Chandigarh News: ਕੁਦਰਤ ਦੇ ਰੰਗ ਨਿਆਰੇ ਹਨ। ਬਾਰਸ਼ ਨੇ ਮਈ ਵਿੱਚ ਕਾਂਬਾ ਛੇੜ ਦਿੱਤਾ ਹੈ। ਏਸੀ ਚਲਾਉਣ ਵਾਲੇ ਮੌਸਮ ਵਿੱਚ ਲੋਕ ਕੰਬਲ ਲੈ ਕੇ ਸੌਣ ਲੱਗੇ ਹਨ। ਇਹ ਹਾਲਾਤ ਚੰਡੀਗੜ੍ਹ ਵਿੱਚ ਵੇਖਣ ਨੂੰ ਮਿਲਿਆ। ਲੰਘੇ ਦਿਨ ਤੋਂ ਸਿਟੀ ਬਿਊਟੀਫੁੱਲ ’ਚ ਰੁਕ-ਰੁਕ ਕੇ ਪੈ ਰਹੇ ਮੀਂਹ ਤੇ ਚੱਲ ਰਹੀਆਂ ਠੰਢੀਆਂ ਹਵਾਵਾਂ ਕਰ ਕੇ ਵੱਧ ਤੋਂ ਵੱਧ ਤਾਪਮਾਨ 12 ਡਿਗਰੀ ਸੈਲਸੀਅਸ ਹੇਠਾਂ ਡਿੱਗ ਗਿਆ ਹੈ। ਇਹ ਵੀ ਅਹਿਮ ਹੈ ਕਿ 3 ਸਾਲਾਂ ’ਚ ਵੱਧ ਤੋਂ ਵੱਧ ਤਾਪਮਾਨ ਸਭ ਤੋਂ ਹੇਠਾਂ ਪੁੱਜ ਗਿਆ ਹੈ। ਸੋਮਵਾਰ ਨੂੰ ਪਾਰਾ 12 ਡਿਗਰੀ ਸੈਲਸੀਅਸ ਘਟ ਕੇ 25.7 ਡਿਗਰੀ 'ਤੇ ਪਹੁੰਚ ਗਿਆ।


ਦਰਅਸਲ ਉੱਤਰ ਭਾਰਤ ’ਚ ਮਈ ਮਹੀਨੇ ਦੌਰਾਨ ਪੈਣ ਵਾਲੀ ਅਤਿ ਦੀ ਗਰਮੀ ’ਤੇ ਪੱਛਮੀ ਵਿਗਾੜ ਦਾ ਅਸਰ ਪੂਰੀ ਤਰ੍ਹਾਂ ਦੇਖਣ ਨੂੰ ਮਿਲ ਰਿਹਾ ਹੈ। ਲੰਘੇ ਦਿਨ ਤੋਂ ਸਿਟੀ ਬਿਊਟੀਫੁੱਲ ਚੰਡੀਗੜ੍ਹ ’ਚ ਰੁਕ-ਰੁਕ ਕੇ ਪੈ ਰਹੇ ਮੀਂਹ ਤੇ ਚੱਲ ਰਹੀਆਂ ਠੰਢੀਆਂ ਹਵਾਵਾਂ ਕਰ ਕੇ ਵੱਧ ਤੋਂ ਵੱਧ ਤਾਪਮਾਨ 12 ਡਿਗਰੀ ਸੈਲਸੀਅਸ ਹੇਠਾਂ ਡਿੱਗ ਗਿਆ ਹੈ। ਇਸ ਨਾਲ ਮਈ ਮਹੀਨੇ ’ਚ 13 ਸਾਲਾਂ ਦਾ ਰਿਕਾਰਡ ਤੋੜਦਿਆਂ ਵੱਧ ਤੋਂ ਵੱਧ ਤਾਪਮਾਨ ਅੱਜ ਸਭ ਤੋਂ ਘੱਟ ਦਰਜ ਕੀਤਾ ਹੈ। 


ਸੋਮਵਾਰ ਨੂੰ ਚੰਡੀਗੜ੍ਹ ’ਚ ਵੱਧ ਤੋਂ ਵੱਧ ਤਾਪਮਾਨ 25.7 ਡਿਗਰੀ ਸੈਲਸੀਅਸ ਰਿਹਾ ਹੈ। ਮੌਸਮ ਵਿਗਿਆਨੀਆਂ ਨੇ ਕਿਹਾ ਕਿ ਸਾਲ 2011 ਤੋਂ ਬਾਅਦ ਕਦੇ ਵੀ ਮਈ ਮਹੀਨੇ ’ਚ ਵੱਧ ਤੋਂ ਵੱਧ ਤਾਪਮਾਨ 25 ਡਿਗਰੀ ਦਰਜ ਨਹੀਂ ਕੀਤਾ ਗਿਆ, ਜਦੋਂਕਿ ਇਸ ਤੋਂ ਪਹਿਲਾਂ ਸਾਲ 2021 ’ਚ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 27.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ। 


ਦੂਜੇ ਪਾਸੇ, ਮੌਸਮ ਵਿਭਾਗ ਨੇ ਪੰਜ ਮਈ ਤੱਕ ਤਿੰਨ ਦਿਨ ਸ਼ਹਿਰ ਵਿੱਚ ਮੀਂਹ ਤੇ ਤੇਜ਼ ਹਵਾਵਾਂ ਚੱਲਣ ਦੀ ਪੇਸ਼ੀਨਗੋਈ ਕੀਤੀ ਹੈ। ਇਸ ਦੌਰਾਨ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਵੀ ਚੱਲ ਸਕਦੀਆਂ ਹਨ। ਉਂਝ ਮੌਸਮ ਵਿੱਚ ਆਈ ਤਬਦੀਲੀ ਕਰ ਕੇ ਲੋਕਾਂ ਨੇ ਗਰਮੀ ਤੋਂ ਰਾਹਤ ਮਹਿਸੂਸ ਕੀਤੀ ਹੈ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਮੁਹਾਲੀ ’ਚ ਵੱਧ ਤੋਂ ਵੱਧ ਤਾਪਮਾਨ 26.8 ਡਿਗਰੀ ਸੈਲਸੀਅਸ ਤੇ ਪੰਚਕੂਲਾ ’ਚ ਤਾਪਮਾਨ 25.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਮੌਸਮ ਵਿਗਿਆਨੀਆਂ ਨੇ ਕਿਹਾ ਕਿ ਮੌਸਮ ’ਚ ਪੱਛਮੀ ਵਿਗਾੜ ਦੇ ਚਲਦਿਆਂ ਅਗਲੇ ਤਿੰਨ ਦਿਨ ਤਾਪਮਾਨ ਵਿੱਚ ਕੋਈ ਵਧੇਰੇ ਬਦਲਾਅ ਦੇਖਣ ਨੂੰ ਨਹੀਂ ਮਿਲੇਗਾ।