Chandigarh News: ਪੰਜਾਬ ਯੂਨੀਵਰਸਿਟੀ ਕੈਂਪਸ ਵਿਦਿਆਰਥੀ ਕੌਂਸਲ ਦੀਆਂ ਚੋਣਾਂ ਅੱਜ ਹੋ ਰਹੀਆਂ ਹਨ। ਇਨ੍ਹਾਂ ਚੋਣਾਂ ਲਈ ਸੈਕਟਰ 14 ਸਥਿਤ ਪੀਯੂ ਦੇ ਮੁੱਖ ਕੈਂਪਸ ਤੇ ਸੈਕਟਰ 25 ਸਥਿਤ ਉੱਤਰੀ ਕੈਂਪਸ ਵਿੱਚ ਕੁੱਲ 169 ਬੂਥਾਂ ਉੱਤੇ 11984 ਵਿਦਿਆਰਥੀ ਵੋਟਰ ਆਪਣੀ ਵੋਟ ਦਾ ਇਸਤੇਮਾਲ ਬੈਲਟ ਪੇਪਰਾਂ ਰਾਹੀਂ ਕਰਨਗੇ। ਵੋਟਿੰਗ ਪ੍ਰਕਿਰਿਆ ਅਮਨ-ਸ਼ਾਂਤੀ ਨਾਲ ਨੇਪਰੇ ਚਾੜ੍ਹਨ ਲਈ ਪੀਯੂ ਸਕਿਉਰਿਟੀ ਤੇ ਚੰਡੀਗੜ੍ਹ ਪੁਲਿਸ ਵੱਲੋਂ ਵੀ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਜਿਸ ਦੇ ਚੱਲਦਿਆਂ ਬਾਹਰੀ ਵਿਅਕਤੀਆਂ ਦੇ ਕੈਂਪਸ ਵਿੱਚ ਦਾਖਲ ਹੋਣ ’ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ।


ਹਾਸਲ ਜਾਣਕਾਰੀ ਮੁਤਾਬਕ ਪੀਯੂ ਕੈਂਪਸ ਵਿੱਚ 17 ਅਕਤੂਬਰ 2022 ਤੱਕ ਵੀ ਦਾਖਲਾ ਲੈਣ ਵਾਲੇ ਵਿਦਿਆਰਥੀ ਵੀ ਵੋਟ ਦਾ ਇਸਤੇਮਾਲ ਕਰ ਸਕਣਗੇ। ਜੇਕਰ ਅਜਿਹੇ ਵਿਦਿਆਰਥੀਆਂ ਕੋਲ ਕੋਈ ਪਛਾਣ ਪੱਤਰ ਆਦਿ ਨਹੀਂ ਵੀ ਹੋਵੇਗੇ ਤਾਂ ਉਹ ਆਪਣੇ ਕਿਸੇ ਵੀ ਪਛਾਣ ਪੱਤਰ ਸਮੇਤ ਚਾਲੂ ਸ਼ੈਸ਼ਨ ਵਾਲੀ ਫੀਸ ਸਲਿੱਪ ਦਿਖਾ ਕੇ ਵੀ ਪੋਲਿੰਗ ਕਮਰੇ ਅੰਦਰ ਦਾਖਲ ਹੋ ਸਕੇਗਾ ਤੇ ਸਬੰਧਤ ਵਿਭਾਗ ਵੱਲੋਂ ਜਾਂਚ ਪੂਰੀ ਕਰਨ ਉਪਰੰਤ ਉਸ ਨੂੰ ਵੋਟ ਦੀ ਆਗਿਆ ਦਿੱਤੀ ਜਾਵੇਗੀ। ’ਵਰਸਿਟੀ ਦੇ ਵੱਖ-ਵੱਖ ਵਿਭਾਗਾਂ ਵਿੱਚ ਪੈਣ ਵਾਲੀਆਂ ਵੋਟਾਂ ਦੀ ਗਿਣਤੀ ਜ਼ਿਮਨੇਜ਼ੀਅਮ ਹਾਲ ਵਿੱਚ ਕੀਤੀ ਜਾਵੇਗੀ ਤੇ ਸ਼ਾਮ ਤੱਕ ਨਤੀਜੇ ਐਲਾਨ ਦਿੱਤੇ ਜਾਣਗੇ।


ਡੀਨ ਵਿਦਿਆਰਥੀ ਭਲਾਈ ਵੱਲੋਂ ਵਿਦਿਆਰਥੀ ਵੋਟਰਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਵੋਟਾਂ ਪਾਉਣ ਲਈ ਆਪੋ-ਆਪਣੇ ਵਿਭਾਗਾਂ ਵਿੱਚ ਸਥਿਤ ਪੋਲਿੰਗ ਕਮਰਿਆਂ ਵਿੱਚ ਸਵੇਰੇ 9 ਵਜੇ ਪਹੁੰਚ ਜਾਣ ਤਾਂ ਜੋ 9.30 ਵਜੇ ਸ਼ੁਰੂ ਹੋਣ ਵਾਲੀ ਵੋਟਿੰਗ ਤੋਂ ਵਾਂਝੇ ਨਾ ਰਹਿ ਜਾਣ। ਫਿਰ ਜੇਕਰ ਟ੍ਰੈਫ਼ਿਕ ਜਾਮ ਜਾਂ ਹੋਰ ਕਿਸੇ ਵਜ੍ਹਾ ਕਰਕੇ ਕੋਈ ਵਿਦਿਆਰਥੀ ਲੇਟ ਵੀ ਹੋ ਜਾਂਦਾ ਹੈ ਤਾਂ ਉਸ ਨੂੰ 10.15 ਵਜੇ ਤੱਕ ਪੋਲਿੰਗ ਕਮਰੇ ਅੰਦਰ ਦਾਖਲ ਹੋਣ ਦੀ ਆਗਿਆ ਦਿੱਤੀ ਜਾਵੇਗੀ।


ਡੀਨ ਯੂਨੀਵਰਸਿਟੀ ਇੰਸਟਰੱਕਸ਼ਨਜ਼ ਦਫ਼ਤਰ ਤੋਂ ਮਿਲੀ ਜਾਣਕਾਰੀ ਮੁਤਾਬਕ ਵੋਟਾਂ ਵਾਲੇ ਦਿਨ 18 ਅਕਤੂਬਰ ਨੂੰ ਏਸੀ ਜੋਸ਼ੀ ਲਾਇਬਰੇਰੀ ਸਵੇਰੇ 6 ਵਜੇ ਤੋਂ ਰਾਤ ਦੇ 11 ਵਜੇ ਤੱਕ ਬੰਦ ਰਹੇਗੀ ਜਿਸ ਸਬੰਧੀ ਸਾਰੇ ਸਿੱਖਿਆ ਵਿਭਾਗਾਂ ਨੂੰ ਪੱਤਰ ਭੇਜਿਆ ਜਾ ਚੁੱਕਿਆ ਹੈ।


ਨੋਟ- ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।