Punjab News: ਜਲੰਧਰ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਜਗਤਾਰ ਸਿੰਘ ਸੰਘੇੜਾ ਨੇ ਕਿਹਾ ਕਿ ਪੰਜਾਬ 'ਚ ਸਾਡੀ ਸਰਕਾਰ ਲੋਕਾਂ ਦੀ ਸਰਕਾਰ ਹੈ, ਜੋ ਵੀ ਲੋਕਾਂ ਦੇ ਮਸਲੇ ਹਨ, ਉਨ੍ਹਾਂ ਨੂੰ ਹੱਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਅਸੀਂ ਜ਼ੀਰਾ ਸ਼ਰਾਬ ਫੈਕਟਰੀ ਦਾ ਮਸਲਾ ਹੱਲ ਕੀਤਾ ਹੈ, ਉਸੇ ਤਰ੍ਹਾਂ ਆਉਣ ਵਾਲੇ ਦਿਨਾਂ ਵਿੱਚ ਸਾਡੀ ਸਰਕਾਰ ਲਤੀਫਪੁਰਾ ਦਾ ਮਸਲਾ ਹੱਲ ਕਰਨ ਜਾ ਰਹੀ ਹੈ।



ਉਨ੍ਹਾਂ ਕਿਹਾ ਕਿ ਜੇਕਰ ਲਤੀਫਪੁਰਾ ਦੇ ਕੇਸ ਦੀ ਗੱਲ ਕਰੀਏ ਤਾਂ ਇਹ ਅਦਾਲਤ ਦੇ ਹੁਕਮ ਸਨ, ਜਿਸ ਕਾਰਨ ਸਾਨੂੰ ਅਜਿਹਾ ਕਰਨਾ ਪਿਆ। ਅਦਾਲਤ ਨੇ ਸਾਨੂੰ ਕਿਹਾ ਸੀ ਤੇ ਇਸ ਲਈ ਬਕਾਇਦਾ ਜਲੰਧਰ ਦੇ ਡੀਸੀ ਨੇ ਵੀ ਲਿਖ ਕੇ ਦਿੱਤਾ ਸੀ ਤੇ ਮੈਨੂੰ ਵੀ ਲਿਖ ਕੇ ਦੇਣਾ ਪਿਆ ਸੀ ਕਿ ਅਸੀਂ ਇਸ ਮਸਲੇ ਨੂੰ ਸਹੀ ਢੰਗ ਨਾਲ ਹੱਲ ਕਰਾਂਗੇ, ਇਸ ਸਾਰੇ ਮਾਮਲੇ ਲਈ ਪੁਲਿਸ ਦੀ ਡਿਊਟੀ ਲਗਾਈ ਗਈ ਹੈ। ਜਲੰਧਰ ਦੇ ਇਸ ਮਾਮਲੇ ਤੋਂ ਪਹਿਲਾਂ ਅਸੀਂ ਲੋਕਾਂ ਦੇ ਰਹਿਣ ਦੇ ਇੰਤਜ਼ਾਮ ਕੀਤੇ ਸਨ ਪਰ ਬਹੁਤ ਸਾਰੇ ਲੋਕ ਉੱਥੇ ਜਾਣ ਲਈ ਰਾਜ਼ੀ ਨਹੀਂ ਹੋਏ।


 ਇਹ ਵੀ ਪੜ੍ਹੋ : ਤੁਸੀਂ ਘਰ ਤੇ ਦੁਕਾਨ 'ਚ ਬੈਠੇ ਵੀ ਨਹੀਂ ਸੇਫ! ਲੁਧਿਆਣਾ 'ਚ ਦੁਕਾਨ ਅੰਦਰ ਵੜ ਟਰੈਕਟਰ ਨੇ ਮਚਾਈ ਤਬਾਹੀ

ਸੰਘੇੜਾ ਨੇ ਕਿਹਾ ਕਿ ਲਗਪਗ 65% ਲੋਕ ਪਹਿਲਾਂ ਹੀ ਆਪਣੇ ਘਰ ਛੱਡ ਚੁੱਕੇ ਸਨ। ਸਾਡੇ ਵਿਭਾਗ ਨੇ ਇਨ੍ਹਾਂ ਲੋਕਾਂ ਲਈ ਰਿਹਾਇਸ਼ ਦਾ ਪੂਰਾ ਪ੍ਰਬੰਧ ਕੀਤਾ ਸੀ ਪਰ ਇਨ੍ਹਾਂ ਲੋਕਾਂ ਨੇ ਇਸ ਨੂੰ ਨਹੀਂ ਮੰਨਿਆ। ਉੱਥੇ ਬਹੁਤ ਸਾਰੇ ਲੋਕ ਅਜਿਹੇ ਹਨ, ਜਿਨ੍ਹਾਂ ਕੋਲ ਕਾਫੀ ਜ਼ਮੀਨ ਹੈ ਪਰ ਉਨ੍ਹਾਂ ਨੇ ਕਾਫੀ ਜ਼ਮੀਨ 'ਤੇ ਗਲਤ ਤਰੀਕੇ ਨਾਲ ਕਬਜ਼ਾ ਕਰ ਲਿਆ ਹੈ, ਇਸ ਲਈ ਅਸੀਂ ਜਲੰਧਰ ਦੇ ਅਧਿਕਾਰੀਆਂ ਨੂੰ ਲਿਖਿਆ ਹੈ, ਉਨ੍ਹਾਂ ਲੋਕਾਂ ਖਿਲਾਫ ਕਾਰਵਾਈ ਕੀਤੀ ਜਾਵੇ, ਜਿਨ੍ਹਾਂ ਕੋਲ ਵੱਡੀਆਂ ਜ਼ਮੀਨਾਂ ਹਨ ਤੇ ਜਿਨ੍ਹਾਂ ਨੇ ਇੱਥੇ ਕਬਜ਼ਾ ਕੀਤਾ ਹੋਇਆ ਹੈ।


 ਇਹ ਵੀ ਪੜ੍ਹੋ : ਹਾਈਕੋਰਟ ਦਾ ਫੈਸਲਾ ਆਉਣ ਤੋਂ ਪਹਿਲਾਂ ਹੀ ਸੀਐਮ ਮਾਨ ਬੰਦ ਕੀਤੀ ਸ਼ਰਾਬ ਫੈਕਟਰੀ, ਹੁਣ ਕਾਨੂੰਨੀ ਉਲਝਣ 'ਚ ਉਲਝ ਸਕਦਾ ਫੈਸਲਾ

ਉਨ੍ਹਾਂ ਕਿਹਾ ਕਿ ਆਮ ਲੋਕਾਂ 'ਤੇ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ ਤੇ ਸਾਡੀ ਸਰਕਾਰ ਨੇ ਇਨ੍ਹਾਂ ਲੋਕਾਂ ਨੂੰ ਕਿਹਾ ਹੈ ਕਿ ਅਸੀਂ ਤੁਹਾਨੂੰ ਫਲੈਟ ਤੇ 2 ਲੱਖ ਤੱਕ ਦੀ ਮਦਦ ਦੇਣ ਜਾ ਰਹੇ ਹਾਂ। ਮੁੱਖ ਮੰਤਰੀ ਆਉਣ ਵਾਲੇ ਕੁਝ ਦਿਨਾਂ ਵਿਚ ਇਸ ਪੂਰੇ ਮਾਮਲੇ ਨੂੰ ਹੱਲ ਕਰਨ ਜਾ ਰਹੇ ਹਨ, 26 ਜਨਵਰੀ ਤੋਂ ਪਹਿਲਾਂ ਕਿਸੇ ਵੀ ਸਮੇਂ ਇਸ ਮਾਮਲੇ ਨੂੰ ਹੱਲ ਕੀਤਾ ਜਾ ਸਕਦਾ ਹੈ।