Crime News: ਜਲੰਧਰ ਦੇ ਰਾਮਾ ਮੰਡੀ ਦੇ ਸਤਨਾਮਪੁਰਾ 'ਚ ਸੋਮਵਾਰ ਦੇਰ ਰਾਤ ਹੋਈ ਗੋਲੀਬਾਰੀ 'ਚ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਇਕ ਕਰੀਬੀ ਮਾਰਿਆ ਗਿਆ, ਜਦਕਿ ਇਕ ਹੋਰ ਔਰਤ ਜ਼ਖਮੀ ਹੋ ਗਈ। ਮ੍ਰਿਤਕ ਦੀ ਪਛਾਣ ਰਵਿੰਦਰ ਕੁਮਾਰ ਉਰਫ ਸੋਨੂੰ ਵਾਸੀ ਪਿੰਡ ਰੁੜਕਾ ਅਤੇ ਜ਼ਖਮੀ ਦੀ ਪਛਾਣ ਕੁਲਜੀਤ ਕੌਰ ਵਾਸੀ ਸਤਨਾਮਪੁਰਾ ਵਜੋਂ ਹੋਈ ਹੈ।
ਜਾਣਕਾਰੀ ਅਨੁਸਾਰ ਸੋਨੂੰ ਜੋ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਕਰੀਬੀ ਦੱਸਿਆ ਜਾਂਦਾ ਹੈ, ਕਿਸੇ ਕੰਮ ਲਈ ਕੁਲਜੀਤ ਕੌਰ ਪੁੱਤਰ ਬਲਜਿੰਦਰ ਸਿੰਘ ਔਲਖ ਨੂੰ ਉਸਦੇ ਘਰ ਮਿਲਣ ਆਇਆ ਸੀ। ਬਲਜਿੰਦਰ ਬਾਊਂਸਰ ਮੁਹੱਈਆ ਕਰਵਾਉਣ ਵਾਲੀ ਕੰਪਨੀ ਦਾ ਮਾਲਕ ਸੀ ਅਤੇ ਸੋਨੂੰ ਉਸ ਨਾਲ ਕੰਮ ਕਰਦਾ ਸੀ।
ਦੱਸ ਦਈਏ ਕਿ ਗੋਲੀਬਾਰੀ ਕਥਿਤ ਤੌਰ 'ਤੇ ਬਲਜਿੰਦਰ ਦੇ ਚਚੇਰੇ ਭਰਾ ਅਤੇ ਪੰਜਾਬ ਯੂਨਾਈਟਿਡ ਡਰਾਈਵਰ ਯੂਨੀਅਨ ਦੇ ਪ੍ਰਧਾਨ ਗੁਰਮੀਤ ਸਿੰਘ ਔਲਖ ਨੇ ਕੀਤੀ ਸੀ।
ਬਲਜਿੰਦਰ ਆਪਣੀ ਮਾਂ ਅਤੇ ਸੋਨੂੰ ਨਾਲ ਘਰ ਦੇ ਗੇਟ 'ਤੇ ਖੜ੍ਹਾ ਸੀ ਜਦੋਂ ਮੁਲਜ਼ਮ ਆਇਆ ਅਤੇ ਉਸ ਦੀ ਕਾਰ ਨੇ ਉੱਥੇ ਖੜ੍ਹੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਜਿਸ ਤੋਂ ਬਾਅਦ ਹੋਈ ਤਕਰਾਰ ਵਿੱਚ ਗੁਰਮੀਤ ਨੇ ਕਥਿਤ ਤੌਰ 'ਤੇ ਆਪਣੇ ਲਾਇਸੈਂਸੀ ਰਿਵਾਲਵਰ ਨਾਲ ਗੋਲੀ ਚਲਾ ਦਿੱਤੀ।
ਮੁਲਜ਼ਮਾਂ ਨੇ ਤਿੰਨ-ਚਾਰ ਗੋਲੀਆਂ ਚਲਾਈਆਂ, ਜਿਨ੍ਹਾਂ ਵਿੱਚੋਂ ਇੱਕ ਸੋਨੂੰ ਦੀ ਛਾਤੀ ਵਿੱਚ ਅਤੇ ਦੂਜੀ ਕੁਲਜੀਤ ਕੌਰ ਦੀ ਲੱਤ ਵਿੱਚ ਲੱਗੀ, ਜਦੋਂ ਕਿ ਬਲਜਿੰਦਰ ਆਪਣੇ ਆਪ ਨੂੰ ਬਚਾਉਣ ਵਿੱਚ ਕਾਮਯਾਬ ਹੋ ਗਿਆ। ਜ਼ਖ਼ਮੀਆਂ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਸੋਨੂੰ ਨੂੰ ਮ੍ਰਿਤਕ ਐਲਾਨ ਦਿੱਤਾ ਜਦਕਿ ਕੁਲਜੀਤ ਕੌਰ ਦਾ ਇਲਾਜ ਚੱਲ ਰਿਹਾ ਹੈ। ਗੋਲੀਬਾਰੀ ਤੋਂ ਬਾਅਦ ਬਲਜਿੰਦਰ ਅਤੇ ਗੁਰਮੀਤ ਵਿਚਕਾਰ ਤਕਰਾਰ ਹੋ ਗਈ ਅਤੇ ਦੋਵਾਂ ਦੇ ਸਿਰ 'ਤੇ ਮਾਮੂਲੀ ਸੱਟਾਂ ਲੱਗੀਆਂ।
ਮ੍ਰਿਤਕ ਸੋਨੂੰ ਦੇ ਗੈਂਗਸਟਰ ਲਾਰੇਂਸ ਬਿਸ਼ਨੋਈ ਨਾਲ ਸਬੰਧਾਂ ਬਾਰੇ ਏਸੀਪੀ ਨਿਰਮਲ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਸੋਨੂੰ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਅਕਾਊਂਟ 'ਤੇ ਬਿਸ਼ਨੋਈ ਨਾਲ ਮਿਲੀਆਂ ਹਨ। ਹਾਲਾਂਕਿ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਉਹ ਕਿਸੇ ਅਪਰਾਧਿਕ ਗਤੀਵਿਧੀਆਂ 'ਚ ਸ਼ਾਮਲ ਸੀ ਜਾਂ ਬਿਸ਼ਨੋਈ ਗੈਂਗ ਦਾ ਹਿੱਸਾ ਸੀ।
ਏਸੀਪੀ ਨੇ ਦੱਸਿਆ ਕਿ ਗੁਰਮੀਤ ਅਤੇ ਬਲਜਿੰਦਰ ਸਤਨਾਮਪੁਰਾ ਵਿੱਚ ਨਾਲ ਲੱਗਦੇ ਘਰਾਂ ਵਿੱਚ ਰਹਿ ਰਹੇ ਸਨ। ਉਨ੍ਹਾਂ ਦੱਸਿਆ ਕਿ ਸਥਾਨਕ ਲੋਕਾਂ ਨੇ ਦੱਸਿਆ ਕਿ ਕਿਸੇ ਨਿੱਜੀ ਗੱਲ ਨੂੰ ਲੈ ਕੇ ਦੋਵਾਂ ਵਿਚਾਲੇ ਦੁਸ਼ਮਣੀ ਚੱਲਦੀ ਸੀ ਅਤੇ ਲੜਾਈ-ਝਗੜਾ ਹੁੰਦਾ ਸੀ। ਏਸੀਪੀ ਨੇ ਦੱਸਿਆ ਕਿ ਗੁਰਮੀਤ ਨੂੰ ਇੱਕ ਨਿੱਜੀ ਹਸਪਤਾਲ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਜਿੱਥੇ ਉਹ ਸਿਰ ਵਿੱਚ ਸੱਟ ਲੱਗਣ ਕਾਰਨ ਇਲਾਜ ਲਈ ਗਿਆ ਸੀ। ਉਸ ਖ਼ਿਲਾਫ਼ ਰਾਮਾ ਮੰਡੀ ਥਾਣੇ ਵਿੱਚ ਆਈਪੀਸੀ ਦੀ ਧਾਰਾ 302 ਅਤੇ 307 ਅਤੇ ਅਸਲਾ ਐਕਟ ਦੀਆਂ ਧਾਰਾਵਾਂ 25 ਅਤੇ 27 ਤਹਿਤ ਕੇਸ ਦਰਜ ਕੀਤਾ ਗਿਆ ਹੈ।