Crime News: ਚੰਡੀਗੜ੍ਹ ਵਿੱਚ ਸਥਿਤ ਰੋਜ਼ ਗਾਰਡਨ ਦੇ ਬਾਥਰੂਮ ਵਿੱਚ ਦਿਨ-ਦਿਹਾੜੇ ਇੱਕ ਔਰਤ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਉਸ ਦੀ ਖੂਨ ਨਾਲ ਲੱਥਪੱਥ ਲਾਸ਼ ਮਿਲੀ। ਲਾਸ਼ ਦੇ ਕੋਲ ਇੱਕ ਚਾਕੂ ਵੀ ਪਿਆ ਮਿਲਿਆ। ਔਰਤ ਦੀ ਗਰਦਨ 'ਤੇ ਡੂੰਘੀਆਂ ਸੱਟਾਂ ਲੱਗੀਆਂ ਹੋਈਆਂ ਸਨ।
ਘਟਨਾ ਬਾਰੇ ਜਾਣਕਾਰੀ ਦਿੰਦਿਆਂ ਹੋਇਆਂ DSP ਦਲਵੀਰ ਨੇ ਕਿਹਾ ਕਿ ਕੁੜੀ ਦੀ ਪਛਾਣ ਕਰ ਲਈ ਗਈ ਹੈ। ਮ੍ਰਿਤਕਾ ਦਾ ਨਾਮ ਦੀਕਸ਼ਾ ਹੈ, ਜੋ ਮੂਲ ਰੂਪ ਤੋਂ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਦੀ ਰਹਿਣ ਵਾਲੀ ਹੈ ਅਤੇ ਉਹ ਕੁਝ ਸਾਲਾਂ ਤੋਂ ਚੰਡੀਗੜ੍ਹ ਦੇ ਸਾਰੰਗਪੁਰ ਵਿੱਚ ਰਹਿ ਰਹੀ ਸੀ। ਉਸ ਦੀ ਉਮਰ ਲਗਭਗ 30 ਸਾਲ ਹੈ। ਘਟਨਾ ਵਾਲੀ ਥਾਂ ਤੋਂ ਇੱਕ ਚਾਕੂ ਬਰਾਮਦ ਹੋਇਆ ਹੈ, ਅਤੇ ਨਾਲ ਹੀ ਫਿੰਗਰਪ੍ਰਿੰਟ ਦੀ ਜਾਂਚ ਕੀਤੀ ਜਾ ਰਹੀ ਹੈ। ਦੋਸ਼ੀ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਹੁਣ ਤੱਕ ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਔਰਤ ਦਾ ਆਪਣੇ ਪਤੀ ਨਾਲ ਝਗੜਾ ਚੱਲ ਰਿਹਾ ਸੀ ਅਤੇ ਉਹ ਇੱਕ ਸਾਲ ਤੋਂ ਉਸ ਤੋਂ ਵੱਖ ਰਹਿ ਰਹੀ ਸੀ। ਪੁਲਿਸ ਦਾ ਮੰਨਣਾ ਹੈ ਕਿ ਔਰਤ ਦਾ ਚਾਕੂ ਨਾਲ ਗਲਾ ਵੱਢ ਕੇ ਕਤਲ ਕੀਤਾ ਗਿਆ ਹੈ। ਪੁਲਿਸ ਨੇ ਬਾਥਰੂਮ ਨੂੰ ਸੀਲ ਕਰ ਦਿੱਤਾ ਹੈ ਅਤੇ ਔਰਤ ਦੀ ਲਾਸ਼ ਸੈਕਟਰ 16 ਦੇ ਮੁਰਦਾਘਰ ਵਿੱਚ ਰੱਖ ਦਿੱਤੀ ਹੈ ਅਤੇ ਨਾਲ ਹੀ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਲਾਸ਼ ਦੇ ਕੋਲ ਇੱਕ ਪਰਸ ਵੀ ਪਿਆ ਮਿਲਿਆ ਹੈ।
ਪੁਲਿਸ ਨੇ ਦੱਸਿਆ ਕਿ ਸਲਮਾ ਨਾਮ ਦੀ ਇੱਕ ਔਰਤ ਰੋਜ਼ ਗਾਰਡਨ ਬਾਥਰੂਮ ਵਿੱਚ ਡਿਊਟੀ 'ਤੇ ਸੀ, ਪਰ ਉਸ ਦੀ ਰਿਸ਼ਤੇਦਾਰੀ ਵਿੱਚ ਕਿਸੇ ਦੀ ਮੌਤ ਹੋ ਗਈ ਸੀ ਅਤੇ ਉਹ ਹਰਿਆਣਾ ਦੇ ਪੁੰਡਰੀ ਵਿੱਚ ਛੁੱਟੀ 'ਤੇ ਗਈ ਸੀ। ਪੁਲਿਸ ਨੇ ਹੁਣ ਬਾਥਰੂਮ ਨੂੰ ਸੀਲ ਕਰਕੇ ਤਾਲਾ ਲਾ ਦਿੱਤਾ ਹੈ। ਪੁਲਿਸ ਅੱਗੇ ਦੀ ਜਾਂਚ ਕਰ ਰਹੀ ਹੈ।
ਜਾਣਕਾਰੀ ਮਿਲਦਿਆਂ ਹੀ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਤੁਰੰਤ ਫੋਰੈਂਸਿਕ ਟੀਮ ਨੂੰ ਬੁਲਾਇਆ। ਟੀਮ ਨੇ ਬਾਥਰੂਮ ਦੇ ਅੰਦਰੋਂ ਖੂਨ ਦੇ ਸੈਂਪਲ, ਚਾਕੂ ਅਤੇ ਹੋਰ ਮਹੱਤਵਪੂਰਨ ਸਬੂਤ ਇਕੱਠੇ ਕੀਤੇ। ਆਲੇ ਦੁਆਲੇ ਦੇ ਇਲਾਕੇ ਤੋਂ ਉਂਗਲਾਂ ਦੇ ਨਿਸ਼ਾਨ ਵੀ ਲਏ ਗਏ।
ਜਾਂਚ ਲਈ ਪੂਰੇ ਬਾਥਰੂਮ ਨੂੰ ਸਾਰੇ ਪਾਸਿਆਂ ਤੋਂ ਸੀਲ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ, ਰੋਜ਼ ਗਾਰਡਨ ਦੇ ਆਲੇ ਦੁਆਲੇ ਲਗਾਏ ਗਏ ਸਾਰੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਜਿਸ ਔਰਤ ਦੀ ਲਾਸ਼ ਮਿਲੀ ਸੀ ਉਹ ਗਾਰਡਨ ਵਿੱਚ ਇਕੱਲੀ ਆਈ ਸੀ ਜਾਂ ਉਸ ਉਸ ਨਾਲ ਕੋਈ ਹੋਰ ਵੀ ਸੀ।