Chandigarh News : ਪੰਜਾਬ ਦੇ ਟੌਲ ਪਲਾਜ਼ਿਆਂ ਉੱਪਰ ਟਕਰਾਅ ਵਧਣ ਲੱਗਾ ਹੈ। ਰੋਜ਼ਾਨਾ ਹੀ ਕੋਈ ਨਾ ਕੋਈ ਝੜਪ ਦੀ ਖਬਰ ਮਿਲਦੀ ਹੀ ਰਹਿੰਦੀ ਹੈ। ਬੀਤੇ ਦਿਨ ਬਨੂੜ ਨੇੜੇ ਅਜ਼ੀਜ਼ਪੁਰ ਟੌਲ ਪਲਾਜ਼ੇ ਉੱਤੇ ਟੌਲ ਮੁਲਾਜ਼ਮਾਂ ਤੇ ਪੈਪਸੂ ਰੋਡਵੇਜ਼ ਦੇ ਡਰਾਈਵਰਾਂ ਤੇ ਕੰਡਕਟਰਾਂ ਵਿਚਾਲੇ ਖੜਕ ਗਈ। ਇਹ ਝੜਪ ਇੰਨੀ ਗੰਭੀਰ ਸੀ ਕਿ ਕੰਡਕਟਰ ਤੇ ਛੇ ਟੌਲ ਕਰਮੀ ਜ਼ਖ਼ਮੀ ਹੋ ਗਏ।

ਗੱਸੇ ਵਿੱਚ ਆਏ ਪੈਪਸੂ ਦੇ ਮੁਲਾਜ਼ਮਾਂ ਵੱਲੋਂ ਇਸ ਮੌਕੇ ਲਗਾਏ ਜਾਮ ਕਾਰਨ ਸ਼ਨੀਵਾਰ-ਐਤਵਾਰ ਦੀ ਰਾਤ ਸਾਢੇ ਨੌਂ ਵਜੇ ਤੋਂ ਲੈ ਕੇ ਸਾਢੇ ਬਾਰਾਂ ਵਜੇ ਤੱਕ ਕੌਮੀ ਮਾਰਗ ’ਤੇ ਆਵਾਜਾਈ ਠੱਪ ਰਹੀ, ਜਿਸ ਕਾਰਨ ਰਾਹਗੀਰਾਂ ਤੇ ਸਵਾਰੀਆਂ ਨੂੰ ਪ੍ਰੇਸ਼ਾਨੀ ਝੱਲਣੀ ਪਈ। ਰਾਜਪੁਰਾ ਦੇ ਡੀਐਸਪੀ ਸੁਰਿੰਦਰ ਮੋਹਨ ਤੇ ਬਨੂੜ ਦੇ ਥਾਣਾ ਮੁਖੀ ਇੰਸਪੈਕਟਰ ਕਰਮਜੀਤ ਸਿੰਘ ਨੇ ਪੁਲਿਸ ਪਾਰਟੀਆਂ ਸਮੇਤ ਮੌਕੇ ’ਤੇ ਪਹੁੰਚ ਕੇ ਪੈਪਸੂ ਮੁਲਾਜ਼ਮਾਂ ਨੂੰ ਸ਼ਾਂਤ ਕੀਤਾ ਤੇ ਕਾਰਵਾਈ ਦਾ ਭਰੋਸਾ ਦਵਾ ਕੇ ਜਾਮ ਖੁਲ੍ਹਵਾਇਆ।


ਇਹ ਵੀ ਪੜ੍ਹੋ : CM Bhagwant Mann Birthday: ਅੱਜ ਸੀਐਮ ਭਗਵੰਤ ਮਾਨ ਦਾ ਜਨਮ ਦਿਨ, ਤਸਵੀਰ ਸਾਂਝੀ ਕਰਕੇ ਕਿਹਾ- ਜਨਮ ਦਿਨ ਦੀਆਂ ਵਧਾਈਆਂ ਦੇਣ ਲਈ ਧੰਨਵਾਦ...

ਹਾਸਲ ਜਾਣਕਾਰੀ ਅਨੁਸਾਰ ਪੈਪਸੂ ਰੋਡਵੇਜ਼ ਦੀ ਬੱਸ ਪਟਿਆਲਾ ਤੋਂ ਚੰਡੀਗੜ੍ਹ ਜਾ ਰਹੀ ਸੀ ਜੋ ਟੌਲ ਪਲਾਜ਼ੇ ਤੋਂ ਵੀਆਈਪੀ ਲਾਈਨ ਰਾਹੀਂ ਲੰਘਣਾ ਚਾਹੁੰਦੀ ਸੀ। ਟੌਲ ਕਰਮੀਆਂ ਨਾਲ ਕਿਸੇ ਗੱਲੋਂ ਬੱਸ ਕੰਡਕਟਰ ਦਾ ਤਕਰਾਰ ਹੋ ਗਿਆ। ਇਸ ਮਗਰੋਂ ਆਲੇ-ਦੁਆਲੇ ਤੋਂ ਆਉਂਦੀਆਂ ਪੈਪਸੂ ਦੀਆਂ ਬੱਸਾਂ ਦੇ ਡਰਾਈਵਰ-ਕੰਡਕਟਰ ਇਕੱਤਰ ਹੋ ਗਏ ਤੇ ਉਨ੍ਹਾਂ ਜਾਮ ਲਗਾ ਦਿੱਤਾ। ਟੌਲ ਕਰਮੀਆਂ ਨੇ ਦੋਸ਼ ਲਾਇਆ ਕਿ ਬੱਸ ਦੇ ਕੰਡਕਟਰ ਨੇ ਪਹਿਲਾਂ ਉਨ੍ਹਾਂ ਨੂੰ ਗਾਲ੍ਹਾਂ ਕੱਢੀਆਂ ਤੇ ਬਾਅਦ ਵਿੱਚ ਇਕੱਠੇ ਹੋ ਕੇ ਉਨ੍ਹਾਂ ਦੀ ਕੁੱਟਮਾਰ ਕੀਤੀ ਜਿਸ ਨਾਲ ਉਨ੍ਹਾਂ ਦੇ ਛੇ ਸਾਥੀ ਜਸਬੀਰ ਸਿੰਘ, ਰਾਜ ਕੁਮਾਰ, ਅਭਿਸ਼ੇਕ ਖਾਨ, ਦੀਪਕ, ਸਤਨਾਮ ਸਿੰਘ ਤੇ ਮਹਿੰਦਰ ਸਿੰਘ ਜ਼ਖ਼ਮੀ ਹੋ ਗਏ।

ਜ਼ਖ਼ਮੀਆਂ ਨੂੰ ਪਹਿਲਾਂ ਬਨੂੜ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ ਤੇ ਹੁਣ ਡੇਰਾਬੱਸੀ ਦੇ ਸਰਕਾਰੀ ਹਸਪਤਾਲ ਵਿੱਚ ਜ਼ੇਰੇ ਇਲਾਜ ਜਨ। ਪੈਪਸੂ ਦੇ ਕੰਡਕਟਰ ਪਰਮਜੀਤ ਸਿੰਘ ਰਾਜਪੁਰਾ ਦੇ ਏਪੀ ਜੈਨ ਹਸਪਤਾਲ ਵਿੱਚ ਦਾਖਲ ਹੈ। ਉਸ ਦਾ ਕਹਿਣਾ ਹੈ ਟੌਲ ਕਰਮੀਆਂ ਨੇ ਬੱਸ ਦੇ ਫਾਸਟ ਟੈਗ ਹੋਣ ਦੇ ਬਾਵਜੂਦ ਇਸ ਨੂੰ ਲੰਘਣ ਤੋਂ ਰੋਕਿਆ ਤੇ ਉਸ ਨਾਲ ਬਦਤਮੀਜ਼ੀ ਕੀਤੀ।

ਉਸ ਦੀ ਵਰਦੀ ਪਾੜੀ ਤੇ ਕੁੱਟਮਾਰ ਕੀਤੀ ਤੇ ਉਸ ਦਾ ਫੋਨ ਖੋਹ ਕੇ ਤੋੜ ਦਿੱਤਾ। ਉਨ੍ਹਾਂ ਕਿਹਾ ਕਿ ਸਵਾਰੀਆਂ ਨੂੰ ਸਮੇਂ ਸਿਰ ਪਹੁੰਚਾਉਣ ਲਈ ਬੱਸ ਨੂੰ ਵੀਆਈਪੀ ਲਾਈਨ ਵਿੱਚੋਂ ਲੰਘਾਉਣ ਲਈ ਆਖਿਆ ਗਿਆ ਸੀ। ਉਨ੍ਹਾਂ ਪੈਪਸੂ ਕਰਮੀਆਂ ਵੱਲੋਂ ਟੌਲ ਕਰਮੀਆਂ ਨਾਲ ਕੁੱਟਮਾਰ ਦੇ ਦੋਸ਼ਾਂ ਤੋਂ ਇਨਕਾਰ ਕੀਤਾ ਤੇ ਕਿਹਾ ਕਿ ਸਾਰਾ ਕੁਝ ਸੀਸੀਟੀਵੀ ਕੈਮਰਿਆਂ ਵਿੱਚ ਦੇਖਿਆ ਜਾ ਸਕਦਾ ਹੈ।