AAP vs SAD: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਪਿਛਲੀ ਅਕਾਲੀ ਦਲ ਦੀ ਸਰਕਾਰ ਵੱਲੋਂ ਦਲਿਤਾਂ ਤੇ ਸਮਾਜ ਦੇ ਹੋਰ ਕਮਜ਼ੋਰ ਵਰਗਾਂ ਨੂੰ ਦਿੱਤੀਆਂ ਸਹੂਲਤਾਂ ਵਾਪਸ ਲੈ ਕੇ ਉਹਨਾਂ ਨਾਲ ਵਿਤਕਰਾ ਕਰ ਰਹੀ ਹੈ ਅਤੇ ਉਹਨਾਂ ਪ੍ਰਣ ਲਿਆ ਕਿ ਇਕ ਵਾਰ ਸੂਬੇ ਵਿਚ ਮੁੜ ਤੋਂ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਕਾਂਗਰਸ ਤੇ ਆਪ ਸਰਕਾਰ ਵੱਲੋਂ ਬੰਦ ਕੀਤੀਆਂ ਸਹੂਲਤਾਂ ਮੁੜ ਸ਼ੁਰੂ ਕੀਤੀਆਂ ਜਾਣਗੀਆਂ।


ਅਕਾਲੀ ਦਲ ਦੇ ਪ੍ਰਧਾਨ, ਜਿਹਨਾਂ ਨੇ ਪਾਰਟੀ ਦੇ ਉਮੀਦਵਾਰ ਮਹਿੰਦਰ ਸਿੰਘ ਕੇ.ਪੀ. ਦੇ ਹੱਕ ਵਿਚ ਸ਼ਾਹਕੋਟ, ਨਕੋਦਰ, ਫਿਲੌਰ ਤੇ ਫਗਵਾੜਾ ਵਿਚ ਵਿਸ਼ਾਲ ਮੀਟਿੰਗਾਂ ਨੂੰ ਸੰਬੋਧਨ ਕੀਤਾ, ਨੇ ਕਿਹਾ ਕਿ ਇਸ ਪੰਜਾਬ ਵਿਰੋਧੀ ਸਰਕਾਰ ਨੂੰ ਦਿੱਲੀ ਤੋਂ ਚਲਾਇਆ ਜਾ ਰਿਹਾ ਹੈ ਤੇ ਇਹ ਐਸ ਸੀ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਨਹੀਂ ਦੇ ਰਹੀ ਤੇ ਲੜਕੀਆਂ ਨੂੰ ਮੁਫਤ ਸਾਈਕਲ ਨਹੀਂ ਦੇ ਰਹੀ ਤੇ ਐਸ ਸੀ ਤੇ ਸਮਾਜ ਦੇ ਹੋਰ ਕਮਜ਼ੋਰ ਵਰਗਾਂ ਦੀਆਂ ਧੀਆਂ ਨੂੰ ਸ਼ਗਨ ਸਕੀਮ ਦੇ ਲਾਭ ਨਹੀਂ ਦੇ ਰਹੀ। ਇਸੇ ਭਗਤ ਪੂਰਨ ਸਿੰਘ ਮੈਡੀਕਲਾ ਬੀਮਾ ਸਕੀਮ ਬੰਦ ਕਰ ਦਿੱਤੀ ਤੇ ਦਵਾਈਆਂ ਦੀਆਂ ਦੁਕਾਨਾਂ ਤੇ ਸੇਵਾ ਕੇਂਦਰ ਵੀ ਬੰਦ ਕਰ ਦਿੱਤੇ।


ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸਮੇਂ ਦੀਆਂ ਕਾਂਗਰਸ ਤੇ ਆਪ ਸਰਕਾਰ ਨੇ ਪੰਜਾਬ ਨੂੰ ਇਕ ਦਹਾਕਾ ਪਿੱਛੇ ਧੱਕ ਦਿੱਤਾ ਹੈ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿਸਾਰੀਆਂ  ਸਮਾਜ ਭਲਾਈ ਸਕੀਮਾਂ ਬਹਾਲ ਕਰਨ ਲਈ ਅਕਾਲੀ ਦਲ ਦੀ ਹਮਾਇਤ ਕਰਨ। 


ਉਹਨਾਂ ਕਿਹਾਕਿ  ਅਕਾਲੀ ਦਲ ਹਮਾਇਤ ਇਸ ਪੰਜਾਬ ਵਿਰੋਧੀ ਸਰਕਾਰ ਨੂੰ ਸਾਰੀਆਂ ਔਰਤਾਂ ਨੂੰ ਇਕ-ਇਕ ਹਜ਼ਾਰ ਰੁਪਏ ਦੇਣ ਵਾਸਤੇ ਮਜਬੂਰ ਕਰ ਦੇਵੇਗੀ। ਉਹਨਾਂ ਕਿਹਾ ਕਿ ਅਕਾਲੀ ਦਲ ਦੀ ਹਮਾਇਤ ਕਰਨ ਨਾਲ ਪੰਜਾਬ ਅਤੇ ਇਸਦੇ ਦਰਿਆਈ ਪਾਣੀ ਬਚ ਜਾਣਗੇ ਤੇ ਚੰਡੀਗੜ੍ਹ ’ਤੇ ਇਸਦੇ ਦਾਅਵੇ ’ਤੇ ਸਮਝੌਤਾ ਨਹੀਂ ਹੋ ਸਕੇਗਾ।


ਬਾਦਲ ਨੇ ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ’ਤੇ ਤਿੱਖਾ ਹਮਲਾ ਕੀਤਾ। ਉਹਨਾਂ ਕਿਹਾ ਕਿ  ਹੁਣ ਚੋਣ ਪ੍ਰਚਾਰ ਦੌਰਾਨ ਭਗਵੰਤ ਮਾਨ ਫਿਰ ਤੋਂ ਸਸਤੇ ਤਮਾਸ਼ਿਆਂ ’ਤੇ ਉਤਰ ਆਏ ਹਨ। ਭਗਵੰਤ ਮਾਨ ਬਜ਼ਾਰ ਬੰਦ ਕਰਵਾ ਕੇ ਰੋਡ ਸ਼ੋਅ ਕੱਢ ਰਹੇ ਹਨ ਤੇ ਇਹਨਾਂ ਦੇ ਵਾਹਨਾਂ ਦੀਆਂ ਕਤਾਰਾਂ ਨਾਲ ਇਲਾਕੇ ਵਿਚ ਜਾਮ ਲੱਗ ਜਾਂਦਾ ਹੈ ਤੇ ਇਹ ਉਸਨੂੰ ਆਪਣੇ ਲਈ ਲੋਕਾਂ ਦਾ ਸਮਰਥਨ ਹੋਣ ਦਾ ਦਾਅਵਾ ਕਰਦੇ ਹਨ।


 ਉਹਨਾਂ ਕਿਹਾ ਕਿ ਮੁੱਖ ਮੰਤਰੀ ਤਾਂ ਆਪਣੇ ਵਾਹਨ ਤੋਂ ਵੀ ਹੇਠਾਂ ਨਹੀਂ ਉਤਰਦੇ ਤੇ ਲੋਕਾਂ ਨੂੰ ਮਿਲਣ ਦੀ ਗੱਲ ਹੀ ਛੱਡੋ। ਇਹਨਾਂ ਦੇ ਆਪਣੇ ਹਲਕੇ ਧੂਰੀ ਵਿਚ ਲੋਕਾਂ ਨੇ ਇਹਨਾਂ ਦੇ ਨਾਂ ’ਤੇ ਲਾਪਤਾ ਦੇ ਪੋਸਟਰ ਲਗਾਏ ਹੋਏ ਹਨ। ਉਹਨਾਂ ਕਿਹਾ ਕਿ ਇਹੀ ਸ਼ੋਅ ਵਾਰ-ਵਾਰ ਸ਼ਹਿਰਾਂ ਵਿਚ ਦੁਹਰਾਏ ਜਾ ਰਹੇ ਹਨ ਜਿਸ ਕਾਰਣ ਦੁਕਾਨਦਾਰਾਂ ਤੇ ਉਹਨਾਂ ਦੇ ਵਪਾਰ ਨੂੰ ਵੱਡਾ ਘਾਟਾ ਪੈ ਰਿਹਾ ਹੈ।