Jalandhar News : ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਨੇ ਜਲੰਧਰ ਜ਼ਿਮਨੀ ਚੋਣ ਲਈ ਸੋਮਵਾਰ ਨੂੰ 'ਆਪ' ਪੰਜਾਬ ਦੇ ਪ੍ਰਧਾਨ ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਨਾਲ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ। ਨਾਮਜ਼ਦਗੀ ਭਰਨ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ 'ਆਪ' ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਦੇ ਸਮਰਥਨ 'ਚ ਰੋਡ ਸ਼ੋਅ ਕੀਤਾ, ਜਿੱਥੇ ਹਜ਼ਾਰਾਂ ਦੀ ਗਿਣਤੀ 'ਚ 'ਆਪ' ਪਾਰਟੀ ਦੇ ਵਰਕਰਾਂ ਅਤੇ ਸਮਰਥਕਾਂ ਨੇ ਇਕੱਠੇ ਹੋ ਕੇ ਪਾਰਟੀ ਉਮੀਦਵਾਰ ਦੇ ਹੱਕ 'ਚ ਨਾਅਰੇਬਾਜ਼ੀ ਕੀਤੀ। ਇਸ ਰੋਡ ਸ਼ੋਅ ਵਿੱਚ ਸੀਐਮ ਮਾਨ ਅਤੇ ਉਮੀਦਵਾਰ ਰਿੰਕੂ ਦੇ ਨਾਲ ਇਸ ਮੌਕੇ ਵਿਧਾਇਕ ਸ਼ੀਤਲ ਅੰਗੁਰਾਲ, ਵਿਧਾਇਕ ਬਲਕਾਰ ਸਿੰਘ, ਦਿਨੇਸ਼ ਢੱਲ, ਰਾਜਵਿੰਦਰ ਕੌਰ ਥਿਆੜਾ, ਜੀਤ ਰਾਮ ਭੱਟੀ, ਰਤਨ ਸਿੰਘ, ਪ੍ਰੇਮ ਕੁਮਾਰ, ਵਿਧਾਇਕਾ ਇੰਦਰਜੀਤ ਕੌਰ, ਜਗਬੀਰ ਬਰਾੜ, ਮਹਿੰਦਰ ਭਗਤ, ਸੁਰਿੰਦਰ ਸੋਢੀ ਅਤੇ ਹਰਚੰਦ ਸਿੰਘ ਬਰਸਟ ਵੀ ਹਾਜ਼ਰ ਸਨ।
ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ 'ਆਪ' ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਨੇ ਲੋਕਾਂ ਨੂੰ ਰਵਾਇਤੀ ਪਾਰਟੀਆਂ ਨੂੰ ਵੋਟ ਨਾ ਪਾਉਣ ਅਤੇ ਲੋਕ ਪੱਖੀ ਆਵਾਜ਼ ਉਠਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਕਾਂਗਰਸ ਦੀ 'ਅੰਦਰੂਨੀ ਗੜਬੜ' ਵਿਕਾਸ ਦੇ ਰਾਹ ਵਿੱਚ ਰੋੜਾ ਹੈ। ਆਮ ਆਦਮੀ ਪਾਰਟੀ ਇਮਾਨਦਾਰ ਲੀਡਰਾਂ ਨੂੰ ਅੱਗੇ ਲਿਆਉਂਦੀ ਹੈ। ਕਿਉਂਕਿ ਅਸੀਂ ਜਾਣਦੇ ਹਾਂ ਕਿ ਵਿਕਾਸ ਕਿਵੇਂ ਕਰਨਾ ਹੈ, ਸਕੂਲ, ਹਸਪਤਾਲ ਅਤੇ ਮੁਹੱਲਾ ਕਲੀਨਿਕ ਕਿਵੇਂ ਬਣਾਉਣੇ ਹਨ, ਬਿਜਲੀ ਕਿਵੇਂ ਮੁਫਤ ਕਰਨੀ ਹੈ ਅਤੇ ਰੁਜ਼ਗਾਰ ਕਿਵੇਂ ਦੇਣਾ ਹੈ।
ਮਾਨ ਨੇ ਕਿਹਾ ਕਿ ‘ਆਪ’ ਨੇ ਦਿੱਲੀ ਵਿੱਚ ਨਗਰ ਨਿਗਮ ਚੋਣਾਂ ਜਿੱਤ ਕੇ ਆਪਣਾ ਮੇਅਰ ਬਣਾ ਲਿਆ ਹੈ, ਹੁਣ ਕੂੜੇ ਦੇ ਪਹਾੜ ਸਾਫ਼ ਕੀਤੇ ਜਾ ਰਹੇ ਹਨ, ਕਿਉਂਕਿ ਆਮ ਆਦਮੀ ਪਾਰਟੀ ਕੰਮ ਕਰਵਾਉਣਾ ਜਾਣਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ‘ਆਪ’ ਦੀ ਸਰਕਾਰ ਹੈ, ਜਲੰਧਰ ਦੇ ਕੌਂਸਲਰ ‘ਆਪ’ ਨੂੰ ਸਮਰਥਨ ਦੇ ਰਹੇ ਹਨ ਅਤੇ ਸੁਸ਼ੀਲ ਰਿੰਕੂ ਨੂੰ ਲੋਕਾਂ ਵਲੋਂ ਆਪਣਾ ਸੰਸਦ ਮੈਂਬਰ ਚੁਣੇ ਜਾਣ ਤੋਂ ਬਾਅਦ ਸ਼ਹਿਰ ਵਿੱਚ ਵੱਧ ਤੋਂ ਵੱਧ ਵਿਕਾਸ ਕਾਰਜ ਕਰਵਾਏ ਜਾਣਗੇ। ਮਾਨ ਨੇ ਕਿਹਾ ਕਿ ਜਲੰਧਰ ਸਮਾਰਟ ਸਿਟੀ ਸਕੀਮ ਅਧੀਨ ਆਉਂਦਾ ਹੈ ਪਰ ਇੱਥੇ ਕੋਈ ਵਿਕਾਸ ਨਹੀਂ ਹੋਇਆ ਕਿਉਂਕਿ ਰਵਾਇਤੀ ਸਿਆਸੀ ਪਾਰਟੀਆਂ ਅਤੇ ਉਨ੍ਹਾਂ ਦੇ ਆਗੂਆਂ ਵਿੱਚ ਇਰਾਦੇ ਦੀ ਘਾਟ ਹੈ।
ਮਾਨ ਨੇ ਕਿਹਾ ਕਿ ਜਲੰਧਰ ਦੇ ਲੋਕ ਇਤਿਹਾਸ ਰਚਣਗੇ ਅਤੇ ਜਦ ਇਹ ਲਿਖਿਆ ਜਾਵੇਗਾ ਕਿ ਇਹ ਕ੍ਰਾਂਤੀ ਪੂਰੇ ਦੇਸ਼ ਵਿੱਚ ਫੈਲੀ, ਇਸਦੀ ਸ਼ੁਰੂਆਤ 2022 ਵਿੱਚ ਪੰਜਾਬ ਵਿਚ ਹੋਈ ਸੀ, ਜਲੰਧਰ ਇਸ ਕ੍ਰਾਂਤੀ ਦੇ ਸ਼ੁਰੂਆਤੀ ਕੇਂਦਰਾਂ ‘ਚੋਂ ਇੱਕ ਸੀ। 'ਆਪ' ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਨੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦਾ ਇਹ ਜ਼ਿੰਮੇਵਾਰੀ ਸੌਂਪਣ ਲਈ ਧੰਨਵਾਦ ਕੀਤਾ। ਉਨ੍ਹਾਂ ਪਾਰਟੀ ਦੀ ਸਮੁੱਚੀ ਲੀਡਰਸ਼ਿਪ, ਮੌਜੂਦਾ ਮੰਤਰੀਆਂ ਅਤੇ ਵਿਧਾਇਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਜਲੰਧਰ ਦੇ ਲੋਕਾਂ ਦਾ ਵੀ ਧੰਨਵਾਦ ਕੀਤਾ, ਜਿਹੜੇ ਰਿੰਕੂ ਨੂੰ ਸਮਰਥਨ ਦੇਣ ਲਈ ਵੱਡੀ ਗਿਣਤੀ 'ਚ ਇਕੱਠੇ ਹੋਏ।
ਆਪ ਸੁਪਰੀਮੋ ਅਰਵਿੰਦ ਕੇਜਰੀਵਾਲ 20 ਅਪ੍ਰੈਲ ਨੂੰ ਜਲੰਧਰ ਵਿੱਚ ਸੁਸ਼ੀਲ ਰਿੰਕੂ ਲਈ ਚੋਣ ਪ੍ਰਚਾਰ ਕਰਨਗੇ। ਜਲੰਧਰ ਦੇ ਲੋਕਾਂ ਨੂੰ ਆਪਣੇ ਸੰਬੋਧਨ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਵਰਕਰਾਂ ਅਤੇ ਸਮਰਥਕਾਂ ਨੂੰ ਦੱਸਿਆ ਕਿ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ 20 ਅਪ੍ਰੈਲ ਨੂੰ ਸੁਸ਼ੀਲ ਕੁਮਾਰ ਰਿੰਕੂ ਦੇ ਹੱਕ ਵਿੱਚ ਪ੍ਰਚਾਰ ਕਰਨ ਲਈ ਜਲੰਧਰ ਪਹੁੰਚਣਗੇ। ਉਨ੍ਹਾਂ ਲੋਕਾਂ ਨੂੰ ਚੋਣਾਂ ਵਿੱਚ ਇਸੇ ਤਰ੍ਹਾਂ ਆਪਣਾ ਸਮਰਥਨ ਅਤੇ ਉਤਸ਼ਾਹ ਦਿਖਾਉਣ ਦੀ ਅਪੀਲ ਕਰਦਿਆਂ ਸੁਸ਼ੀਲ ਕੁਮਾਰ ਰਿੰਕੂ ਨੂੰ ਵੱਡੇ ਫਰਕ ਨਾਲ ਜਿਤਾਉਣ ਦੀ ਅਪੀਲ ਕੀਤੀ।