Chandigarh News : ਪੂਰੇ ਖੇਤਰ ਵਿੱਚ ਟਮਾਟਰ ਦੀਆਂ ਕੀਮਤਾਂ ਵਿੱਚ ਚਿੰਤਾਜਨਕ ਵਾਧੇ ਦੇ ਮੱਦੇਨਜ਼ਰ ਪੰਜਾਬ ਦੇ ਰਾਜਪਾਲ ਅਤੇ ਯੂ.ਟੀ. ਚੰਡੀਗੜ੍ਹ ਦੇ ਪ੍ਰਸ਼ਾਸਕ ਨੇ ਨਿੱਜੀ ਪੱਧਰ ’ਤੇ ਸਥਿਤੀ ਨਾਲ ਨਜਿੱਠਣ ਲਈ ਇੱਕ ਸ਼ਲਾਘਾਯੋਗ ਕਦਮ ਚੁੱਕਿਆ ਹੈ। ਅੱਜ ਰਾਜਪਾਲ ਨੇ ਖਾਧ-ਪਦਾਰਥਾਂ ਦੀਆਂ ਵਧਦੀਆਂ ਕੀਮਤਾਂ ਦੀ ਮਾਰ ਸਹਿ ਰਹੇ ਸੂਬਾ ਵਾਸੀਆਂ ਪ੍ਰਤੀ ਆਪਣੀ ਸੁਹਿਰਦਤਾ ਤੇ ਇੱਕਜੁਟਤਾ ਦਰਸਾਉਣ ਵਜੋਂ ਰਾਜ ਭਵਨ ਵਿੱਚ ਟਮਾਟਰਾਂ ਦੀ ਖਪਤ ਨੂੰ ਅਸਥਾਈ ਤੌਰ ’ਤੇ ਰੋਕਣ ਦਾ ਆਦੇਸ਼ ਜਾਰੀ ਕੀਤਾ।
ਪਿਛਲੇ ਕੁਝ ਹਫ਼ਤਿਆਂ ਤੋਂ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਲੋਕ ਟਮਾਟਰਾਂ ਦੀ ਕੀਮਤ ਵਿੱਚ ਹੋਏ ਵੱਡੇ ਵਾਧੇ ਨਾਲ ਜੂਝ ਰਹੇ ਹਨ, ਜੋ ਕਿ ਰਾਜ ਭਰ ਦੇ ਬਹੁਤੇ ਘਰਾਂ ਵਿੱਚ ਵਰਤੀ ਜਾਣ ਵਾਲੀ ਇੱਕ ਮੁੱਖ ਚੀਜ਼ ਹੈ। ਇਸ ਕੀਮਤ ਵਾਧੇ ਦੇ ਪਿੱਛੇ ਕਈ ਕਾਰਨ ਹਨ ,ਜਿਨ੍ਹਾਂ ਵਿੱਚ ਸਪਲਾਈ ਚੇਨ ਵਿੱਚ ਵਿਘਨ, ਮੌਸਮੀ ਸਥਿਤੀਆਂ ਅਤੇ ਅਸਥਿਰ ਬਾਜ਼ਾਰ ਦੀਆਂ ਗਤੀਸ਼ੀਲਤਾਵਾਂ ਸ਼ਾਮਲ ਹਨ।
ਆਮ ਨਾਗਰਿਕਾਂ ’ਤੇ ਇਸ ਸਥਿਤੀ ਦੇ ਬੋਝ ਨੂੰ ਸਮਝਦੇ ਹੋਏ ਰਾਜਪਾਲ ਨੇ ਟਮਾਟਰ ਦੀਆਂ ਵਧਦੀਆਂ ਕੀਮਤਾਂ ਕਾਰਨ ਜਨਤਾ ਨੂੰ ਦਰਪੇਸ਼ ਮੁਸ਼ਕਲਾਂ ਪ੍ਰਤੀ ਆਪਣੀ ਚਿੰਤਾ ਅਤੇ ਹਮਦਰਦੀ ਜ਼ਾਹਰ ਕੀਤੀ ਹੈ। ਆਪਣੇ ਨਿਵਾਸ ਸਥਾਨ ਵਿੱਚ ਟਮਾਟਰ ਦੀ ਵਰਤੋਂ ਨਾ ਕਰਕੇ ਰਾਜਪਾਲ ਦਾ ਉਦੇਸ਼ ਇਹਨਾਂ ਚੁਣੌਤੀਪੂਰਨ ਸਮਿਆਂ ਵਿੱਚ ਹਮਦਰਦੀ, ਸੰਜੀਦਗੀ ਅਤੇ ਸਰੋਤਾਂ ਦੀ ਜ਼ਿੰਮੇਵਾਰ ਢੰਗ ਨਾਲ ਵਰਤੋਂ ਦੀ ਮਹੱਤਤਾ ਨੂੰ ਦਰਸਾਉਣਾ ਹੈ।
ਰਾਜਪਾਲ ਨੇ ਕਿਹਾ ਕਿ ਕਿਸੇ ਵਸਤੂ ਦੀ ਖਪਤ ਨੂੰ ਰੋਕਣਾ ਜਾਂ ਘਟਾਉਣਾ ਇਸ ਦੀ ਕੀਮਤ ਨੂੰ ਪ੍ਰਭਾਵਿਤ ਕਰਦਾ ਹੈ। ਉਨ੍ਹਾਂ ਕਿਹਾ ਕਿ ਘੱਟ ਮੰਗ ਨਾਲ ਕੀਮਤ ਆਪਣੇ ਆਪ ਹੇਠਾਂ ਆ ਜਾਵੇਗੀ। ਉਨ੍ਹਾਂ ਕਿਹਾ, "ਮੈਨੂੰ ਉਮੀਦ ਹੈ ਕਿ ਲੋਕ ਫਿਲਹਾਲ ਆਪਣੇ ਘਰਾਂ ਵਿੱਚ ਟਮਾਟਰ ਦੇ ਹੋਰ ਵਿਕਲਪਾਂ ਦੀ ਵਰਤੋਂ ਕਰਨਗੇ ਅਤੇ ਟਮਾਟਰ ਦੀਆਂ ਕੀਮਤਾਂ ਵਿੱਚ ਵਾਧੇ ਨੂੰ ਘੱਟ ਕਰਨ ਵਿੱਚ ਮਦਦ ਕਰਨਗੇ।"
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ