Chandigarh - ਪੰਜਾਬ ਸਰਕਾਰ ਵੱਲੋਂ ਪਿਛਲੇ ਸਾਲ ਭਰਤੀ ਕੀਤੇ ਗਏ 1090 ਪਟਵਾਰੀਆਂ ਇੱਕ ਵੱਡਾ ਝਟਕਾ ਲੱਗਾ ਹੈ। ਨਵੇਂ ਭਰਤੀ ਕੀਤੇ ਪਟਵਾਰੀਆਂ ਖਿਲਾਫ਼ ਪੁਰਾਣੇ ਪਟਵਾਰੀਆਂ ਨੇ ਹਾਈ ਕੋਰਟ ਦਾ ਰੁਖ ਕੀਤਾ ਸੀ ਜਿਸ ਤੋਂ ਬਾਅਦ ਹੁਣ 1090 ਪਟਵਾਰੀਆਂ ਨੂੰ ਟ੍ਰੇਨਿੰਗ ਤੇ ਬੇਸਿਕ ਤਨਖ਼ਾਹ ਮਿਲਣ ਦੀ ਬੱਝੀ ਆਸ ਟੁੱਟ ਗਈ ਹੈ।
ਕਾਰਨ ਇਹ ਹੈ ਕਿ ਸਰਕਾਰ ਵੱਲੋਂ ਨਵ-ਨਿਯੁਕਤ ਪਟਵਾਰੀਆਂ ਦੀ ਟ੍ਰੇਨਿੰਗ ਡੇਢ ਸਾਲ ਦੀ ਬਜਾਏ ਇਕ ਸਾਲ ਕੀਤੀ ਗਈ ਸੀ ਤੇ ਉਨ੍ਹਾਂ ਨੂੰ ਜੁਆਨਿੰਗ ਦੇ ਪਹਿਲੇ ਦਿਨ ਤੋਂ ਹੀ ਤਿੰਨ ਸਾਲ ਲਈ ਬਣਦੀ ਬੇਸਿਕ ਤਨਖ਼ਾਹ 19900 ਰੁਪਏ ਦੇਣ ਦੇ ਨਿਯਮ ਬਣਾਏ ਗਏ ਸਨ ਪਰ ਉਕਤ ਨਿਯਮ ਲਾਗੂ ਹੋਣ ਤੋਂ ਪਹਿਲਾਂ ਹੀ ਭਰਤੀ ਹੋਏ 710 ਪਟਵਾਰੀਆਂ ਵੱਲੋਂ ਅਦਾਲਤ ਦਾ ਦਰਵਾਜ਼ਾ ਖੜਕਾਉਣ ਕਾਰਨ ਇਹ ਨਿਯਮ ਤੇ ਸ਼ਰਤਾਂ ਲਾਗੂ ਹੋਣ 'ਤੇ ਰੋਕ ਲਾ ਦਿੱਤੀ ਗਈ।
ਇਸ ਤਰ੍ਹਾਂ ਪੰਜਾਬ ਸਰਕਾਰ ਵੱਲੋਂ ਪੰਜਾਬ ਮਾਲ ਪਟਵਾਰੀ (ਕਲਾਸ-3) ਸੇਵਾ ਨਿਯਮ ਸੋਧ 2023 ਲਾਗੂ ਨਹੀਂ ਹੋ ਸਕਿਆ ਹੈ। ਹਾਈ ਕੋਰਟ 'ਚ ਦਾਇਰ ਕੀਤੀ ਗਈ ਰਿੱਟ ਪਟੀਸ਼ਨ ਮਨਿੰਦਰਜੀਤ ਸਿੰਘ ਤੇ ਹੋਰ ਬਨਾਮ ਪੰਜਾਬ ਸਰਕਾਰ ਤੇ ਹੋਰ ਸੀਡਬਲਿਊਪੀ 8681-2023 ਮਿਤੀ 12 ਜੁਲਾਈ 2023 ਤਹਿਤ ਜਸਟਿਸ ਸੰਜੀਵ ਪ੍ਰਕਾਸ਼ ਸ਼ਰਮਾ ਦੀ ਅਦਾਲਤ ਵੱਲੋਂ ਮੌਜੂਦਾ ਟਰੇਨਿੰਗ ਲੈ ਰਹੇ ਪਟਵਾਰੀਆਂ ਜੋ ਕਿ ਇਕ ਸਾਲ ਦੀ ਟ੍ਰੇਨਿੰਗ ਵੀ ਪੂਰੀ ਕਰ ਚੁੱਕੇ ਸਨ, ਉਪਰ ਪਟਵਾਰੀ ਸਰਵਿਸ ਰੂਲਜ਼ 1966 ਤਹਿਤ ਹੀ ਨਿਰਧਾਰਤ ਸ਼ਰਤਾਂ ਤੇ ਨਿਯਮ ਲਾਗੂ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਹਨ।
ਇਸ ਉਪਰੰਤ ਮਾਲ ਤੇ ਪੁਨਰਵਾਸ ਵਿਭਾਗ ਪੰਜਾਬ ਵੱਲੋਂ 28 ਜੁਲਾਈ 2023 ਨੂੰ ਡਾਇਰੈਕਟਰ ਭੌਂ ਰਿਕਾਰਡ ਪੰਜਾਬ ਜਲੰਧਰ ਨੂੰ ਲਿਖੇ ਗਏ ਪੱਤਰ 'ਚ ਕਿਹਾ ਗਿਆ ਹੈ ਕਿ ਹਾਈ ਕੋਰਟ ਦੇ ਆਦੇਸ਼ਾਂ ਦੀ ਪਾਲਣਾ ਹਿੱਤ 1090 ਪਟਵਾਰੀਆਂ ਦੀ ਟ੍ਰੇਨਿੰਗ ਪੰਜਾਬ ਮਾਲ ਪਟਵਾਰੀ (ਕਲਾਸ-3) ਸੇਵਾ ਨਿਯਮ 1966 ਅਨੁਸਾਰ ਇਕ ਸਾਲ ਦੀ ਪਟਵਾਰੀ ਸਕੂਲ ਟ੍ਰੇਨਿੰਗ ਅਤੇ 6 ਮਹੀਨੇ ਦੀ ਫੀਲਡ ਟਰੇਨਿੰਗ ਕੁੱਲ ਡੇਢ ਸਾਲ ਦੀ ਟ੍ਰੇਨਿੰਗ ਕਰਵਾਉਣੀ ਯਕੀਨੀ ਬਣਾਈ ਜਾਵੇ।
ਉਕਤ ਅਦਾਲਤੀ ਫ਼ੈਸਲੇ ਨਾਲ ਜਿੱਥੇ ਸਰਕਾਰ ਵੱਲੋਂ ਪੰਜਾਬ ਮਾਲ ਪਟਵਾਰੀ (ਕਲਾਸ-3) ਸੇਵਾ ਨਿਯਮ 1966 ’ਚ ਕੀਤੀ ਗਈ ਸੋਧ ਨੂੰ ਝਟਕਾ ਲੱਗਾ ਹੈ, ਉਥੇ ਹੀ ਟ੍ਰੇਨਿੰਗ ਪੂਰੀ ਕਰਨ ਵਾਲੇ ਨਵ-ਨਿਯੁਕਤ ਪਟਵਾਰੀਆਂ ਨੂੰ ਹੁਣ ਡੇਢ ਸਾਲ ਦੀ ਟ੍ਰੇਨਿੰਗ ਪੂਰੀ ਕਰਨੀ ਪਵੇਗੀ।
Join Our Official Telegram Channel : -
https://t.me/abpsanjhaofficial