Jalandhar News: ਪੰਜਾਬ ਵਿੱਚ ਆਵਾਰਾ ਕੁੱਤਿਆਂ ਦਾ ਕਹਿਰ ਜਾਰੀ ਹੈ। ਹੁਣ ਜਲੰਧਰ ਤੋਂ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਜਲੰਧਰ ਦਿਹਾਤੀ ਦੇ ਨਕੋਦਰ ਸ਼ਹਿਰ ਦੇ ਪਿੰਡ ਕੰਗ ਸਾਹਬੂ ਵਿੱਚ ਆਪਣੇ ਖੇਤਾਂ ਨੂੰ ਲਾਉਣ ਗਏ 48 ਸਾਲਾ ਵਿਅਕਤੀ ਨੂੰ ਆਵਾਰਾ ਕੁੱਤਿਆਂ ਨੇ ਨੋਚ-ਨੋਚ ਕੇ ਮਾਰ ਦਿੱਤਾ। ਮ੍ਰਿਤਕ ਦੀ ਪਛਾਣ ਹਮੀਰੀ ਖੇੜਾ ਦੇ ਰਹਿਣ ਵਾਲੇ ਜਗਤਾਰ ਰਾਮ ਵਜੋਂ ਹੋਈ ਹੈ।

ਇਸ ਬਾਰੇ ਡੀਐਸਪੀ ਨਕੋਦਰ ਸੁਖਪਾਲ ਸਿੰਘ ਤੇ ਜਾਂਚ ਅਧਿਕਾਰੀ ਜਨਕ ਰਾਜ ਨੇ ਦੱਸਿਆ ਕਿ ਜਗਤਾਰ ਰਾਮ ਸ਼ੁੱਕਰਵਾਰ ਸਵੇਰੇ ਪਿੰਡ ਕੰਗ ਸਾਹਬੂ ਵਿੱਚ ਮੱਕੀ ਦੀ ਫ਼ਸਲ ਨੂੰ ਪਾਣੀ ਲਾ ਰਿਹਾ ਸੀ। ਉਸੇ ਵੇਲੇ ਨੇੜੇ ਦੇ ਹੱਡਾ ਰੋਡੀ ਤੋਂ ਆਵਾਰਾ ਕੁੱਤਿਆਂ ਦੇ ਝੁੰਡ ਨੇ ਉਸ 'ਤੇ ਹਮਲਾ ਕਰ ਦਿੱਤਾ ਤੇ ਉਸ ਨੂੰ ਨੋਚ-ਨੋਚ ਕੇ ਮਾਰ ਦਿੱਤਾ। ਜਗਤਾਰ ਦੀ ਮੌਤ ਦਾ ਪਤਾ ਸ਼ਨੀਵਾਰ ਨੂੰ ਲੱਗਾ।

ਮ੍ਰਿਤਕ ਦੀ ਪਤਨੀ ਨੇ ਪੁਲਿਸ ਨੂੰ ਦੱਸਿਆ ਕਿ ਉਸ ਦਾ ਪਤੀ ਜਗਤਾਰ ਰਾਮ ਚਾਰ ਸਾਲਾਂ ਤੋਂ ਮੀਰਾਪੁਰ ਪਿੰਡ ਦੇ ਇੱਕ ਕਿਸਾਨ ਨਾਲ ਕੰਮ ਕਰਦਾ ਸੀ ਤੇ ਉਸ ਦੀ ਖੇਤੀ ਦੀ ਦੇਖਭਾਲ ਕਰ ਰਿਹਾ ਸੀ। ਕਿਸਾਨ ਉਸ ਦੇ ਪਤੀ ਨੂੰ ਕਾਂਗ ਸਾਹਬੂ ਪਿੰਡ ਵਿੱਚ ਠੇਕੇ ਉਪਰ ਲਈ ਜ਼ਮੀਨ 'ਤੇ ਉਗਾਏ ਮੱਕੀ ਦੀ ਫਸਲ ਨੂੰ ਪਾਣੀ ਲਾਉਣ ਲਈ ਲੈ ਕੇ ਗਿਆ ਸੀ। ਪਤਨੀ ਨੇ ਕਿਹਾ ਕਿ ਨੇੜਲੇ ਹੱਡਾ ਰੋਡੀ ਤੋਂ ਆਵਾਰਾ ਕੁੱਤਿਆਂ ਦੇ ਇੱਕ ਝੁੰਡ ਨੇ ਉਨ੍ਹਾਂ 'ਤੇ ਹਮਲਾ ਕਰਕੇ ਉਸ ਨੂੰ ਮਾਰ ਦਿੱਤਾ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਨਕੋਦਰ ਸਿਵਲ ਹਸਪਤਾਲ ਭੇਜ ਦਿੱਤਾ ਹੈ।

ਦੱਸ ਦਈਏ ਕਿ ਪੰਜਾਬ ਵਿਚ ਲੋਕਾਂ ਨੂੰ ਆਵਾਰਾ ਕੁੱਤਿਆਂ ਦਾ ਕਹਿਰ ਕਰਕੇ ਦਹਿਸ਼ਤ ਫੈਲੀ ਹੋਈ ਹੈ। ਸਰਕਾਰੀ ਅੰਕੜਿਆਂ ਮੁਤਾਬਕ ਸੂਬੇ ਵਿੱਚ ਆਵਾਰਾ ਕੁੱਤਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਸਰਕਾਰੀ ਅੰਕੜਿਆਂ ਮੁਤਾਬਕ 2024 ਵਿਚ ਆਵਾਰਾ ਕੁੱਤਿਆਂ ਵੱਲੋਂ ਵੱਢੇ ਜਾਣ ਦੀਆਂ 22912 ਘਟਨਾਵਾਂ ਵਾਪਰੀਆਂ ਜਦਕਿ 2023 ਦਾ ਅੰਕੜਾ 18680 ਸੀ। ਸਾਲ 2021 ਦੌਰਾਨ ਅਜਿਹੀਆਂ ਸਿਰਫ਼ 582 ਰਿਪੋਰਟਾਂ ਸਰਕਾਰੀ ਰਿਕਾਰਡ ਵਿਚ ਦਰਜ ਹੋਈਆਂ ਸਨ।

ਉਂਝ, ਅਸਲ ਘਟਨਾਵਾਂ ਦੀ ਤਾਦਾਦ ਸਰਕਾਰੀ ਅੰਕੜਿਆਂ ਨਾਲੋਂ ਕਿਤੇ ਵੱਧ ਹੈ। ਇਸ ਵਰ੍ਹੇ ਦੇ ਪਹਿਲੇ ਦੋ ਮਹੀਨਿਆਂ ਦੌਰਾਨ ਆਵਾਰਾ ਕੁੱਤਿਆਂ ਦੇ ਸ਼ਿਕਾਰਾਂ ਦੀ ਗਿਣਤੀ 4682 ਦੱਸੀ ਗਈ ਹੈ ਜੋ 2024 ਵਾਲੇ ਸਾਲਾਨਾ ਅੰਕੜਿਆਂ ਨਾਲੋਂ ਵੀ ਵੱਧ ਮੌਤਾਂ ਹੋਣ ਦੇ ਖ਼ਦਸ਼ੇ ਉਪਜਾਉਂਦੀ ਹੈ। ਸਾਲ 2024 ਦੌਰਾਨ ਦੇਸ਼ ਭਰ ਵਿਚ ਕੁੱਤਿਆਂ ਦੇ ਵੱਢਣ ਦੀਆਂ 22 ਲੱਖ ਦੇ ਕਰੀਬ ਘਟਨਾਵਾਂ ਵਾਪਰੀਆਂ।