Jalandhar News : ਜਲੰਧਰ ਦੇ ਰਾਮਾਮੰਡੀ ਥਾਣੇ ਨੇੜੇ ਸਤਨਾਮਪੁਰ (ਗੁਰੂਨਾਨਕਪੁਰਾ) 'ਚ ਦੇਰ ਰਾਤ ਹੋਈ ਗੋਲੀਬਾਰੀ ਕਾਰਨ ਦਹਿਸ਼ਤ ਦਾ ਮਾਹੌਲ ਹੈ। ਗੋਲੀਬਾਰੀ 'ਚ ਇਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਇਕ ਬਜ਼ੁਰਗ ਔਰਤ ਜ਼ਖਮੀ ਹੋ ਗਈ। ਔਰਤ ਨੂੰ ਇੱਕ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਮ੍ਰਿਤਕ ਦੀ ਪਛਾਣ ਰਵਿੰਦਰ ਸਿੰਘ ਉਰਫ਼ ਸੋਨੂੰ ਵਾਸੀ ਰੁੜਕਾ (ਗੁਰਾਇਆ) ਵਜੋਂ ਹੋਈ ਹੈ ਜਦਕਿ ਜ਼ਖਮੀ ਔਰਤ ਨੂੰ ਆਕਸਫੋਰਡ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ, ਜਿਸ ਦੀ ਪਛਾਣ ਕੁਲਜੀਤ ਕੌਰ ਵਜੋਂ ਹੋਈ ਹੈ।

ਸਤਨਾਮਪੁਰ ਵਾਸੀ ਬਲਜਿੰਦਰ ਸਿੰਘ ਜੋ ਕਿ ਬਾਊਂਸਰ ਕੰਪਨੀ ਚਲਾਉਂਦਾ ਹੈ, ਉਸ ਦਾ ਦੋਸਤ ਰਵਿੰਦਰ ਉਰਫ ਸੋਨੂੰ ਉਸ ਨੂੰ ਮਿਲਣ ਆਇਆ ਹੋਇਆ ਸੀ। ਬਲਜਿੰਦਰ ਸੋਨੂੰ ਅਤੇ ਉਸ ਦੀ ਮਾਂ ਘਰ ਦੇ ਬਾਹਰ ਕਾਰ ਕੋਲ ਖੜ੍ਹੇ ਸਨ। ਇਸੇ ਦੌਰਾਨ ਬਲਜਿੰਦਰ ਦੇ ਚਾਚੇ ਦਾ ਲੜਕਾ ਗੁਰਮੀਤ ਸਿੰਘ ਔਲਖ ਮੋਟਰਸਾਈਕਲ ’ਤੇ ਆਇਆ ਅਤੇ ਕਾਰ ਨੂੰ ਟੱਕਰ ਮਾਰ ਦਿੱਤੀ। ਇਸ 'ਤੇ ਮਾਮੂਲੀ ਝਗੜਾ ਹੋ ਗਿਆ। ਗੁਰਮੀਤ ਪੂਰੀ ਤਰ੍ਹਾਂ ਸ਼ਰਾਬ ਦੇ ਨਸ਼ੇ ਵਿੱਚ ਧੁੱਤ ਸੀ। ਬਲਜਿੰਦਰ ਨੇ ਕਿਸੇ ਤਰ੍ਹਾਂ ਆਪਣੀ ਮਾਸੀ ਦੇ ਲੜਕੇ ਗੁਰਮੀਤ ਨੂੰ ਉਸ ਦੇ ਘਰ ਦੇ ਨਾਲ ਲੱਗਦੇ ਘਰ ਦੇ ਗੇਟ ਦੇ ਅੰਦਰ ਪਹੁੰਚਾਇਆ ਪਰ ਇਸ ਦੌਰਾਨ ਗੁਰਮੀਤ ਆਪਣਾ ਲਾਇਸੈਂਸੀ ਹਥਿਆਰ ਘਰੋਂ ਲੈ ਆਇਆ। 



 

ਉਸ ਨੇ ਪਹਿਲੀ ਗੋਲੀ ਸਿੱਧੀ ਰਵਿੰਦਰ ਸੋਨੂੰ 'ਤੇ ਮਾਰੀ। ਗੋਲੀ ਰਵਿੰਦਰ ਸੋਨੂੰ ਦੀ ਛਾਤੀ ਵਿੱਚ ਲੱਗੀ। ਇਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਗੁਰਮੀਤ ਨੇ ਦੂਜੀ ਗੋਲੀ ਆਪਣੇ ਚਾਚੇ ਦੇ ਲੜਕੇ ਬਲਜਿੰਦਰ 'ਤੇ ਮਾਰੀ ਪਰ ਉਹ ਬਚ ਗਿਆ। ਤੀਜੀ ਗੋਲੀ ਗੁਰਮੀਤ ਔਲਖ ਨੇ ਆਪਣੀ ਮਾਸੀ ਅਤੇ ਬਲਜਿੰਦਰ ਦੀ ਮਾਂ ਕੁਲਜੀਤ ਕੌਰ 'ਤੇ ਚਲਾਈ। ਗੋਲੀਆਂ ਚਲਾਉਣ ਤੋਂ ਬਾਅਦ ਗੁਰਮੀਤ ਆਪਣੇ ਘਰ ਵਿੱਚ ਲੁਕ ਗਿਆ। 

 

ਗੋਲੀ ਲੱਗਣ ਤੋਂ ਬਾਅਦ ਬਲਜਿੰਦਰ ਅਤੇ ਉਸਦੇ ਗੁਆਂਢੀਆਂ ਨੇ ਤੁਰੰਤ ਰਵਿੰਦਰ ਅਤੇ ਕੁਲਜੀਤ ਕੌਰ ਨੂੰ ਆਕਸਫੋਰਡ ਹਸਪਤਾਲ ਪਹੁੰਚਾਇਆ। ਜਿੱਥੋਂ ਰਵਿੰਦਰ ਸੋਨੂੰ ਦੀ ਲਾਸ਼ ਨੂੰ ਮਿ੍ਤਕ ਕਰਾਰ ਦੇ ਕੇ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ। ਇਸ ਘਟਨਾ ਦੀ ਜਾਣਕਾਰੀ ਦਿੰਦਿਆਂ ਏ.ਸੀ.ਪੀ ਨਿਰਮਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਗੋਲੀ ਚਲਾਉਣ ਵਾਲੇ ਗੁਰਮੀਤ ਸਿੰਘ ਔਲਖ ਨੂੰ ਗ੍ਰਿਫਤਾਰ ਕਰ ਲਿਆ ਹੈ। ਫਿਲਹਾਲ ਮਾਮਲੇ ਦੀ ਜਾਂਚ ਚੱਲ ਰਹੀ ਹੈ।