Punjab News : ਪੰਜਾਬ ਦੇ ਹੁਸ਼ਿਆਰਪੁਰ ਵਿੱਚ ਇੱਕ ਅਜੀਬ ਮਾਮਲਾ ਸਾਹਮਣੇ ਆਇਆ ਹੈ। ਨਿੱਜੀ ਹਸਪਤਾਲ ਵੱਲੋਂ ਮ੍ਰਿਤਕ ਐਲਾਨਿਆ ਗਿਆ ਵਿਅਕਤੀ ਚੰਡੀਗੜ੍ਹ ਪੀਜੀਆਈ ਪਹੁੰਚ ਕੇ ਜ਼ਿੰਦਾ ਹੋ ਗਿਆ ਅਤੇ ਸਹੀ ਸਲਾਮਤ ਘਰ ਵੀ ਪਰਤ ਆਇਆ ਹੈ। ਹੁਣ ਪੀੜਤ ਬਹਾਦੁਰ ਸਿੰਘ ਨੇ ਨਿੱਜੀ ਹਸਪਤਾਲ ਦੀਆਂ ਕਰਤੂਤ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਆਪਣੀ ਪੰਚਾਇਤ ਤੇ ਪਰਿਵਾਰਕ ਮੈਂਬਰਾਂ ਨੂੰ ਨਾਲ ਲੈ ਕੇ ਹਸਪਤਾਲ ਦੇ ਬਾਹਰ ਧਰਨੇ ’ਤੇ ਬੈਠਾ ਹੈ। ਹੁਣ ਬਹਾਦਰ ਸਿੰਘ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਵੱਲੋਂ ਹਸਪਤਾਲ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।

ਖੰਘ ਦੀ ਸ਼ਿਕਾਇਤ 'ਤੇ ਨਿੱਜੀ ਹਸਪਤਾਲ 'ਚ ਕਰਵਾਇਆ ਗਿਆ ਸੀ ਦਾਖਲ  



ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਨੰਗਲ ਸ਼ਹੀਦਾਂ ਦੇ ਵਾਸੀ ਬਹਾਦਰ ਸਿੰਘ ਦੀ ਪਤਨੀ ਨੇ ਦੱਸਿਆ ਕਿ ਉਸ ਦੇ ਪਤੀ ਨੂੰ ਖੰਘ ਦੀ ਸ਼ਿਕਾਇਤ ਕਾਰਨ ਹੁਸ਼ਿਆਰਪੁਰ ਦੀ ਰਾਮ ਕਲੋਨੀ ਕੈਂਪ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਿਖਾਇਆ ਗਿਆ ਸੀ। ਜਿੱਥੇ ਹਸਪਤਾਲ ਵਾਲਿਆਂ ਨੇ ਬਹਾਦਰ ਸਿੰਘ ਦੀ ਹਾਲਤ ਗੰਭੀਰ ਦੱਸਦਿਆਂ ਉਸਨੂੰ ਦਾਖਲ ਕਰ ਲਿਆ। ਕੁਝ ਇਲਾਜ ਤੋਂ ਬਾਅਦ ਹਸਪਤਾਲ ਦੇ ਡਾਕਟਰਾਂ ਵੱਲੋਂ ਦੱਸਿਆ ਗਿਆ ਕਿ ਬਹਾਦਰ ਸਿੰਘ ਦੀ ਮੌਤ ਹੋ ਚੁੱਕੀ ਹੈ। ਜਿਸ 'ਤੇ ਬਹਾਦਰ ਸਿੰਘ ਦੇ ਪਰਿਵਾਰ ਵਾਲਿਆਂ ਨੂੰ ਵਿਸ਼ਵਾਸ ਨਹੀਂ ਆਇਆ ਅਤੇ ਉਹ ਤੁਰੰਤ ਐਂਬੂਲੈਂਸ ਲੈ ਕੇ ਚੰਡੀਗੜ੍ਹ ਪੀ.ਜੀ.ਆਈ. ਪਹੁੰਚ ਗਏ। ਬਹਾਦੁਰ ਸਿੰਘ ਨੂੰ ਉਥੇ ਦਾਖਲ ਕਰਵਾਇਆ ਗਿਆ ਅਤੇ ਇਲਾਜ ਤੋਂ ਬਾਅਦ ਦੂਜੇ ਦਿਨ ਛੁੱਟੀ ਦੇ ਦਿੱਤੀ ਗਈ। ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਰਿਸ਼ਤੇਦਾਰ ਬਹਾਦਰ ਸਿੰਘ ਨੂੰ ਘਰ ਲੈ ਆਏ।

 

ਇਹ ਵੀ ਪੜ੍ਹੋ : ਪੋਤੇ ਦੀ ਆਵਾਜ਼ 'ਚ ਗੱਲ ਕਰਕੇ ਬਜ਼ੁਰਗ ਤੋਂ ਠੱਗੇ 7 ਲੱਖ, 9 ਮਹੀਨਿਆਂ ਬਾਅਦ ਹੋਇਆ ਖ਼ੁਲਾਸਾ

ਪ੍ਰਾਈਵੇਟ ਹਸਪਤਾਲ ਨੇ ਭਰਵਾ ਲਏ ਸਾਰੇ ਬਿੱਲ 


ਬਹਾਦਰ ਸਿੰਘ ਦੇ ਰਿਸ਼ਤੇਦਾਰਾਂ ਦਾ ਦੋਸ਼ ਹੈ ਕਿ ਜਿਸ ਪ੍ਰਾਈਵੇਟ ਹਸਪਤਾਲ ਵਿੱਚ ਉਸ ਨੂੰ ਦਾਖਲ ਕਰਵਾਇਆ ਗਿਆ ਸੀ, ਉਸ ਦੇ ਡਾਕਟਰਾਂ ਨੇ ਸਾਰੇ ਬਿੱਲ ਭਰਵਾ ਲਏ ਅਤੇ ਕਿਹਾ ਕਿ ਵੈਂਟੀਲੇਟਰ ਹਟਾਉਂਦੇ ਹੀ ਮਰੀਜ਼ ਦੀ ਮੌਤ ਹੋ ਜਾਵੇਗੀ। ਉਹ ਵੈਂਟੀਲੇਟਰ ਦੀ ਮਦਦ ਨਾਲ ਹੀ ਜ਼ਿੰਦਾ ਹੈ। ਜਦੋਂ ਉਸ ਨੂੰ ਵੈਂਟੀਲੇਟਰ ਤੋਂ ਹਟਾਇਆ ਗਿਆ ਤਾਂ ਪਰਿਵਾਰ ਵਾਲੇ ਉਸ ਨੂੰ ਚੰਡੀਗੜ੍ਹ ਪੀਜੀਆਈ ਲੈ ਗਏ ਅਤੇ ਉਹ ਬਿਨਾਂ ਵੈਂਟੀਲੇਟਰ ਦੇ ਪੀਜੀਆਈ ਪਹੁੰਚ ਗਿਆ। ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਜਦੋਂ ਐਂਬੂਲੈਂਸ ਵਿੱਚ ਮਰੀਜ਼ ਬਹਾਦਰ ਸਿੰਘ ਨੂੰ ਹੋਸ਼ ਆਇਆ ਤਾਂ ਉਸ ਨੇ ਇਸ਼ਾਰਾ ਕਰਕੇ ਪੈੱਨ ਕਾਪੀ ਮੰਗੀ ਅਤੇ ਲਿਖਤੀ ਰੂਪ ਵਿੱਚ ਦੱਸਿਆ ਕਿ ਗਲੇ ਵਿੱਚ ਪਾਈਪ ਹੋਣ ਕਾਰਨ ਉਹ ਬੋਲ ਨਹੀਂ ਸਕਦਾ। ਗਲੇ ਵਿਚ ਪਾਈਪ ਫਸ ਜਾਣ ਕਾਰਨ ਉਸ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਦੋਂ ਉਸ ਨੂੰ ਪੀਜੀਆਈ ਲਿਜਾਇਆ ਗਿਆ ਤਾਂ ਉੱਥੇ ਡਾਕਟਰਾਂ ਨੇ ਕਿਹਾ ਕਿ ਮਰੀਜ਼ ਨੂੰ ਪਾਈਪ ਪਾਉਣ ਦੀ ਲੋੜ ਨਹੀਂ ਹੈ।

 



ਬਹਾਦਰ ਸਿੰਘ ਦੀ ਸ਼ਿਕਾਇਤ ਤੋਂ ਬਾਅਦ ਪੁਲਿਸ ਹੁਣ ਮਾਮਲੇ ਦੀ ਜਾਂਚ ਵਿੱਚ ਜੁਟੀ ਹੋਈ ਹੈ। ਪੁਲਸ ਦਾ ਕਹਿਣਾ ਹੈ ਕਿ ਜਾਂਚ ਤੋਂ ਬਾਅਦ ਜੋ ਤੱਥ ਸਾਹਮਣੇ ਆਉਣਗੇ, ਉਸ ਦੇ ਆਧਾਰ 'ਤੇ ਮਾਮਲਾ ਦਰਜ ਕੀਤਾ ਜਾਵੇਗਾ। ਇਸ ਦੇ ਨਾਲ ਹੀ ਹਸਪਤਾਲ ਦੇ ਬਾਹਰ ਧਰਨਾ ਪ੍ਰਦਰਸ਼ਨ ਕਾਰਨ ਮਾਹੌਲ ਤਣਾਅਪੂਰਨ ਹੁੰਦਾ ਦੇਖ ਪੁਲਸ ਵੀ ਮੌਕੇ 'ਤੇ ਪਹੁੰਚ ਗਈ।