Punjab News:  ਪੰਜਾਬ ਵਿੱਚ ਇਸ ਵੇਲੇ ਹਰਿਆਣਾ ਨੂੰ ਚੰਡੀਗੜ੍ਹ ਵਿੱਚ ਵੱਖਰੀ ਵਿਧਾਨ ਸਭਾ ਲਈ ਜ਼ਮੀਨ ਦੇਣ ਦਾ ਮਾਮਲਾ ਭਖਿਆ ਹੋਇਆ ਹੈ। ਇਸ ਮਾਮਲੇ ਵਿੱਚ ਪੰਜਾਬ ਸਰਕਾਰ ਤੇ ਖ਼ਾਸ ਕਰਕੇ ਕੇਂਦਰ ਸਰਕਾਰ ਦੀ ਕਿਰਕਿਰੀ ਹੋ ਰਹੀ ਹੈ। ਇਸ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਕੇਂਦਰ ਤੇ ਸੂਬਾ ਸਰਕਾਰ ਦੀ ਸਾਂਝੀ ਸਿਆਸਤ ਕਰਾਰ ਦਿੱਤਾ ਹੈ।


ਇਸ ਬਾਬਤ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਕੇਂਦਰ ਤੇ ਪੰਜਾਬ ਦੀ ਸਾਂਝੀ ਸਿਆਸਤ ਦੇ ਤਹਿਤ ਚੰਡਗੜ੍ਹ ਵਿੱਚ ਹਰਿਆਣਾ ਨੂੰ ਵੱਖਰੀ ਵਿਧਾਨ ਸਭਾ ਲਈ ਜ਼ਮੀਨ ਦਿੱਤੀ ਜਾ ਰਹੀ ਹੈ। ਇਹ ਪੰਜਾਬ ਨਾਲ ਧੋਖਾ ਤੇ ਬੇਇਨਸਾਫ਼ੀ ਹੈ। ਇਹ ਸਰਾਸਰ ਕੇਂਦਰ ਦੀ ਪੰਜਾਬ ਦਾ ਚੰਡੀਗੜ੍ਹ ਉੱਤੇ ਹੱਕ ਖ਼ਤਮ ਕਰਨ ਦੀ ਕੋਝੀ ਸਾਜ਼ਿਸ਼ ਹੈ।






ਇਸ ਮੌਕੇ ਡਾ ਚੀਮਾ ਨੇ ਕਿਹਾ ਕਿ ਪੰਜਾਬ ਵਿੱਚ ਸਰਹੱਦੀ ਸੂਬਾ ਹੈ ਤੇ ਅਜਿਹਾੀਆਂ ਹਰਕਰਾਂ ਨਾਲ ਪੰਜਾਬ ਦੀ ਕਾਨੂੰਨ ਵਿਵਸਥਾ ਖ਼ਰਾਬ ਹੋ ਸਕਦੀ ਹੈ। ਇਸ ਮੌਕੇ ਕੇਂਦਰ ਨੂੰ ਅਪੀਲ ਕੀਤੀ ਕਿ ਪੰਜਾਬ ਨੂੰ ਗ਼ਲਤ ਰਾਸਤੇ ਵੱਲ ਨਾ ਧੱਕਣ, ਕਿਉਂਕਿ ਪੰਜਾਬੀ ਇਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇ ਇਸ ਫ਼ੈਸਲੇ ਵਿੱਚ ਪੰਜਾਬ ਸਰਕਾਰ ਉਸ ਦੀ ਮਦਦ ਕਰ ਰਹੀ ਹੈ ਜਿਸ ਦਾ ਸਿੱਧਾ-ਸਿੱਧਾ ਮਕਸਦ ਹਰਿਆਣਾ ਚੋਣਾਂ ਵਿੱਚ ਸਿਆਸੀ ਲਾਹਾ ਲੈਣਾ ਹੈ।


ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਨੇ ਕਿਹਾ ਕਿ ਹਰਿਆਣਾ ਰਾਜ ਨੂੰ ਆਪਣੀ ਵਿਧਾਨ ਸਭਾ ਲਈ ਵੱਖਰੀ ਇਮਾਰਤ ਬਣਾਉਣ ਲਈ ਚੰਡੀਗੜ੍ਹ ਵਿੱਚ 10 ਏਕੜ ਜ਼ਮੀਨ ਅਲਾਟ ਕਰਨਾ ਕੇਂਦਰ ਅਤੇ ਪੰਜਾਬ ਦੀ 'ਆਪ' ਰਾਜ ਸਰਕਾਰ ਦੀ ਡੂੰਘੀ ਸਾਜ਼ਿਸ਼ ਦਾ ਹਿੱਸਾ ਹੈ। ਅਜਿਹਾ ਕਰਕੇ ਉਹ ਪੰਜਾਬ ਦੀ ਰਾਜਧਾਨੀ ਖੋਹਣਾ ਚਾਹੁੰਦੇ ਹਨ ਅਤੇ ਆਪ ਅਤੇ ਭਾਜਪਾ ਦੋਵੇਂ ਇਸ ਦਾ ਫਾਇਦਾ ਹਰਿਆਣਾ ਦੀਆਂ ਆਉਣ ਵਾਲੀਆਂ ਚੋਣਾਂ ਵਿੱਚ ਲੈਣਾ ਚਾਹੁੰਦੇ ਹਨ। ਇਹ ਸਰਹੱਦੀ ਸੂਬੇ ਪੰਜਾਬ ਨਾਲ ਸਰਾਸਰ ਬੇਇਨਸਾਫ਼ੀ ਹੈ। ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੈ ਤੇ ਹਰਿਆਣਾ ਨੂੰ ਆਪਣੀ ਰਾਜਧਾਨੀ ਦਾ ਪ੍ਰਾਜੈਕਟ ਹਰਿਆਣਾ ਵਿੱਚ ਕਿਤੇ ਵੀ ਵਿਕਸਤ ਕਰਨਾ ਚਾਹੀਦਾ ਹੈ।


ਜ਼ਿਕਰ ਕਰ ਦਈਏ ਕਿ ਚੰਡੀਗੜ੍ਹ ਵਿੱਚ ਹਰਿਆਣਾ ਵਿਧਾਨ ਸਭਾ ਲਈ ਵੱਖਰੀ ਜ਼ਮੀਨ ਮਿਲਣੀ ਲਗਭਗ ਤੈਅ ਹੈ। ਕਾਨੂੰਨੀ ਕਾਰਵਾਈ ਤੋਂ ਬਾਅਦ ਪੰਜਾਬ ਵਿਧਾਨ ਸਭਾ ਬਣਾਉਣ ਲਈ ਕਾਲਾਗਰਾਮ ਨੇੜੇ 10 ਏਕੜ ਜ਼ਮੀਨ ਦਿੱਤੀ ਜਾਵੇਗੀ। ਇਸ ਦੇ ਬਦਲੇ ਹਰਿਆਣਾ ਸਰਕਾਰ ਆਈਟੀ ਪਾਰਕ ਦੇ ਨਾਲ ਲੱਗਦੀ 12 ਏਕੜ ਜ਼ਮੀਨ ਚੰਡੀਗੜ੍ਹ ਨੂੰ ਦੇਵੇਗੀ।