿਰਦੇਸ਼ਕ ਭਾਰਤੀ ਸੂਦ ਨੇ ਦੱਸਿਆ ਕਿ ਇਨਸ-ਆਊਟ ਵਿਖੇ 18 ਸਤੰਬਰ ਤੱਕ ਚੱਲਣ ਵਾਲੀ ਇਸ ਪ੍ਰਦਰਸ਼ਨੀ ਵਿਚ ਇਮਾਰਤ ਉਸਾਰੀ ਵਿਚ ਵਰਤੀ ਜਾਣ ਵਾਲੀ ਆਧੁਨਿਕ ਸਮੱਗਰੀ ਨੂੰ ਪ੍ਰਦਰਸ਼ਿਤ ਕਰਨ ਲਈ ਸੌ ਤੋਂ ਵੱਧ ਸਟਾਲ ਲਗਾਏ ਗਏ ਹਨ। 


ਉਨ੍ਹਾਂ ਦੱਸਿਆ ਕਿ 15 ਸਤੰਬਰ ਨੂੰ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਚਾਰ ਰੋਜ਼ਾ ਇਨਸ-ਆਊਟ ਸ਼ੋਅ ਦਾ ਉਦਘਾਟਨ ਕਰਨਗੇ। ਪੀਐਚਡੀ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਦੇ ਪ੍ਰਧਾਨ ਸਾਕੇਤ ਡਾਲਮੀਆ ਉਦਘਾਟਨੀ ਸਮਾਗਮ ਵਿੱਚ ਪ੍ਰਧਾਨਗੀ ਭਾਸ਼ਣ ਦੇਣਗੇ। ਉਦਘਾਟਨੀ ਸਮਾਰੋਹ ਵਿੱਚ ਪੀਐਚਡੀ ਚੰਡੀਗੜ੍ਹ ਚੈਪਟਰ ਦੇ ਚੇਅਰ ਮਧੂਸੂਦਨ ਵਿਜ ਅਤੇ ਕੋ-ਚੇਅਰ ਸੁਵਰਤ ਖੰਨਾ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਣਗੇ।



 ਪਹਿਲੇ ਦਿਨ ਸ਼ਾਮ ਨੂੰ ਕਰਵਾਏ ਗਏ ਸਨਮਾਨ ਸਮਾਰੋਹ ਵਿੱਚ ਇਮਾਰਤ ਨਿਰਮਾਣ ਦੇ ਖੇਤਰ ਵਿੱਚ ਸ਼ਾਨਦਾਰ ਯੋਗਦਾਨ ਪਾਉਣ ਵਾਲੇ ਵੱਖ-ਵੱਖ ਰਾਜਾਂ ਦੇ ਆਰਕੀਟੈਕਟਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਭਾਰਤੀ ਸੂਦ ਅਨੁਸਾਰ ਦੂਜੇ ਦਿਨ 16 ਸਤੰਬਰ ਨੂੰ ਭਾਰਤੀ ਇੰਡੀਅਨ ਫਾਇਰ ਐਂਡ ਸਿਕਿਊਰਟੀ ਯਾਤਰਾ ਜਲਵਾਯੂ ਵਿਸ਼ੇ ’ਤੇ ਸੈਮੀਨਾਰ ਦਾ ਆਯੋਜਨ ਕੀਤਾ ਜਾਵੇਗਾ। ਇਸ ਤੋਂ ਇਲਾਵਾ ਚਾਰ ਦਿਨਾਂ ਤੱਕ ਵੱਖ-ਵੱਖ ਵਿਸ਼ਿਆਂ ਦੇ ਮਾਹਿਰਾਂ ਵੱਲੋਂ ਵੱਖ-ਵੱਖ ਵਿਸ਼ਿਆਂ ’ਤੇ ਸੈਮੀਨਾਰ ਦੌਰਾਨ ਸ਼ਹਿਰ ਵਾਸੀਆਂ ਨੂੰ ਆਧੁਨਿਕ ਇਮਾਰਤ ਉਸਾਰੀ ਤਕਨੀਕ, ਫਾਇਰ ਸੇਫਟੀ, ਸੁਰੱਖਿਆ, ਰੀਅਲ ਅਸਟੇਟ, ਫਨੀਸ਼ਿੰਗ, ਡੈਕੋਰੇਸ਼ਨ ਆਦਿ ਬਾਰੇ ਜਾਣਕਾਰੀ ਦਿੱਤੀ ਜਾਵੇਗੀ। 


ਉਨ੍ਹਾਂ ਦੱਸਿਆ ਕਿ ਚਾਰ ਦਿਨਾਂ ਤੱਕ ਚੱਲਣ ਵਾਲੇ ਇਸ ਪ੍ਰੋਗਰਾਮ ਵਿੱਚ ਟ੍ਰਾਈਸਿਟੀ ਦਾ ਕੋਈ ਵੀ ਵਿਅਕਤੀ ਭਾਗ ਲੈ ਸਕਦਾ ਹੈ। ਭਾਰਤੀ ਸੂਦ ਨੇ ਦੱਸਿਆ ਕਿ ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਅ 18 ਸਤੰਬਰ ਨੂੰ ਇਨਸ-ਆਊਟ ਦੇ ਸਮਾਪਤੀ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ।


ਪੀ.ਐਚ.ਡੀ ਚੰਡੀਗੜ੍ਹ ਚੈਪਟਰ ਦੇ ਚੇਅਰ ਮਧੂਸੂਦਨ ਵਿਜ ਅਤੇ ਕੋ-ਚੇਅਰ ਸੁਵਰਤ ਖੰਨਾ ਨੇ ਕਿਹਾ ਕਿ ਆਰਕੀਟੈਕਚਰ ਦੇ ਖੇਤਰ ਵਿੱਚ ਚੰਡੀਗੜ੍ਹ ਦੀ ਪੂਰੀ ਦੁਨੀਆ ਵਿੱਚ ਆਪਣੀ ਵੱਖਰੀ ਪਛਾਣ ਹੈ। ਇਸ ਮੰਤਵ ਨਾਲ ਚੈਂਬਰ ਪਿਛਲੇ ਅੱਠ ਸਾਲਾਂ ਤੋਂ ਇਮਾਰਤ ਉਸਾਰੀ ਦੇ ਖੇਤਰ ਵਿੱਚ ਹੋ ਰਹੀਆਂ ਆਧੁਨਿਕ ਤਕਨੀਕਾਂ ਅਤੇ ਖੋਜਾਂ ਬਾਰੇ ਹਜ਼ਾਰਾਂ ਲੋਕਾਂ ਨੂੰ ਜਾਣਕਾਰੀ ਦੇਣ ਲਈ ਇਸ ਸਮਾਗਮ ਦਾ ਆਯੋਜਨ ਕਰ ਰਿਹਾ ਹੈ। ਵਿੱਜ ਨੇ ਦੱਸਿਆ ਕਿ ਇਸ ਸਮਾਗਮ ਵਿੱਚ ਸ਼ਹਿਰ ਵਾਸੀਆਂ ਤੋਂ ਇਲਾਵਾ ਵੱਖ-ਵੱਖ ਕਾਲਜਾਂ ਅਤੇ ਹੋਰ ਵਿੱਦਿਅਕ ਅਦਾਰਿਆਂ ਦੇ ਬੱਚੇ ਵੀ ਨਵੀਂ ਤਕਨੀਕ ਬਾਰੇ ਸਿੱਖਣ ਲਈ ਸ਼ਿਰਕਤ ਕਰਦੇ ਹਨ।