Sangrur News : ਆਖਰ 27 ਮਹੀਨਿਆਂ ਬਾਅਦ ਲਹਿਰਾਗਾਗਾ ਦੀ ਨਗਰ ਕੌਂਸਲ ਨੂੰ ਪ੍ਰਧਾਨ ਮਿਲ ਗਿਆ ਹੈ। ਇਸ ਸਬੰਧੀ ਨਗਰ ਕੌਂਸਲ ਚੋਣਾਂ ਤੋਂ ਬਾਅਦ ਅਦਾਲਤ ਵਿੱਚ 27 ਮਹੀਨਿਆਂ ਤੱਕ ਕੇਸ ਚੱਲਦਾ ਰਿਹਾ। ਮਾਮਲਾ ਦੋ ਕੌਂਸਲਰਾਂ ਨੂੰ ਬਹਾਨਾ ਬਣਾ ਕੇ ਹਰਾਉਣ ਦਾ ਸੀ। ਦੋਵਾਂ ਕੌਂਸਲਰਾਂ ਨੇ ਹਾਈਕੋਰਟ ਵਿੱਚ ਪਟੀਸ਼ਨ ਪਾਈ ਸੀ। 


ਹੁਣ ਆਮ ਆਦਮੀ ਪਾਰਟੀ ਦੀ ਸੀਨੀਅਰ ਆਗੂ ਤੇ ਅਗਰਵਾਲ ਸਭਾ ਪੰਜਾਬ ਦੀ ਮਹਿਲਾ ਪ੍ਰਧਾਨ ਕਾਂਤਾ ਗੋਇਲ ਨਗਰ ਕੌਂਸਲ ਦੀ ਪ੍ਰਧਾਨ ਬਣ ਗਈ ਹੈ। ਸੀਨੀਅਰ ਮੀਤ ਪ੍ਰਧਾਨ ਆਜ਼ਾਦ ਕੌਂਸਲਰ ਕਪਿਲਾਸ਼ ਤਾਇਲ ਨੂੰ ਬਣਾਇਆ ਗਿਆ ਤੇ ਮੀਤ ਪ੍ਰਧਾਨ ਆਜ਼ਾਦ ਕੌਂਸਲਰ ਬਲਵੀਰ ਸਿੰਘ ਨੂੰ ਨਿਯੁਕਤ ਕੀਤਾ ਗਿਆ ਹੈ। 


ਦਰਅਸਲ ਨਗਰ ਕੌਂਸਲ ਚੋਣਾਂ ਦੌਰਾਨ ਦੋ ਜੇਤੂ ਕੌਂਸਲਰਾਂ ਨੂੰ ਹਾਰੇ ਕਰਾਰ ਦਿੱਤਾ ਗਿਆ ਸੀ, ਜਿਸ ਦਾ ਉਸ ਸਮੇਂ ਆਮ ਆਦਮੀ ਪਾਰਟੀ ਦੇ ਵਿਧਾਇਕ ਬਰਿੰਦਰ ਗੋਇਲ ਨੇ ਵਿਰੋਧ ਕਰਦਿਆਂ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ।  ਹਾਈਕੋਰਟ ਨੇ ਕੌਂਸਲਰਾਂ ਨੂੰ ਜੇਤੂ ਕਰਾਰ ਦਿੱਤਾ ਸੀ। ਇਹ ਕੇਸ ਅਦਾਲਤ ਵਿੱਚ ਲਗਾਤਾਰ 27 ਮਹੀਨੇ ਚੱਲਦਾ ਰਿਹਾ।


ਅੱਜ ਲਹਿਰਾਗਾਗਾ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਬਰਿੰਦਰ ਕੁਮਾਰ ਗੋਇਲ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਦੀ ਸੀਨੀਅਰ ਆਗੂ ਕਾਂਤਾ ਗੋਇਲ ਨੂੰ ਨਗਰ ਕੌਂਸਲ ਦਾ ਪ੍ਰਧਾਨ ਬਣਾਇਆ ਗਿਆ। ਦੱਸਣਯੋਗ ਹੈ ਕਿ ਨਗਰ ਕੌਂਸਲ ਲਹਿਰਾਗਾਗਾ ਵਿੱਚ ਕੁੱਲ 15 ਵਾਰਡ ਹਨ, ਜਿਨ੍ਹਾਂ ਵਿੱਚੋਂ 6 ਕੌਂਸਲਰ ਕਾਂਗਰਸ, 5 ਆਮ ਆਦਮੀ ਪਾਰਟੀ, 2 ਆਜ਼ਾਦ ਤੇ 2 ਅਕਾਲੀ ਦਲ ਸੰਯੁਕਤ ਦੇ ਹਨ।


ਆਮ ਆਦਮੀ ਪਾਰਟੀ ਦੇ ਵਿਧਾਇਕ ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਅੱਜ ਸੱਚਾਈ ਦੀ ਜਿੱਤ ਹੋਈ ਹੈ, ਜਿਸ ਲਈ ਆਮ ਆਦਮੀ ਪਾਰਟੀ ਦੀ ਕੌਂਸਲਰ ਕਾਂਤਾ ਗੋਇਲ ਨੂੰ ਪ੍ਰਧਾਨ ਬਣਾਇਆ ਗਿਆ ਹੈ ਪਰ ਪ੍ਰਧਾਨ ਦੀ ਕਮੀ ਸੀ, ਹੁਣ ਨਗਰ ਕੌਾਸਲ ਨੂੰ ਪ੍ਰਧਾਨ ਮਿਲ ਗਿਆ ਹੈ ਤੇ ਆਉਣ ਵਾਲੇ ਸਮੇਂ 'ਚ ਵੱਡੇ ਪ੍ਰੋਜੈਕਟ ਲਿਆਂਦੇ ਜਾਣਗੇ।


ਵਿਧਾਇਕ ਬਰਿੰਦਰ ਗੋਇਲ ਦਾ ਧੰਨਵਾਦ ਕਰਦਿਆਂ ਨਵ-ਨਿਯੁਕਤ ਪ੍ਰਧਾਨ ਕਾਂਤਾ ਗੋਇਲ ਨੇ ਕਿਹਾ ਕਿ ਹੁਣ ਲਹਿਰਾਗਾਗਾ ਵਿੱਚ ਵਿਕਾਸ ਕਾਰਜਾਂ ਵਿੱਚ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ, ਲੋਕਾਂ ਦੀਆਂ ਸਮੱਸਿਆਵਾਂ ਪਹਿਲ ਦੇ ਆਧਾਰ ’ਤੇ ਹੱਲ ਕੀਤੀਆਂ ਜਾਣਗੀਆਂ ਤੇ ਲਹਿਰਾਗਾਗਾ ਦੀ ਨੁਹਾਰ ਬਦਲ ਦਿੱਤੀ ਜਾਵੇਗੀ।


ਨਗਰ ਕੌਾਸਲ ਦੇ ਪ੍ਰਧਾਨ ਦੀ ਚੋਣ ਕਰਵਾਉਣ ਲਈ ਪਹੁੰਚੇ ਐਸ.ਡੀ.ਐਮ ਸੂਬਾ ਸਿੰਘ ਨੇ ਦੱਸਿਆ ਕਿ ਅੱਜ ਦੀ ਚੋਣ ਬਹੁਤ ਹੀ ਸ਼ਾਂਤੀਪੂਰਵਕ ਢੰਗ ਨਾਲ ਹੋਈ, ਪਹਿਲਾਂ ਕੌਾਸਲਰਾਂ ਨੂੰ ਸਹੁੰ ਚੁਕਾਈ ਗਈ ਤੇ ਉਸ ਤੋਂ ਬਾਅਦ ਪ੍ਰਧਾਨ ਦੀ ਚੋਣ ਕਰਵਾਈ ਗਈ, ਜਿਸ ਵਿਚ ਕਾਂਤਾ ਗੋਇਲ ਨੂੰ ਪ੍ਰਧਾਨ ਚੁਣਿਆ ਗਿਆ। ਇਸ ਦੇ ਨਾਲ ਹੀ ਸੀਨੀਅਰ ਮੀਤ ਪ੍ਰਧਾਨ ਕਪਲਸ਼ ਤਾਇਲ ਤੇ ਮੀਤ ਪ੍ਰਧਾਨ ਬਲਵੀਰ ਸਿੰਘ ਨੂੰ ਚੁਣਿਆ ਗਿਆ ਹੈ।