Mohali water supply issue: ਮੁਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਸਿੱਧੂ ਨੇ ਅੱਜ ਭਰੋਸਾ ਦਿੱਤਾ ਕਿ ਮੁਹਾਲੀ ਦੇ ਕੁਝ ਸੈਕਟਰਾਂ ਵਿੱਚ ਪਾਣੀ ਦੀ ਸਪਲਾਈ ਦੀ ਘਾਟ ਨੂੰ 24 ਘੰਟਿਆਂ ਵਿੱਚ ਦੂਰ ਕਰ ਲਿਆ ਜਾਵੇਗਾ।
ਉਨ੍ਹਾਂ ਸਪੱਸ਼ਟ ਕੀਤਾ ਕਿ ਸ਼ਹਿਰ ਵਿੱਚ ਪਾਣੀ ਸਪਲਾਈ ਕਰਨ ਦੀ ਜ਼ਿਮੇਂਵਾਰੀ ਜਨ ਸਿਹਤ ਵਿਭਾਗ ਕੋਲ ਹੈ, ਪਰ ਲੋਕਾਂ ਦੀਆਂ ਮੁਸ਼ਕਲਾਂ ਨੂੰ ਦੇਖਦੇ ਹੋਏ ਨਗਰ ਨਿਗਮ ਵੱਲੋਂ ਟਿਊਬਵੈੱਲਾਂ ਰਾਹੀਂ ਪਾਣੀ ਦੀ ਸਪਲਾਈ ਲਈ ਢੁਕਵੇਂ ਕਦਮ ਉਠਾਏ ਜਾ ਰਹੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਅੱਜ ਤੋਂ ਸ਼ਹਿਰ ਵਾਸੀਆਂ ਦੀ ਸਹੂਲਤ ਲਈ 2-4 ਹੋਰ ਟਿਊਬਵੈੱਲ ਚਾਲੂ ਹੋ ਜਾਣਗੇ।
ਮੇਅਰ ਨੇ ਇਹ ਜਾਣਕਾਰੀ ਪੰਜਾਬ ਜਨ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਨ ਉਪਰੰਤ ਦਿੱਤੀ। ਉਨ੍ਹਾਂ ਨਗਰ ਨਿਗਮ ਮੁਹਾਲੀ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਜਨ ਸਿਹਤ ਪੰਜਾਬ ਦੇ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਕਜੌਲੀ ਤੋਂ ਪੂਰਾ ਪਾਣੀ ਸਪਲਾਈ ਕਰਨ ਦੇ ਚੱਲ ਰਹੇ ਕੰਮ ਨੂੰ ਤੇਜ਼ੀ ਨਾਲ ਨੇਪਰੇ ਚਾੜਣ।
ਉਹਨਾਂ ਕਿਹਾ ਕਿ ਮੀਟਿੰਗ ਦੌਰਾਨ ਅਧਕਾਰੀਆਂ ਨੇ ਦੱਸਿਆ ਗਿਆ ਕਜੌਲੀ ਦੀ ਵਾਟਰ ਪਾਈਪ ਲਾਈਨ ਦੀ ਮੁਰੰਮਤ ਦੇ ਕੰਮ ਵਿੱਚ ਤੇਜ਼ੀ ਲਿਆਉਣ ਲਈ ਜਨ ਸਿਹਤ ਅਧਿਕਾਰੀਆਂ ਵੱਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਉਹਨਾਂ ਅੱਗੇ ਦੱਸਿਆ ਗਿਆ ਕਿ ਕਜੌਲੀ ਦੀ ਵਾਟਰ ਪਾਈਪ ਲਾਈਨ ਦੀ ਮੁਰੰਮਤ ਦਾ ਚੱਲ ਰਿਹਾ ਕੰਮ ਮੁਹਾਲੀ ਵਿੱਚ ਪਾਣੀ ਦੀ ਕਿੱਲਤ ਦਾ ਮੂਲ ਕਾਰਨ ਹੈ।
ਸਿੱਧੂ ਨੇ ਪਾਣੀ ਦੀਆਂ ਟੈਂਕੀਆਂ ਦੀਆਂ ਵਧੀਆਂ ਕੀਮਤਾਂ ਨੂੰ ਗਲਤ ਅਮਲ ਦੱਸਿਆ ਅਤੇ ਕਿਹਾ ਕਿ ਸਬੰਧਤ ਵਿਭਾਗਾਂ ਅਤੇ ਸਬੰਧਤ ਧਿਰਾਂ ਨਾਲ ਸਹਿਮਤੀ ਤੋਂ ਬਾਅਦ ਜਲਦੀ ਹੀ ਪਾਣੀ ਦੀਆਂ ਟੈਂਕੀਆਂ ਲਈ ਵਾਜਬ ਕੀਮਤ ਨੀਤੀ ਲਿਆਂਦੀ ਜਾਵੇਗੀ। ਉਨ੍ਹਾਂ ਕਿਹਾ ਕਿ ਨਗਰ ਨਿਗਮ ਮੁਹਾਲੀ ਇਹ ਯਕੀਨੀ ਬਣਾਏਗਾ ਕਿ ਸੰਕਟ ਦੀ ਘੜੀ ਵਿੱਚ ਆਮ ਨਾਗਰਿਕਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।
ਉਨ੍ਹਾਂ ਕੌਂਸਲਰਾਂ ਨੂੰ ਮੌਨਸੂਨ ਸੀਜ਼ਨ ਦੇ ਮੱਦੇਨਜ਼ਰ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਸਬੰਧੀ ਜਾਗਰੂਕਤਾ ਮੁਹਿੰਮ ਚਲਾਉਣ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਡੇਂਗੂ, ਡਾਇਰੀਆ ਅਤੇ ਹੈਜ਼ੇ ਦੇ ਕੇਸ ਵੱਧ ਸਾਹਮਣੇ ਆਏ ਹਨ। ਉਨ੍ਹਾਂ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਉਨ੍ਹਾਂ ਥਾਵਾਂ 'ਤੇ ਨਿਗਰਾਨੀ ਰੱਖਣ ਦੇ ਵੀ ਨਿਰਦੇਸ਼ ਦਿੱਤੇ ਜਿੱਥੇ ਪਾਣੀ ਖੜ੍ਹਾ ਹੈ। ਉਨ੍ਹਾਂ ਕਿਹਾ ਕਿ ਜਲਦੀ ਹੀ ਇੱਕ ਹੈਲਪਲਾਈਨ ਨੰਬਰ ਜਾਰੀ ਕੀਤਾ ਜਾਵੇਗਾ ਜਿੱਥੇ ਵਸਨੀਕ ਖੜ੍ਹੇ ਪਾਣੀ ਦੀ ਸੂਚਨਾ ਦੇ ਸਕਦੇ ਹਨ।
ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ ਨੇ ਵੀ ਪਬਲਿਕ ਹੈਲਥ ਅਧਿਕਾਰੀਆਂ ਨਾਲ ਵੱਖ-ਵੱਖ ਮੁੱਦਿਆਂ 'ਤੇ ਚਰਚਾ ਕੀਤੀ। ਮੀਟਿੰਗ ਵਿੱਚ ਨਗਰ ਨਿਗਮ ਕਮਿਸ਼ਨਰ ਅਤੇ ਸੁਪਰਡੈਂਟ ਇੰਜਨੀਅਰ ਹਾਜ਼ਰ ਸਨ।