108 ambulance - ਸਿਹਤ ਮੰਤਰੀ ਪੰਜਾਬ ਵੱਲੋਂ ਦਿੱਤੇ ਭਰੋਸੇ ਦੇ 7 ਮਹੀਨੇ ਬਾਅਦ ਵੀ ਵਧੀ ਤਨਖਾਹ ਨਾ ਮਿਲਣ ਕਾਰਨ 108 ਐਂਬੂਲੈਂਸ ਸਟਾਫ਼ ਵਲੋਂ ਅੱਜ ਮੁਹਾਲੀ ਦੇ ਅੰਬ ਸਾਹਿਬ ਗੁਰਦੁਆਰਾ ਸਾਹਿਬ ਨੇੜੇ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਪੰਜਾਬ ਸਰਕਾਰ ਅਤੇ ਕੰਪਨੀ ਖ਼ਿਲਾਫ਼ ਧਰਨਾ ਦਿੱਤਾ, ਜਿਸ ਵਿੱਚ 800 ਦੇ ਕਰੀਬ 108 ਐਂਬੂਲੈਂਸ ਡਰਾਈਵਰਾਂ ਤੋਂ ਇਲਾਵਾ ਯੂਨੀਅਨ ਦੇ ਹੱਕ ਵਿੱਚ ਪੁੱਜੇ ਰਾਸ਼ਟਰੀ ਭਗਵਾਨ ਸੈਨਾ ਦੇ ਅਹੁਦੇਦਾਰਾਂ ਨੇ ਸ਼ਮੂਲੀਅਤ ਕੀਤੀ।


ਇਸ ਮੌਕੇ ਰਾਸ਼ਟਰੀ ਭਗਵਾਂ ਸੈਨਾ ਦੇ ਕੌਮੀ ਪ੍ਰਧਾਨ ਪੰਕਜ ਦੇਵਾਸਰ, ਚੇਅਰਮੈਨ ਸੰਤੋਖ ਗਿੱਲ, ਰਵੀ ਕੁਮਾਰ, ਬਾਲਮੀਕ ਸਮਾਜ ਦੇ ਗੁਰੂ ਬਾਬਾ ਨਛੱਤਰ ਨਾਥ ਅਤੇ 108 ਮੁਲਾਜ਼ਮ ਯੂਨੀਅਨ ਦੇ ਸੂਬਾ ਪ੍ਰਧਾਨ ਅਮਨਦੀਪ ਸਿੰਘ ਅਤੇ ਮੀਤ ਪ੍ਰਧਾਨ ਜੋਗਾ ਸਿੰਘ ਨੇ ਦੱਸਿਆ ਕਿ ਅੱਜ ਮੁਹਾਲੀ ਪੁੱਜਦਿਆਂ ਹੀ ਅਧਿਕਾਰੀਆਂ ਵੱਲੋਂ ਸਰਕਾਰੀ ਐਂਬੂਲੈਂਸ ਮੁਲਾਜ਼ਮਾਂ ਨੂੰ ਧਰਨਾ ਨਾ ਦੇਣ ਲਈ ਕਿਹਾ ਗਿਆ ਅਤੇ ਵੱਡੇ ਅਧਿਕਾਰੀਆਂ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ ਗਿਆ।


ਉਨ੍ਹਾਂ ਦੱਸਿਆ ਕਿ ਐਂਬੂਲੈਂਸ ਦੀਆਂ ਜਾਇਜ਼ ਮੰਗਾਂ ਸਬੰਧੀ ਪੰਜਾਬ ਦੇ ਏ.ਡੀ.ਜੀ.ਪੀ ਜਸਕਰਨ ਸਿੰਘ ਨਾਲ ਮੀਟਿੰਗ ਕੀਤੀ ਗਈ, ਜਿਨ੍ਹਾਂ ਨੇ ਉਨ੍ਹਾਂ ਦੀਆਂ ਮੰਗਾਂ ਸੁਣੀਆਂ ਅਤੇ ਭਰੋਸਾ ਦਿੱਤਾ ਕਿ ਆਉਣ ਵਾਲੀ 15 ਤਰੀਕ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੀਟਿੰਗ ਕਰਕੇ ਸਾਰੀਆਂ ਜਾਇਜ਼ ਮੰਗਾਂ ਦਾ ਜਲਦ ਹੀ ਨਿਪਟਾਰਾ ਕਰਵਾਇਆ ਜਾਵੇਗਾ।


ਉਨ੍ਹਾਂ 108 ਐਂਬੂਲੈਂਸ ਦੇ ਮੁਲਾਜ਼ਮਾਂ ਨੂੰ ਵੀ ਧਰਨਾ ਨਾ ਦੇਣ ਦੀ ਅਪੀਲ ਕੀਤੀ। ਇਸ ਸਬੰਧੀ ਯੂਨੀਅਨ ਦੇ ਪ੍ਰਧਾਨ ਅਮਨਦੀਪ ਸਿੰਘ ਨੇ ਦੱਸਿਆ ਕਿ ਏ.ਡੀ.ਜੀ.ਪੀ ਪੰਜਾਬ ਦੇ ਭਰੋਸੇ ਤੋਂ ਬਾਅਦ ਉਹ ਅੱਜ ਦੁਬਾਰਾ ਡਿਊਟੀ 'ਤੇ ਪਰਤ ਰਹੇ ਹਨ |


ਜ਼ਿਕਰਯੋਗ ਹੈ ਕਿ ਤਨਖਾਹ ਵਧਾਉਣ ਅਤੇ ਆਪਣੀਆਂ ਹੋਰ ਮੰਗਾਂ ਨੂੰ ਲੈ ਕੇ ਐਂਬੂਲੈਂਸ ਕਰਮਚਾਰੀਆਂ ਨੇ ਜਨਵਰੀ ਮਹੀਨੇ ਦੌਰਾਨ ਲਾਡੋਵਾਲ ਟੋਲ ਪਲਾਜਾ ਤੇ ਧਰਨਾ ਲਗਾਇਆ ਸੀ।ਜਿਸ ਤੋਂ ਬਾਅਦ ਸਿਹਤ ਮੰਤਰੀ ਨੇ ਕਰਮਚਾਰੀਆਂ ਦੀ ਮੰਗਾਂ ਮੰਨਣ ਅਤੇ ਤਨਖਾਹ ਵਿੱਚ 5000 ਰੁਪਏ ਵਾਧੇ ਸਮੇਤ ਕੰਪਨੀ ਖਿਲਾਫ਼ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਸੀ, ਪਰ ਸਰਕਾਰ ਅਤੇ ਕੰਪਨੀ ਵਲੋਂ ਮੁਲਾਜ਼ਮਾਂ ਨੂੰ ਕਿਸੇ ਵੀ ਤਰ੍ਹਾਂ ਦੀ ਰਿਹਾਇਤ ਹੁਣ ਤੱਕ ਨਹੀਂ ਦਿੱਤੀ ਗਈ।ਇਨ੍ਹਾਂ ਹੀ ਨਹੀਂ ਮੁੱਖਮੰਤਰੀ ਭਗੰਵਤ ਮਾਨ ਜੀ ਦੇ ਕਹਿਣ ਦੇ ਬਾਵਜੂਦ ਵੀ ਕੰਪਨੀ ਨੇ ਮੁਲਾਜਮਾਂ ਦੀ ਜਨਵਰੀ ਮਹੀਨੇ ਦੀ ਤਨਖਾਹ ਨਹੀਂ ਦਿੱਤੀ।



108 ਇੰਪਲਾਈਜ਼ ਯੂਨੀਅਨ ਦੇ ਸੂਬਾ ਪ੍ਰਧਾਨ ਅਮਨਦੀਪ ਸਿੰਘ ਅਤੇ ਮੀਤ ਪ੍ਰਧਾਨ ਜੋਗਾ ਸਿੰਘ ਨੇ ਅੱਜ ਇੱਥੇ ਦੱਸਿਆ ਕਿ ਉਹ ਲੰਬੇ ਸਮੇਂ ਤੋਂ ਮੰਗ ਕਰਦੇ ਆ ਰਹੇ ਹਨ ਕਿ ਸਰਕਾਰ ਉਨ੍ਹਾਂ ਦੀਆਂ ਸੇਵਾਵਾਂ ਨੂੰ ਆਪਣੇ ਅਧੀਨ ਲਵੇ, ਪਰ ਕੋਈ ਸੁਣਵਾਈ ਨਹੀਂ ਹੋਈ।ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਇੰਕਰੀਮੈਂਟ 2013 ਤੋਂ ਰੁਕਿਆ ਪਿਆ ਹੈ, ਜਿਸ ਦੀ ਅਦਾਇਗੀ ਕਰਨ ਵਿੱਚ ਵੀ ਸਰਕਾਰ ਗੰਭੀਰ ਨਹੀਂ ਹੈ।ਉਨ੍ਹਾਂ ਕਿਹਾ ਕਿ ਸਿਹਤ ਮੰਤਰੀ ਦੇ ਹੁਕਮਾਂ ਦੇ ਬਾਵਜੂਦ ਕੰਪਨੀ ਦਾ ਅੜਬ ਵਤੀਰਾ ਜਿਉਂ ਦੀ ਤਿਉਂ ਹੈ।



ਉਨ੍ਹਾਂ ਕਿਹਾ ਕਿ ਨਿਯੁਕਤੀ ਸਮੇਂ ਫੈਸਲਾ ਕੀਤਾ ਗਿਆ ਸੀ ਕਿ 108 ਕਰਮਚਾਰੀਆਂ ਦੀ ਬਦਲੀ ਦੂਰ ਦੁਰਾਡੇ ਨਹੀਂ ਕੀਤੀ ਜਾਵੇਗੀ ਪਰ ਹੁਣ 200 ਤੋਂ 300 ਕਿਲੋਮੀਟਰ ਦੂਰੀ ਤੱਕ ਸਟਾਫ਼ ਦੀ ਬਦਲੀ ਕੀਤੀ ਜਾ ਰਹੀ ਹੈ।ਜਿਸ ਕਾਰਨ ਉਨ੍ਹਾਂ ਦੀ ਜਿੰਦਗੀ ਆਰਥਿਕ ਅਤੇ ਸਮਾਜਿਕ ਰੂਪ ਵਿੱਚ ਪ੍ਰਭਾਵਿਤ ਹੋ ਰਹੀ ਹੈ।ਉਨ੍ਹਾਂ ਮੰਗ ਕੀਤੀ ਕਿ 108 ਸਟਾਫ਼ ਦਾ ਮੈਡੀਕਲ ਦੁਰਘਟਨਾ ਬੀਮਾ ਕਰਵਾਇਆ ਜਾਵੇ ਅਤੇ ਕੋਵਿਡ ਦੇ ਸਮੇਂ ਦੌਰਾਨ ਬੰਦ ਕੀਤੀਆਂ ਛੁੱਟੀਆਂ ਮੁੜ ਬਹਾਲ ਕੀਤੀਆਂ ਜਾਣ।



ਉਨ੍ਹਾਂ ਕਿਹਾ ਕਿ ਸਰਕਾਰ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਦੇਣ ਦੀ ਬਜਾਏ ਹੱਕੀ ਅਵਾਜ਼ ਬੁਲੰਦ ਕਰਨ ਵਾਲੇ ਸਟਾਫ਼ ਨੂੰ ਬਰਖਾਸਤ ਕਰਕੇ ਹੌਂਸਲਾ ਪਸਤ ਕਰਨ ਵਰਗੇ ਨਾਕਾਮ ਕਦਮ ਚੁੱਕਦੀ ਰਹੀ ਹੈ।ਉਨ੍ਹਾਂ ਕਿਹਾ ਕਿ ਨਿਯਮਾਂ ਮੁਤਾਬਿਕ ਡਰਾਈਵਰ ਤੋਂ 8 ਘੰਟੇ ਡਿਊਟੀ ਲਈ ਜਾ ਸਕਦੀ ਹੈ ਪਰ ਕੰਪਨੀ 12-12 ਘੰਟੇ ਕੰਮ ਕਰਨ ਲਈ ਮਜ਼ਬੂਰ ਕਰਦੀ ਹੈ।