Chandigarh News: ਚੰਡੀਗੜ੍ਹ ’ਚ ਅਗਲੇ ਤਿੰਨ ਦਿਨ ਗਰਮੀ ਤੋਂ ਰਾਹਤ ਮਿਲ ਸਕਦੀ ਹੈ। ਮੌਸਮ ਵਿਗਿਆਨੀਆਂ ਮੁਤਾਬਕ ਚੰਡੀਗੜ੍ਹ ਵਿੱਚ 20, 21 ਤੇ 22 ਜੂਨ ਨੂੰ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਦੀ ਪੇਸ਼ੀਨਗੋਈ ਕੀਤੀ ਗਈ ਹੈ। ਚੰਡੀਗੜ੍ਹ ’ਚ ਸੋਮਵਾਰ ਨੂੰ ਦੇਰ ਸ਼ਾਮ ਤੇਜ਼ ਹਵਾਵਾਂ ਮਗਰੋਂ ਅਚਾਨਕ ਆਏ ਮੀਂਹ ਨੇ ਦਿਨ ਭਰ ਦੀ ਗਰਮੀ ਦੇ ਝੰਭੇ ਲੋਕਾਂ ਨੂੰ ਰਾਹਤ ਦਿੱਤੀ। 





ਦੱਸ ਦਈਏ ਕਿ ਸੋਮਵਾਰ ਸਵੇਰ ਤੋਂ ਹੀ ਤਿੱਖੀ ਧੁੱਪ ਕਾਰਨ ਸ਼ਹਿਰ ਵਿੱਚ ਪਾਰਾ ਚੜ੍ਹਿਆ ਹੋਇਆ ਸੀ ਪਰ ਦੇਰ ਸ਼ਾਮ ਮੌਸਮ ਨੇ ਅਚਾਨਕ ਕਰਵਟ ਲਈ ਤੇ ਤੇਜ਼ ਹਵਾਵਾਂ ਨਾਲ ਪਏ ਮੀਂਹ ਨਾਲ ਪਾਰਾ ਥੱਲੇ ਆ ਗਿਆ। ਮੀਂਹ ਮਗਰੋਂ ਲੋਕਾਂ ਨੇ ਗਰਮੀ ਤੋਂ ਰਾਹਤ ਮਹਿਸੂਸ ਕੀਤੀ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਸ਼ਾਮ ਸਮੇਂ 15 ਕੁ ਮਿੰਟ ਪਏ ਮੀਂਹ ਦੌਰਾਨ ਸ਼ਹਿਰ ’ਚ 1.6 ਐਮਐਮ ਮੀਂਹ ਪਿਆ ਹੈ। 


 


ਹਾਸਲ ਜਾਣਕਾਰੀ ਅਨੁਸਾਰ ਸੋਮਵਾਰ ਨੂੰ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 40.2 ਡਿਗਰੀ ਸੈਲਸੀਅਸ ਤੇ ਘੱਟ ਤੋਂ ਘੱਟ ਤਾਪਮਾਨ 26.7 ਡਿਗਰੀ ਸੈਲਸੀਅਸ ਦਰਜ ਕੀਤਾ ਹੈ, ਜੋ ਆਮ ਦੇ ਬਰਾਬਰ ਰਿਹਾ ਹੈ। ਸੋਮਵਾਰ ਸਵੇਰ ਸਮੇਂ ਤੋਂ ਨਿਕਲੀ ਤੇਜ਼ ਧੁੱਪ ਦੇ ਨਾਲ ਦਿਨ ਸਮੇਂ ਤਾਪਮਾਨ ਵਿੱਚ ਵੱਧ ਰਿਹਾ। ਸ਼ਹਿਰ ’ਚ ਤਪਸ਼ ਵਧਣ ਕਰਕੇ ਸੜਕਾਂ ਤੇ ਬਾਜ਼ਾਰਾਂ ’ਚ ਸੰਨਾਟਾ ਪਸਰਿਆ ਰਿਹਾ ਪਰ ਸ਼ਾਮ ਸਮੇਂ ਪਏ ਮੀਂਹ ਮਗਰੋਂ ਰੌਣਕ ਪਰਤ ਆਈ ਤੇ ਲੋਕ ਮੌਸਮ ਦਾ ਆਨੰਦ ਮਾਣਦੇ ਦਿਖਾਈ ਦਿੱਤੇ। 




ਦੱਸ ਦਈਏ ਕਿ ਇਸ ਸਾਲ ਜੂਨ ਮਹੀਨੇ ਵਿੱਚ ਆਮ ਨਾਲੋਂ 61 ਫੀਸਦ ਮੀਂਹ ਘੱਟ ਪਿਆ ਹੈ। 1 ਜੂਨ ਤੋਂ 19 ਜੂਨ ਤੱਕ ਸ਼ਹਿਰ ਵਿੱਚ ਸਿਰਫ਼ 28.6 ਐਮਐਮ ਮੀਂਹ ਪਿਆ ਹੈ। ਹਾਲਾਂਕਿ ਇਸ ਸਾਲ ਮਈ ਮਹੀਨੇ ਨੇ ਪਿਛਲੇ 52 ਸਾਲਾਂ ਦੇ ਰਿਕਾਰਡ ਤੋੜ ਦਿੱਤੇ ਸਨ। ਇਸ ਸਾਲ ਮਈ ਮਹੀਨੇ ਵਿੱਚ 129 ਐਮਐਮ ਮੀਂਹ ਪਿਆ ਹੈ, ਜੋ ਕਿ ਆਮ ਨਾਲੋਂ 161 ਫੀਸਦ ਵੱਧ ਹੈ। ਇਸ ਤੋਂ ਪਹਿਲਾਂ ਸਾਲ 1971 ਵਿੱਚ 130.7 ਐਮਐਮ ਮੀਂਹ ਪਿਆ ਸੀ। ਦੱਸ ਦੇਈਏ ਕਿ ਇੱਕ ਵਾਰ ਫਿਰ ਤੋਂ ਮੌਸਮ ਸੁਹਾਣਾ ਹੋਣ ਜਾ ਰਿਹਾ ਹੈ। ਜਿਸ ਨਾਲ ਉਮੀਦ ਕੀਤੀ ਜਾ ਰਹੀ ਹੈ ਕਿ ਆਮ ਲੋਕਾਂ ਨੂੰ ਭੱਖਦੀ ਗਰਮੀ ਤੋਂ ਰਾਹਤ ਮਿਲੇਗੀ। 


Read More: Punjab Weather Report: ਪੰਜਾਬ ਦੇ ਕਈ ਇਲਾਕਿਆਂ 'ਚ ਅੱਜ ਹੋ ਸਕਦੀ ਬਾਰਸ਼, ਅਗਲੇ ਤਿੰਨ ਦਿਨ ਮੌਸਮ ਰਹੇਗਾ ਸਾਫ