Chandigarh News: ਘਰਾਂ ਦੇ ਬਾਹਰ ਵਾਹਨ ਪਾਰਕਿੰਗ ਉੱਪਰ ਫੀਸ ਲਾਉਣ ਦੀ ਤਿਆਰੀ ਹੈ। ਚੰਡੀਗੜ੍ਹ ਨਗਰ ਨਿਗਮ ਵੱਲੋਂ ਰਿਹਾਇਸ਼ੀ ਇਲਾਕਿਆਂ ਵਿੱਚ ਘਰਾਂ ਦੇ ਬਾਹਰ ਵਾਹਨ ਪਾਰਕ ਕਰਨ ਲਈ ਸੈਕਟਰ 35 ਤੋਂ ਪਾਇਲਟ ਪ੍ਰਾਜੈਕਟ ਵਜੋਂ ਸ਼ੁਰੂ ਕੀਤੀ ਜਾ ਰਹੀ ਪੇਡ ਪਾਰਕਿੰਗ ਦੇ ਮੁੱਦੇ ’ਤੇ ਸਿਆਸਤ ਭਖ਼ ਗਈ ਹੈ। ਇਸ ਯੋਜਨਾ ਦਾ ਵਿਰੋਧ ਕੀਤਾ ਜਾ ਰਿਹਾ ਹੈ। ਇਸ ਨੂੰ ਲੈ ਕੇ ਸਿਆਸੀ ਪਾਰਟੀਆਂ ਤੋਂ ਇਲਾਵਾ ਆਮ ਲੋਕ ਵੀ ਖਫਾ ਹਨ।
ਚੰਡੀਗੜ੍ਹ ਮਹਿਲਾ ਕਾਂਗਰਸ ਦੀ ਪ੍ਰਧਾਨ ਦੀਪਾ ਦੂਬੇ ਨੇ ਕਿਹਾ ਕਿ ਸੈਕਟਰ 35 ਵਿੱਚ ਆਮ ਲੋਕਾਂ ਨੂੰ ਪ੍ਰੇਸ਼ਾਨ ਕਰਨ ਦੀ ਬਜਾਏ ਸੈਕਟਰ 7 ਵਿੱਚ ਸਥਿਤ ਸੰਸਦ ਮੈਂਬਰ ਕਿਰਨ ਖੇਰ ਤੇ ਪ੍ਰਸ਼ਾਸਕ ਦੇ ਸਲਾਹਕਾਰ ਦੇ ਘਰ ਦੇ ਬਾਹਰ ਖੜ੍ਹੇ ਵਾਹਨਾਂ ਤੋਂ ਪਾਰਕਿੰਗ ਫੀਸ ਵਸੂਲ ਕੇ ਇਹ ਪਾਇਲਟ ਪ੍ਰਾਜੈਕਟ ਸ਼ੁਰੂ ਕੀਤਾ ਜਾਵੇ।
ਦੀਪਾ ਦੂਬੇ ਨੇ ਚੰਡੀਗੜ੍ਹ ਪ੍ਰਸ਼ਾਸਨ ਦੇ ਤਾਨਾਸ਼ਾਹੀ ਰਵੱਈਏ ਦੀ ਆਲੋਚਨਾ ਕਰਦਿਆਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਚੰਡੀਗੜ੍ਹ ਵਾਸੀਆਂ ਤੋਂ ‘ਸਟਰੀਟ ਪਾਰਕਿੰਗ’ ਫੀਸ ਵਸੂਲਣ ਦੀ ਸ਼ੁਰੂ ਕੀਤੀ ਗਈ ਲੋਕ ਵਿਰੋਧੀ ਯੋਜਨਾ ਤੋਂ ਪਤਾ ਲੱਗਦਾ ਹੈ ਕਿ ਪ੍ਰਸ਼ਾਸਨਿਕ ਅਧਿਕਾਰੀ ਦਬਾਅ ਹੇਠ ਕੰਮ ਕਰ ਰਹੇ ਹਨ। ਭਾਜਪਾ ਚੰਡੀਗੜ੍ਹ ਦੇ ਮੱਧ ਵਰਗ ਨੂੰ ਪ੍ਰੇਸ਼ਾਨ ਕਰਨ ਲਈ ਨਵੀਆਂ-ਨਵੀਆਂ ਸਕੀਮਾਂ ਘੜੀਆਂ ਜਾ ਰਹੀਆਂ ਹਨ।
ਉਨ੍ਹਾਂ ਦੋਸ਼ ਲਾਇਆ ਕਿ ਚੰਡੀਗੜ੍ਹ ਪ੍ਰਸ਼ਾਸਨ ਅਤੇ ਨਗਰ ਨਿਗਮ ਰੋਜ਼ਾਨਾ ਨਵੇਂ ਟੈਕਸ ਲਗਾ ਕੇ ਚੰਡੀਗੜ੍ਹ ਦੇ ਨਾਗਰਿਕਾਂ ਨੂੰ ਆਰਥਿਕ ਤੌਰ ’ਤੇ ਨਪੀੜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਸਮਾਰਟ ਸਿਟੀ ਦੇ ਪਾਇਲਟ ਪ੍ਰਾਜੈਕਟ ਵਜੋਂ ਸੈਕਟਰ 35 ਤੋਂ ਘਰਾਂ ਅੱਗੇ ਖੜ੍ਹੇ ਵਾਹਨਾਂ ਤੋਂ ਪਾਰਕਿੰਗ ਫੀਸ ਵਸੂਲਣ ਦਾ ਫੈਸਲਾ ਸਰਾਸਰ ਗਲਤ ਹੈ।
ਸੈਕਟਰ 35 ਵਿੱਚ ਪਾਇਲਟ ਪ੍ਰਾਜੈਕਟ ਵਜੋਂ ਲਾਗੂ ਕੀਤੀ ਜਾ ਰਹੀ ‘ਸਟਰੀਟ ਪਾਰਕਿੰਗ ਫੀਸ’ ਪ੍ਰਸ਼ਾਸਨ ਤੇ ਨਗਰ ਨਿਗਮ ਨੂੰ ਵੀਆਈਪੀ ਸੈਕਟਰ 7 ਤੋਂ ਸ਼ੁਰੂ ਕਰਨੀ ਚਾਹੀਦੀ ਹੈ, ਜਿੱਥੇ ਸ਼ਹਿਰ ਦੀ ਸੰਸਦ ਮੈਂਬਰ ਕਿਰਨ ਖੇਰ ਅਤੇ ਪ੍ਰਸ਼ਾਸਨ ਦੇ ਸਲਾਹਕਾਰ ਦੇ ਘਰ ਹਨ, ਤਾਂ ਜੋ ਏਸੀ ਕਮਰਿਆਂ ਵਿੱਚ ਬੈਠ ਕੇ ਫਰਮਾਨ ਜਾਰੀ ਕਰਨ ਵਾਲੇ ਅਸਲ ਹਕੀਕਤ ਨਾਲ ਜਾਣੂ ਹੋ ਸਕਣ।
ਇਹ ਵੀ ਪੜ੍ਹੋ: Punjab News: ਹੁਣ ਸਰਕਾਰ ਭਰਤੀ 'ਚ ਨਹੀਂ ਹੋਏਗੀ ਕੁਤਾਹੀ! ਭਗਵੰਤ ਮਾਨ ਸਰਕਾਰ ਚੁੱਕਣ ਜਾ ਰਹੀ ਸਖਤ ਕਦਮ
ਚੰਡੀਗੜ੍ਹ ਮਹਿਲਾ ਕਾਂਗਰਸ ਨੇ ਪ੍ਰਸ਼ਾਸਨ ਤੇ ਨਗਰ ਨਿਗਮ ਤੋਂ ਮੰਗ ਕੀਤੀ ਕਿ ਕਮਿਊਨਿਟੀ ਪਾਰਕਿੰਗ ਨੂੰ ਪੂਰੀ ਤਰ੍ਹਾਂ ਖਾਲੀ ਰੱਖਿਆ ਜਾਵੇ ਅਤੇ ਜਿੱਥੇ ਗਰਾਊਂਡ ਖਾਲੀ ਹੈ, ਉੱਥੇ ਕਮਿਊਨਿਟੀ ਪਾਰਕਿੰਗ ਵਿਕਸਿਤ ਕੀਤੀ ਜਾਵੇ। ਮਹਿਲਾ ਕਾਂਗਰਸ ਨੇ ਸ਼ਹਿਰ ਦੇ ਵੀਵੀਆਈਪੀ ਸੈਕਟਰਾਂ ਦੇ ਘਰਾਂ ਦੇ ਬਾਹਰ ਪਾਰਕ ਕੀਤੇ ਵਾਹਨਾਂ ਦੀਆਂ ਤਸਵੀਰਾਂ ਵੀ ਜਾਰੀ ਕੀਤੀਆਂ ਹਨ।